ਵੱਡੀ ਖਬਰ! ਸਿੱਖ ਚਿਹਰਾ ਹੀ ਹੋਏਗਾ ਪੰਜਾਬ ਦਾ ਮੁੱਖ ਮੰਤਰੀ!
ਅੰਬਿਕਾ ਸੋਨੀ ਨੇ ਆਪਣੇ ਬਾਰੇ ਰਿਪੋਰਟਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਕਿਸੇ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਦਾ ਸੁਝਾਅ ਦਿੱਤਾ ਹੈ।

ਚੰਡੀਗੜ੍ਹ: ਪੰਜਾਬ ਦਾ ਮੁੱਖ ਮੰਤਰੀ ਕੋਈ ਸਿੱਖ ਚਿਹਰਾ ਹੀ ਹੋਏਗਾ। ਇਸ ਲਈ ਸੁਨੀਲ ਜਾਖੜ, ਅੰਬਿਕਾ ਸੋਨੀ, ਵਿਜੇ ਇੰਦਰ ਸਿੰਗਲਾ ਤੇ ਬ੍ਰਹਮ ਮਹਿੰਦਰਾ ਸੂਚੀ ਵਿੱਚੋਂ ਬਾਹਰ ਹੋ ਗਏ ਹਨ। ਸੂਤਰਾਂ ਮੁਤਾਬਕ ਹਾਈਕਮਾਨ ਹੁਣ ਮਾਝੇ ਦੇ ਦੋ ਸਿੱਖ ਲੀਡਰਾਂ ਵਿੱਚੋਂ ਇੱਕ ਨੂੰ ਮੁੱਖ ਮੰਤਰੀ ਬਣਾ ਸਕਦੀ ਹੈ। ਇਸ ਬਾਰੇ ਐਲਾਨ ਕਿਸੇ ਵੀ ਵੇਲੇ ਹੋ ਸਕਦਾ ਹੈ।
ਅੰਬਿਕਾ ਸੋਨੀ ਨੇ ਆਪਣੇ ਬਾਰੇ ਰਿਪੋਰਟਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਕਿਸੇ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਦਾ ਸੁਝਾਅ ਦਿੱਤਾ ਹੈ। ਇਹ ਵੀ ਚਰਚਾ ਹੈ ਕਿ ਕਿਸੇ ਦਲਿਤ ਸਿੱਖ ਚਿਹਰੇ ਨੂੰ ਅੱਗੇ ਲਿਆਂਦਾ ਜਾ ਸਕਦਾ ਹੈ।
ਦੱਸ ਦਈਏ ਕਿ ਨਵੇਂ ਵਿਧਾਇਕ ਦਲ ਦੇ ਲੀਡਰ ਦੇ ਤੌਰ 'ਤੇ ਨਵਜੋਤ ਸਿੱਧੂ ਤੋਂ ਇਲਾਵਾ ਕਾਂਗਰਸ ਦੀ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਨਾਂ ਚਰਚਾ 'ਚ ਹਨ।
ਹਾਲਾਂਕਿ ਸੁਨੀਲ ਜਾਖੜ ਦੇ ਨਾਂ 'ਤੇ ਕਈ ਵਿਧਾਇਕਾਂ ਨੇ ਇਤਰਾਜ਼ ਜਤਾਇਆ ਹੈ। ਇਨ੍ਹਾਂ ਨਾਵਾਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ, ਬ੍ਰਹਮ ਮਹਿੰਦਰਾ, ਵਿਜੇ ਇੰਦਰ ਸਿੰਗਲਾ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਦੇ ਨਾਵਾਂ ਦੀ ਵੀ ਚਰਚਾ ਹੈ।
ਕੈਪਟਨ ਦੀ ਨਵੇਂ ਰਾਹ ਦੀ ਤਿਆਰੀ
ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਮਗਰੋਂ ਚਰਚਾ ਛਿੜ ਗਈ ਹੈ ਕਿ ਉਹ ਅਗਲੇ ਦਿਨਾਂ ਵਿੱਚ ਵੱਡਾ ਧਮਾਕਾ ਕਰਨਗੇ। ਇਸ ਦੇ ਸੰਕੇਤ ਖੁਦ ਕੈਪਟਨ ਨੇ ਹੀ ਦਿੱਤੇ ਹਨ। ਮੀਡੀਆ ਦੇ ਇੱਕ ਹਿੱਸੇ ਵਿੱਚ ਚਰਚਾ ਹੈ ਕਿ ਉਹ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਹਨ ਜਿਸ ਨਾਲ ਬਹੁਤੇ ਸਿਆਸੀ ਮਾਹਿਰ ਇਤਫਾਕ ਨਹੀਂ ਰੱਖਦੇ। ਉਂਝ ਬੀਜੇਪੀ ਨੇ ਕੈਪਟਨ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ।
ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਮਗਰੋਂ ਸਪਸ਼ਟ ਕਿਹਾ ਹੈ ਕਿ ਉਹ ਫ਼ੌਜੀ ਹਨ ਤੇ ਫ਼ੌਜ ਵਿੱਚ ਟਾਸਕ ਦਿੱਤੇ ਜਾਂਦੇ ਹਨ। ਇੱਕ ਟਾਸਕ ਖ਼ਤਮ ਹੁੰਦਾ ਹੈ ਤਾਂ ਦੂਜਾ ਸ਼ੁਰੂ ਹੋ ਜਾਂਦਾ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦਾ ਸਿਆਸੀ ਜੀਵਨ ਅਜੇ ਖ਼ਤਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਹ ਅਜੇ ਵੀ ਕਾਂਗਰਸ ਵਿਚ ਹੀ ਹਨ ਪਰ ਉਨ੍ਹਾਂ ਲਈ ਸਿਆਸੀ ਰਾਹ ਖੁੱਲ੍ਹੇ ਹੋਏ ਹਨ। ਇਸ ਤੋਂ ਸਪਸ਼ਟ ਹੈ ਕਿ ਕੈਪਟਨ ਅਗਲੇ ਦਿਨਾਂ ਵਿੱਚ ਕੋਈ ਵੱਡਾ ਫੈਸਲਾ ਲੈਣਗੇ।
ਮੰਨਿਆ ਜਾ ਰਿਹਾ ਹੈ ਕਿ ਕੈਪਟਨ ਦਾ ਹੁਣ ਕਾਂਗਰਸ ਵਿੱਚ ਰਹਿਣਾ ਔਖਾ ਹੈ। ਇੱਕ ਪਾਸੇ ਪੰਜਾਬ ਕਾਂਗਰਸ ਵਿੱਚ ਕੈਪਟਨ ਦੇ ਵਿਰੋਧੀ ਧੜੇ ਦੀ ਚੜ੍ਹਤ ਹੈ ਤੇ ਦੂਜੇ ਪਾਸੇ ਹਾਈਕਮਾਨ ਵੀ ਹੁਣ ਕੈਪਟਨ ਦਾ ਸਾਥ ਨਹੀਂ ਦੇ ਰਹੀ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੀ ਕਮਾਨ ਹੁਣ ਨਵਜੋਤ ਸਿੱਧੂ ਦੇ ਹੱਥ ਹੈ ਤੇ ਮੁੱਖ ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਕੈਪਟਨ ਨੂੰ ਸਿਰਫ ਇੱਕ ਵਿਧਾਇਕ ਵਜੋਂ ਸਿੱਧੂ ਨਾਲ ਚੱਲਣਾ ਔਖਾ ਹੋਏਗਾ।
ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਕੈਪਟਨ ਹਾਈਕਾਮਨ ਤੋਂ ਕਾਫੀ ਔਖੇ ਹਨ। ਉਨ੍ਹਾਂ ਕਿਹਾ ਹੈ ਕਿ ਉਹ ਹਾਈ ਕਮਾਨ ਦੇ ਰਵੱਈਏ ਤੋਂ ਅਪਮਾਨਿਤ ਮਹਿਸੂਸ ਕਰ ਰਹੇ ਹਨ ਤੇ ਇਸ ਜ਼ਲਾਲਤ ਦੇ ਚੱਲਦਿਆਂ ਉਨ੍ਹਾਂ ਅਸਤੀਫ਼ਾ ਦੇਣ ਦਾ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਹਾਈ ਕਮਾਨ ਨੇ ਦੋ ਮਹੀਨਿਆਂ ਵਿੱਚ ਅੱਜ ਤੀਜੀ ਵਾਰ ਵਿਧਾਇਕਾਂ ਨੂੰ ਬੁਲਾਇਆ ਜਿਸ ਕਰਕੇ ਉਹ ਆਪਣੇ ਆਪ ਨੂੰ ਬੇਇੱਜ਼ਤ ਹੋਇਆ ਮਹਿਸੂਸ ਕਰਦੇ ਹਨ।






















