ਸਿਮਰਨਜੀਤ ਮਾਨ ਨੂੰ ਪਈਆਂ 35.61% ਵੋਟਾਂ, ਪਾਰਲੀਮੈਂਟ 'ਚ ਪੰਜਾਬੀਆਂ ਦੀ ਆਵਾਜ਼ ਬਣ ਕੇ ਗੂੰਜਣ ਦਾ ਕੀਤਾ ਵਾਅਦਾ
'ਆਪ' ਨੂੰ ਜ਼ਿਮਨੀ ਚੋਣ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆਸੰਗਰੂਰ ਜ਼ਿਮਨੀ ਚੋਣ ਵਿੱਚ ਜੇਤੂ ਰਹੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ ਵਿੱਚ ਪੰਜਾਬੀਆਂ ਦੀ ਆਵਾਜ਼ ਬਣ ਕੇ ਗੂੰਜਣ ਦਾ ਵਾਅਦਾ ਕੀਤਾ ਹੈ।
ਚੰਡੀਗੜ੍ਹ: 'ਆਪ' ਨੂੰ ਜ਼ਿਮਨੀ ਚੋਣ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆਸੰਗਰੂਰ ਜ਼ਿਮਨੀ ਚੋਣ ਵਿੱਚ ਜੇਤੂ ਰਹੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ ਵਿੱਚ ਪੰਜਾਬੀਆਂ ਦੀ ਆਵਾਜ਼ ਬਣ ਕੇ ਗੂੰਜਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਸਿੱਖ ਕੌਮ ਦੇ ਨਾਲ-ਨਾਲ ਹਰ ਵਰਗ ਦੇ ਲੋਕਾਂ ਨੇ ਉਨ੍ਹਾਂ ਨੂੰ ਦਿਲ ਖੋਲ੍ਹ ਕੇ ਵੋਟਾਂ ਪਾ ਕੇ ਸੰਸਦ ਵਿੱਚ ਭੇਜਿਆ ਹੈ। ਉਹ ਹਰ ਵਰਗ ਦੀਆਂ ਮੁਸ਼ਕਲਾਂ ਦੇ ਹੱਲ ਤੇ ਸੰਗਰੂਰ ਜ਼ਿਲ੍ਹੇ ਦੀ ਤਰੱਕੀ ਲਈ ਪੂਰੀ ਵਾਹ ਲਾਉਣਗੇ।
ਸਿਮਰਨਜੀਤ ਮਾਨ ਨੂੰ ਯਾਨੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ 35.61% ਵੋਟਾਂ ਪਈਆਂ ਹਨ, ਇਸ ਦੇ ਨਾਲ ਹੀ 'ਆਪ' ਨੂੰ 34.79 %, ਕਾਂਗਰਸ ਨੂੰ 11.21% ,ਬੀਜੇਪੀ ਨੂੰ 9.33 % ਅਤੇ ਅਕਾਲੀ ਦਲ ਬਾਦਲ ਨੂੰ 6.25% ਹੀ ਵੋਟ ਪਏ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੁੰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਜਿੱਤ ਦੀ ਵਧਾਈ ਦਿੱਤੀ ਤੇ ਉਹਨਾਂ ਨੂੰ ਪਾਰਟੀ ਵੱਲੋਂ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਸਹੀ ਲੋਕਤੰਤਰੀ ਭਾਵਨਾ ਮੁਤਾਬਕ ਦਿੱਤੇ ਲੋਕਾਂ ਦੇ ਫਤਵੇ ਅੱਗੇ ਸੀਸ ਨਿਵਾਉਂਦੇ ਹਾਂ ਤੇ ਸਾਨੂੰ ਵਿਸ਼ਵਾਸ ਹੈ ਕਿ ਸਰਦਾਰ ਮਾਨ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੀ ਸੰਸਦ ਵਿਚ ਆਵਾਜ਼ ਬੁਲੰਦ ਕਰਨਗੇ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਸੰਸਦੀ ਜ਼ਿਮਨੀ ਚੋਣ ਸਿਧਾਂਤਾ ਦੇ ਆਧਰਾ ’ਤੇ ਲੜੀ ਸੀ ਤੇ ਪਾਰਟੀ ਸਿਧਾਂਤਾਂ ਲਈ ਹਮੇਸ਼ਾ ਡਟੀ ਰਹੇਗੀ। ਉਹਨਾਂ ਕਿਹਾ ਕਿ ਅਸੀਂ ਸਾਰੀਆਂ ਪੰਥਕ ਧਿਰਾਂ ਦੇ ਨਾਲ ਰਲ ਕੇ ਬੰਦੀ ਸਿੰਘਾਂ ਦੇ ਪਰਿਵਾਰ ਵਿਚੋਂ ਉਮੀਦਵਾਰ ਖੜ੍ਹਾ ਕੀਤਾ ਸੀ। ਉਹਨਾਂ ਕਿਹਾ ਕਿ ਇਹ ਇਕ ਸਿਧਾਂਤਕ ਲੜਾਈ ਸੀ। ਅਸੀਂ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਬਿਨਾਂ ਪੈਰੋਲ ਤੋਂ 28 ਸਾਲਾਂ ਤੋਂ ਜੇਲ੍ਹ ਵਿਚ ਬੰਦ ਹਨ, ਸਮੇਤ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਜਾਰੀ ਰੱਖਾਂਗੇ। ਉਹਨਾਂ ਕਿਹਾ ਕਿ ਇਕ ਹੋਰ ਬੰਦੀ ਸਿੰਘ ਦਵਿੰਦਰਪਾਲ ਸਿੰਘ ਭੁੱਲਰ ਜਿਹਨਾਂ ਦੀ ਰਿਹਾਈ ਲਈ ਪ੍ਰਵਾਨਗੀ ਮਿਲਣ ਦੇ ਬਾਵਜੂਦ ਵੀ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ 7 ਮਹੀਨਿਆਂ ਤੋਂ ਰਿਹਾਈ ਦਸਤਾਵੇਜ਼ਾਂ ’ਤੇ ਹਸਤਾਖ਼ਰ ਨਾ ਕਰਨ ਕਾਰਨ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ।