ਹੋਲੇ ਮੁਹੱਲੇ ਲਈ ਟਰੈਫਿਕ ਵਿਵਸਥਾ ਸੁਚਾਰੂ , ਬਦਲਵੇਂ ਰੂਟ ਜਾਰੀ, ਡਰੋਨ ਕੈਮਰਿਆਂ 'ਤੇ ਪਾਬੰਦੀ
ਹੋਲੇ ਮੁਹੱਲੇ ਦਾ ਇਤਿਹਾਸਕ ਤਿਉਹਾਰ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਿਤੀ 14 ਤੋ 19 ਮਾਰਚ ਤੱਕ ਮਨਾਇਆ ਜਾ ਰਿਹਾ ਹੈ।
ਸ੍ਰੀ ਅਨੰਦਪੁਰ ਸਾਹਿਬ: ਹੋਲੇ ਮੁਹੱਲੇ (Hola Mohalla) ਦਾ ਇਤਿਹਾਸਕ ਤਿਉਹਾਰ ਸ੍ਰੀ ਕੀਰਤਪੁਰ ਸਾਹਿਬ (Sri Kiratpur Sahib) ਅਤੇ ਸ੍ਰੀ ਅਨੰਦਪੁਰ ਸਾਹਿਬ (Sri Anandpur Sahib0 ਵਿਖੇ ਮਿਤੀ 14 ਤੋ 19 ਮਾਰਚ ਤੱਕ ਮਨਾਇਆ ਜਾ ਰਿਹਾ ਹੈ।ਹੋਲੇ ਮੁਹੱਲੇ ਮੌਕੇ ਸ਼ਰਧਾਲੂਆਂ ਤੇ ਸੰਗਤਾਂ ਦੀ ਭਾਰੀ ਆਮਦ ਨੂੰ ਵੇਖਦੇ ਹੋਏ ਟਰੈਫਿਕ ਦੇ ਸੁਚਾਰੂ ਅਤੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। 4500 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਸਮੁੱਚੇ ਮੇਲਾ ਖੇਤਰ ਦੀ ਨਿਗਰਾਨੀ ਕਰਨਗੇ। ਇਸ ਦੇ ਲਈ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਵੱਖ ਵੱਖ ਸੈਕਟਰਾਂ ਵਿਚ ਵੰਡ ਕੇ ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਇਹ ਜਾਣਕਾਰੀ ਸੁਪਰਡੈਂਟ ਪੁਲਿਸ ਪੀ.ਬੀ.ਆਈ ਰੂਪਨਗਰ ਕਮ ਮੇਲਾ ਅਫਸਰ ਪੁਲਿਸ ਸ.ਜਗਜੀਤ ਸਿੰਘ ਜੱਲਾ ਨੇ ਅੱਜ ਟਰੈਫਿਕ ਦੇ ਪ੍ਰਬੰਧਾਂ ਅਤੇ ਬਦਲਵੇ ਰੂਟ ਬਾਰੇ ਵੇਰਵੇ ਦੇਣ ਸਮੇਂ ਦਿੱਤੀ। ਉਨ੍ਹਾਂ ਨੇ ਸਮੁੱਚੇ ਮੇਲਾ ਖੇਤਰ ਵਿਚ ਸ਼ਰਧਾਲੂਆ ਦੇ ਦਾਖਲ ਹੋਣ ਅਤੇ ਬਾਹਰੋਂ ਆਉਣ ਵਾਲੇ ਟਰੈਫਿਕ ਨੂੰ ਮੇਲਾ ਖੇਤਰ ਤੋਂ ਬਾਹਰ ਵਾਰ ਬਦਲਵੇ ਰੂਟ ਰਾਹੀ ਸੁਵਿਧਾ ਜਨਕ ਤਰੀਕੇ ਨਾਲ ਆਉਣ ਜਾਉਣ ਬਾਰੇ ਤਿਆਰ ਰੂਟ ਪਲਾਨ ਦਾ ਇੱਕ ਨਕਸ਼ਾ ਵੀ ਆਮ ਲੋਕਾਂ ਦੀ ਸੁਵਿਧਾ ਲਈ ਜਾਰੀ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਹੋਲਾ ਮਹੱਲਾ ਦੇ ਤਿਉਹਾਰ ਮੌਕੇ 14 ਮਾਰਚ ਤੋ 19 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਸੁਚਾਰੂ ਟਰੈਫਿਕ ਵਿਵਸਥਾ ਕੀਤੀ ਗਈ ਹੈ, ਉੱਥੇ ਉਨਾ-ਨੰਗਲ ਤੋਂ ਰੂਪਨਗਰ, ਹਿਮਾਚਲ ਪ੍ਰਦੇਸ਼ ਦੇ ਸ਼ਹਿਰਾਂ ਨਾਲਾਗੜ੍ਹ, ਬੱਦੀ, ਬਿਲਾਸਪੁਰ ਅਤੇ ਮਨਾਲੀ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਟਰੈਫਿਕ ਤੋਂ ਬਚਾਓ ਲਈ ਬਦਲਵੇਂ ਰੂਟ ਬਣਾ ਦਿੱਤੇ ਗਏ ਹਨ, ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਏ।
ਪੁਲਿਸ ਕੰਟਰੋਲ ਰੂਮ, ਪੁਲਿਸ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਥਾਪਿਤ ਕੀਤਾ ਗਿਆ ਹੈ ਜਿਸਦਾ ਟੈਲੀਫੂਨ ਨੰਬਰ 01887-233027 ਹੈ, ਸਿਵਲ ਕੰਟਰੋਲ ਰੂਮ ਵੀ ਇਸੇ ਸਥਾਨ ਤੇ ਸਥਾਪਿਤ ਹੈ ਜਿਸ ਦਾ ਟੈਲੀਫੋਨ ਨੰਬਰ: 01887-232015 ਹੈ। ਕੀਰਤਪੁਰ ਸਾਹਿਬ ਵਿਚ ਸਥਿਤ ਸਿਵਲ ਕੰਟਰੋਲ ਰੂਮ ਜਿਸ ਦਾ ਨੰਬਰ 01887-238087 ਹੈ। ਇਹ ਕੰਟਰੋਲ ਰੂਮ 24/7 ਕਾਰਜਸ਼ਾਲੀ ਰਹਿਣਗੇ। ਉਨ੍ਹਾਂ ਨੇ ਦੱਸਿਆ ਕਿ ਕੀਰਤਪੁਰ ਸਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ 14 ਤੋਂ 19 ਮਾਰਚ ਤੱਕ ਮਨਾਏ ਜਾ ਰਹੇ ਤਿਉਹਾਰ ਹੋਲਾ-ਮਹੱਲਾ ਦੇ ਸਮਾਗਮਾਂ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵੱਲੋਂ ਟਰੈਫਿਕ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਨੇ ਦੱਸਿਆ ਕਿ ਰੂਪਨਗਰ ਤੋ ਨੰਗਲ ਆਉਣ ਜਾਣ ਵਾਲੀ ਟਰੈਫਿਕ ਬੁੰਗਾ ਸਾਹਿਬ-ਗੜ੍ਹਸ਼ੰਕਰ-ਨੰਗਲ ਮਾਰਗ ਰਾਹੀ ਵਾਇਆ ਨੂਰਪੁਰ ਬੇਦੀ-ਝੱਜ ਚੋਂਕ-ਕਲਵਾਂ ਮੋੜ ਰਸਤੇ ਰਾਹੀ ਡਾਈਵਰਟ ਕੀਤੀ ਗਈ ਹੈ।
ਜਿਹੜੇ ਵਾਹਨ ਰੂਪਨਗਰ ਤੋ ਗੜ੍ਹਸ਼ੰਕਰ ਜਾਂ ਨੰਗਲ ਜਾਣਗੇ ਉਹ ਬਿਨਾ ਮੇਲਾ ਖੇਤਰ ਵਿਚ ਦਾਖਲ ਹੋਏ ਵਾਇਆ ਨੂਰਪੁਰ ਬੇਦੀ- ਝੱਜ ਚੋਂਕ-ਕਲਵਾਂ ਮੋੜ ਰਸਤੇ ਰਾਹੀ ਆਉਣਗੇ ਤੇ ਜਾਣਗੇ। ਇਸੇ ਤਰ੍ਹਾਂ ਰੂਪਨਗਰ ਤੋਂ ਹਿਮਾਚਲ ਪ੍ਰਦੇਸ਼ ਦੇ ਸ਼ਹਿਰਾਂ ਬਿਲਾਸਪੁਰ-ਮਨਾਲੀ ਜਾਣ ਲਈ ਯਾਤਰੀਆਂ ਨੂੰ ਵਾਇਆ ਘਨੌਲੀ-ਨਾਲਾਗੜ੍ਹ-ਦੇਹੜੀ-ਸਵਾਰਘਾਟ ਦਾ ਬਦਲਵਾ ਰੂਟ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਰਧਾਲੂ/ਸੰਗਤਾਂ ਮੇਲਾ ਖੇਤਰ ਵਿਚ ਸਿੱਧੇ ਰੂਟ ਰਾਹੀ ਆ ਜਾ ਸਕਦੇ ਹਨ, ਜਦੋਂ ਕਿ ਬਦਲਵੇ ਰੂਟ ਬਾਹਰਲੇ ਜਿਲ੍ਹਿਆਂ ਤੋਂ ਆਉਣ ਜਾਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਸੜਕਾਂ ਦਾ ਮੁਆਇਨਾ ਕਰਕੇ, ਵਿਸੇਸ ਰੂਟ ਪਲਾਨ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਆਮ ਲੋਕਾਂ ਨੂੰ ਹਰ ਤਰਾਂ ਦੀ ਖੱਜਲ ਖੁਆਰੀ ਤੋਂ ਬਚਾਉਣ ਲਈ ਇਹ ਢੁਕਵੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਰੂਟ ਪਲਾਨ ਅਨੁਸਾਰ ਲੋਕ ਆਉਣ ਜਾਣ ਤਾ ਜੋਂ ਉਨ੍ਹਾਂ ਨੂੰ ਕਿਸੇ ਤਰਾਂ ਦੀ ਵੀ ਅਸੁਵਿਧਾ ਨਾ ਹੋਵੇ।
ਜਿਲ੍ਹਾ ਮੈਜਿਸਟ੍ਰੇਟ ਰੂਪਨਗਰ ਨੇ ਫੋਜਦਾਰੀ ਦੰਡ ਸੰਘਤਾ 1973(2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਹੋਲੇ ਮੁਹੱਲੇ ਦੇ ਤਿਉਹਾਰ ਮੌਕੇ 14/03/2022 ਤੋ 19/03/2022 ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਏਰੀਏ ਵਿਚ ਡਰੋਨ ਕੈਮਰੇ ਉਡਾਉਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।