ਰਾਖਵਾਂਕਰਨ ਤੋੜਨਾ ਹੈ ਤਾਂ ਗ਼ਰੀਬਾਂ-ਦਲਿਤਾਂ ਨਾਲ ਰੋਟੀ ਤੇ ਬੇਟੀ ਦੀ ਸਾਂਝ ਜ਼ਰੂਰੀ: ਮਾਣੂੰਕੇ
ਮਾਣੂੰਕੇ ਨੇ ਕਿਹਾ ਕਿ ਰਾਖਵੇਂਕਰਨ ਅਤੇ ਕਾਬਲੀਅਤ ਦੇ ਸਹਾਰੇ ਜੋ ਦੱਬੇ-ਕੁਚਲੇ ਉੱਪਰ ਉੱਠੇ ਹਨ, ਉਨ੍ਹਾਂ ਨੂੰ ਵੀ ਬਰਾਬਰਤਾ ਵਾਲਾ ਮਾਹੌਲ ਨਹੀਂ ਮਿਲ ਰਿਹਾ। ਮਾਣੂੰਕੇ ਨੇ ਕਿਹਾ ਕਿ ਜੇਕਰ ਰਾਖਵਾਂਕਰਨ ਤੋੜਨਾ ਚਾਹੁੰਦੇ ਹੋ ਤਾਂ ਗ਼ਰੀਬਾਂ-ਦਲਿਤਾਂ ਨਾਲ ਰੋਟੀ ਅਤੇ ਬੇਟੀ ਦੀ ਸਾਂਝ ਬਣਾਈ ਜਾਵੇ।
ਚੰਡੀਗੜ੍ਹ: ਸੰਵਿਧਾਨ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਜਗਰਾਓ ਤੋਂ ‘ਆਪ’ ਵਿਧਾਇਕਾ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸੰਵਿਧਾਨ ਦੇ ਰਚੇਤਾ ਡਾ. ਬੀ.ਆਰ. ਅੰਬੇਡਕਰ ਨੇ ਦਲਿਤਾਂ ਤੇ ਪਛੜਿਆਂ ਨੂੰ ਰਾਖਵਾਂਕਰਨ ਦਾ ਅਧਿਕਾਰ ਦਿੰਦੇ ਹੋਏ ਸਪੱਸ਼ਟ ਕਿਹਾ ਸੀ ਕਿ ਜਦ ਤੱਕ ਦਲਿਤ ਬਾਕੀਆਂ ਦੇ ਬਰਾਬਰ ਨਹੀਂ ਆ ਜਾਂਦੇ ਉਦੋਂ ਤੱਕ ਰਾਖਵਾਂਕਰਨ ਜ਼ਰੂਰੀ ਹੈ, ਪਰ ਕੁੱਝ ਤਾਕਤਾਂ ਸਮਾਜ ‘ਚ ਇਹ ਕਹਿ ਕੇ ਨਫ਼ਰਤ ਦਾ ਮਾਹੌਲ ਪੈਦਾ ਕਰ ਰਹੇ ਹਨ ਕਿ ਜੇਕਰ ਅੱਜ ਭਾਰਤ ਦੀ ਤਰੱਕੀ ਨਹੀਂ ਹੋਈ ਤਾਂ ਉਸ ਲਈ ਸਿਰਫ਼ ਤੇ ਸਿਰਫ਼ ਰਾਖਵਾਂਕਰਨ ਜ਼ਿੰਮੇਵਾਰ ਹੈ।
ਮਾਣੂੰਕੇ ਨੇ ਸਪੀਕਰ ਰਾਹੀਂ ਸਦਨ ਨੂੰ ਸਵਾਲ ਕੀਤਾ ਕਿ ਦੇਸ਼ ਦੇ 14 ਰਾਸ਼ਟਰਪਤੀਆਂ, 15 ਪ੍ਰਧਾਨ ਮੰਤਰੀਆਂ, 43 ਚੀਫ਼ ਜਸਟਿਸਾਂ ਅਤੇ 19 ਮੁੱਖ ਚੋਣ ਕਮਿਸ਼ਨਰਾਂ ‘ਚ ਕਿੰਨੇ ਰਾਖਵੇਂਕਰਨ (ਐਸਸੀ) ਨਾਲ ਸੰਬੰਧਿਤ ਹਨ? ਇਸੇ ਤਰਾਂ ਲੱਖਾਂ ਕਰੋੜਾਂ ਦੇ ਘੋਟਾਲੇ ਕਰਨ ਵਾਲਿਆਂ ‘ਚ ਕਿੰਨੇ ਦਲਿਤ ਸਨ? ਰਾਖਵੇਂਕਰਨ ਨਾਲ ਸੰਬੰਧਿਤ ਕਿੰਨੇ ਕਾਰਪੋਰੇਟ ਘਰਾਣੇ ਹਨ, ਜਿੰਨਾ ਕਰ ਕੇ ਦੇਸ਼ ‘ਚ ਆਰਥਿਕ ਸੰਕਟ ਪੈਦਾ ਹੋਇਆ? ਬਲੈਕ ਮਨੀ ਅਤੇ ਬੈਂਕਾਂ ਦਾ ਪੈਸਾ ਲੈ ਕੇ ਭੱਜਣ ਵਾਲਿਆਂ ‘ਚ ਕਿੰਨੇ ਰਾਖਵੇਂਕਰਨ ਵਰਗ ਨਾਲ ਸਬੰਧਿਤ ਹਨ?
ਮਾਣੂੰਕੇ ਨੇ ਕਿਹਾ ਕਿ ਰਾਖਵੇਂਕਰਨ ਅਤੇ ਕਾਬਲੀਅਤ ਦੇ ਸਹਾਰੇ ਜੋ ਦੱਬੇ-ਕੁਚਲੇ ਉੱਪਰ ਉੱਠੇ ਹਨ, ਉਨ੍ਹਾਂ ਨੂੰ ਵੀ ਬਰਾਬਰਤਾ ਵਾਲਾ ਮਾਹੌਲ ਨਹੀਂ ਮਿਲ ਰਿਹਾ। ਮਾਣੂੰਕੇ ਨੇ ਕਿਹਾ ਕਿ ਜੇਕਰ ਰਾਖਵਾਂਕਰਨ ਤੋੜਨਾ ਚਾਹੁੰਦੇ ਹੋ ਤਾਂ ਗ਼ਰੀਬਾਂ-ਦਲਿਤਾਂ ਨਾਲ ਰੋਟੀ ਅਤੇ ਬੇਟੀ ਦੀ ਸਾਂਝ ਬਣਾਈ ਜਾਵੇ। ਗ਼ਰੀਬਾਂ ਦੇ ਬੱਚਿਆਂ ਨੂੰ ਪੜਾਈ ਅਤੇ ਮੌਕਿਆਂ ਲਈ ਬਰਾਬਰਤਾ ਯਕੀਨੀ ਬਣਾਈ ਜਾਵੇ। ਗੈਰ-ਜ਼ਰੂਰੀ ਨਫ਼ਰਤ ਪੈਦਾ ਕਰਨ ਲਈ ਸਿੱਖਿਆ ਨੀਤੀ ਕਾਫ਼ੀ ਜ਼ਿੰਮੇਵਾਰ ਹੈ। ਉਨ੍ਹਾਂ ਸਕੂਲਾਂ ‘ਚ ਸਰਬ ਧਰਮ ਸਿੱਖਿਆ ਦੇ ਨਾਲ-ਨਾਲ ਭਾਰਤੀ ਸੰਵਿਧਾਨ ਦੀ ਪੜਾਈ ਅਤੇ ਸਕੂਲਾਂ ‘ਚ ਬਾਬਾ ਸਾਹਿਬ ਦੀ ਫ਼ੋਟੋ ਜ਼ਰੂਰੀ ਕੀਤੀ ਜਾਵੇ।