ਪੰਜਾਬ ਦੇ ਬਦਨਾਮ ਪਿੰਡ ਜਿੱਥੇ ਵਹਿੰਦੇ ਗ਼ੈਰਕਾਨੂੰਨੀ ਸ਼ਰਾਬ ਦੇ ਦਰਿਆ, ਕਈ ਲੋਕਾਂ ਦੀ ਮੌਤ, ਪੁਲਿਸ 'ਤੇ ਉੱਠੇ ਸਵਾਲ
ਪਿੰਡ ਮੁੱਛਲ 'ਚ ਵੀਰਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਮਗਰੋਂ ਪੰਜਾਬ ਦੇ ਲੋਕਾਂ ਦੀ ਮੌਤ ਹੋ ਗਈ ਜਿਸ ਮਗਰੋਂ ਸ਼ੁੱਕਰਵਾਰ ਨੂੰ ਨੇੜਲੇ ਕਈ ਹੋਰ ਪਿੰਡਾਂ 'ਚ ਵੀ 16 ਲੋਕਾਂ ਨੇ ਜ਼ਹਿਰੀਲੀ ਸ਼ਰਾਬ ਪੀ ਕੇ ਜਾਨ ਗੁਆ ਲਈ।
ਅੰਮ੍ਰਿਤਸਰ:ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 33 ਲੋਕਾਂ ਦੀ ਮੌਤ ਹੋ ਗਈ ਹੈ।ਇਸ 'ਚ 16 ਮੌਤਾਂ ਤਰਨਤਾਰਨ ਤੋਂ ਹੀ ਹਨ।ਜ਼ਿਲ੍ਹਾ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 33 ਲੋਕ ਜਾਨ ਗੁਆ ਚੁੱਕੇ ਹਨ।ਪਿੰਡ ਮੁੱਛਲ 'ਚ ਵੀਰਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਮਗਰੋਂ ਪੰਜ ਲੋਕਾਂ ਦੀ ਮੌਤ ਹੋ ਗਈ ਜਿਸ ਮਗਰੋਂ ਸ਼ੁੱਕਰਵਾਰ ਨੂੰ ਨੇੜਲੇ ਕਈ ਹੋਰ ਪਿੰਡਾਂ 'ਚ ਵੀ 16 ਲੋਕਾਂ ਨੇ ਜ਼ਹਿਰੀਲੀ ਸ਼ਰਾਬ ਪੀ ਕੇ ਜਾਨ ਗੁਆ ਲਈ। ਮ੍ਰਿਤਕਾਂ ਦੇ ਪਰਿਵਾਰਾਂ ਨੇ ਪੁਲਿਸ ਨੂੰ ਸੂਚਿਤ ਕੀਤੇ ਬਿਨ੍ਹਾਂ ਹੀ ਕਈਆਂ ਦਾ ਸਸਕਾਰ ਕਰ ਦਿੱਤਾ।
ਪੀੜਤ ਪਰਿਵਾਰਾ ਨੇ ਹੁਣ ਦੋਸ਼ ਲਾਇਆ ਹੈ ਕਿ ਪਿੰਡ ਮੁੱਛਲ 'ਚ ਕਈ ਪਰਿਵਾਰ ਦੇਸੀ ਸ਼ਰਾਬ ਘਰੇ ਕੱਢ ਕੇ ਵੇਚਦੇ ਹਨ। ਸਬ ਇੰਸਪੈਕਟਰ ਅਨੂਪ ਸਿੰਘ ਨੇ ਦੱਸਿਆ ਕਿ ਪੁਲਿਸ ਪੀੜਤਾਂ ਦੇ ਬਿਆਨ ਲੈ ਰਹੀ ਹੈ। ਮੁੱਛਲ ਪਿੰਡ ਦੀ ਵਸਨੀਕ ਜਗੀਰ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਸ਼ਰਾਬ ਪੀ ਰਿਹਾ ਸੀ। ਉਸ ਨੇ ਮੰਗਲਵਾਰ ਨੂੰ ਕਾਫ਼ੀ ਸ਼ਰਾਬ ਪੀਤੀ। ਦੇਰ ਰਾਤ ਉਸ ਦੀ ਸਿਹਤ ਵਿਗੜ ਗਈ ਜਿਸ ਤੋਂ ਬਾਅਦ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ।
ਵੀਰਵਾਰ ਨੂੰ ਦਮ ਤੋੜਨ ਵਾਲੇ ਮ੍ਰਿਤਕਾਂ ਦੀ ਪਛਾਣ ਦਲਬੀਰ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮੰਗਲ ਸਿੰਘ ਤੇ ਬਲਦੇਵ ਸਿੰਘ ਵਜੋਂ ਹੋਈ ਹੈ। ਇਨ੍ਹਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਚਾਰਾਂ ਨੇ ਮੰਗਲਵਾਰ ਨੂੰ ਪਿੰਡ ਵਿੱਚ ਸ਼ਰਾਬ ਪੀਤੀ ਸੀ। ਸਭ ਦੀ ਬੁੱਧਵਾਰ ਨੂੰ ਮੌਤ ਹੋ ਗਈ।
ਪੀੜਤ ਪਰਿਵਾਰਾਂ ਨੇ ਦੋਸ਼ ਲਾਇਆ ਕਿ ਪੁਲਿਸ ਦੀ ਮਿਲੀਭੁਗਤ ਨਾਲ ਪਿੰਡ ਵਿੱਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ। ਇੱਥੇ 30 ਤੋਂ ਵੱਧ ਘਰ ਗ਼ੈਰਕਾਨੂੰਨੀ ਢੰਗ ਨਾਲ ਸ਼ਰਾਬ ਦਾ ਕਾਰੋਬਾਰ ਕਰ ਰਹੇ ਹਨ। ਸਸਤੀ ਸ਼ਰਾਬ ਦੇ ਚੱਕਰ 'ਚ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਿਆ ਜਾ ਰਿਹਾ ਹੈ।
ਪਿਛਲੇ ਦਿਨ ਤਰਨ ਤਾਰਨ ਦੇ ਰਤਨੌਲ ਪਿੰਡ ਵਿੱਚ ਵੀ ਨਜਾਇਜ਼ ਦੇਸੀ ਸ਼ਰਾਬ ਪੀਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇੱਕ ਵਿਅਕਤੀ ਦੀ ਨਜ਼ਰ ਚਲੀ ਗਈ। ਇੱਥੋਂ ਦੇ ਪਰਿਵਾਰਾਂ ਨੇ ਵੀ ਪੁਲਿਸ ਨੂੰ ਦੱਸੇ ਬਿਨਾਂ ਮ੍ਰਿਤਕ ਦੇਹਾਂ ਦਾ ਸਸਕਾਰ ਕਰ ਦਿੱਤਾ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਤੇ ਮੈਜਿਸਟਰੀਅਲ ਜਾਂਚ ਦੇ ਆਦੇਸ਼ ਦਿੱਤੇ ਹਨ। ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।