ਅਸਤੀਫ਼ੇ 'ਤੇ ਅੜੇ ਡਾ. ਰਾਜ ਬਹਾਦੁਰ, ਦੂਜੀ ਵਾਰ ਸੀਐਮ ਮਾਨ ਦੀ ਬੇਨਤੀ ਠੁਕਰਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀਸੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਡਾ: ਰਾਜ ਬਹਾਦਰ ਨੂੰ ਰੋਕਣਾ ਚਾਹੁੰਦੇ ਹਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀਸੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਡਾ: ਰਾਜ ਬਹਾਦਰ ਨੂੰ ਰੋਕਣਾ ਚਾਹੁੰਦੇ ਹਨ ਪਰ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਵਤੀਰੇ ਤੋਂ ਦੁਖੀ ਡਾ: ਰਾਜ ਬਹਾਦਰ ਨੇ ਮੁੱਖ ਮੰਤਰੀ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ। ਉਸਨੇ ਦੂਜੀ ਵਾਰ ਅਸਤੀਫ਼ਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਮਤਭੇਦ ਸਾਹਮਣੇ ਆਉਣ ਲੱਗੇ ਹਨ।
ਜਿੱਥੇ ਮੁੱਖ ਮੰਤਰੀ ਡਾ: ਰਾਜ ਬਹਾਦਰ ਪ੍ਰਤੀ ਹਾਂ-ਪੱਖੀ ਰਵੱਈਆ ਅਪਣਾ ਰਹੇ ਹਨ, ਉੱਥੇ ਹੀ ਪੰਜਾਬ 'ਆਪ' ਦੇ ਆਗੂ ਸਿਹਤ ਮੰਤਰੀ ਦੇ ਬਚਾਅ 'ਚ ਇਕਜੁੱਟ ਹੋ ਗਏ ਹਨ | ਸੀਐਮਓ ਦੇ ਇੱਕ ਸੀਨੀਅਰ ਅਧਿਕਾਰੀ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਦੂਜੀ ਵਾਰ ਡਾ: ਰਾਜ ਬਹਾਦਰ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਅਸਤੀਫ਼ਾ ਵਾਪਸ ਲੈਣ ਲਈ ਕਿਹਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ ਸਨਮਾਨ ਨੂੰ ਠੇਸ ਨਹੀਂ ਲੱਗਣ ਦਿੱਤੀ ਜਾਵੇਗੀ।
ਮਾਨ ਨੇ ਇਸ ਪੂਰੇ ਘਟਨਾਕ੍ਰਮ ਲਈ ਸਿਹਤ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਸਪੱਸ਼ਟ ਕਿਹਾ ਕਿ ਇਸ ਮਾਮਲੇ ਨੂੰ ਸਹੀ ਢੰਗ ਨਾਲ ਹੱਲ ਕੀਤਾ ਜਾ ਸਕਦਾ ਸੀ। ਇਹੀ ਕਾਰਨ ਹੈ ਕਿ ਮਾਨ ਨੇ ਆਪਣਾ ਪੱਖ ਪੇਸ਼ ਕਰਨ ਆਏ ਸਿਹਤ ਮੰਤਰੀ ਨੂੰ ਮਿਲਣ ਦਾ ਸਮਾਂ ਵੀ ਨਹੀਂ ਦਿੱਤਾ। ਦੂਜੇ ਪਾਸੇ IMA ਨੇ ਸਿਹਤ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਮਾਨ ਸਰਕਾਰ 'ਤੇ ਦਬਾਅ ਵਧਾ ਦਿੱਤਾ ਹੈ।
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਸਿਹਤ ਮੰਤਰੀ ਦੇ ਹੱਕ ਵਿੱਚ ਡੈਮੇਜ ਕੰਟਰੋਲ ਦੀਆਂ ਕੋਸ਼ਿਸ਼ਾਂ ਕੀਤੀਆਂ। ਪਾਰਟੀ ਨੇ ਕਿਹਾ ਕਿ ਇਹ ਵਿਵਾਦ ਮੰਦਭਾਗਾ ਹੈ ਪਰ ‘ਆਪ’ ਸਰਕਾਰ ਸਿਹਤ ਸੇਵਾਵਾਂ ਵਿੱਚ ਢਿੱਲ ਬਰਦਾਸ਼ਤ ਨਹੀਂ ਕਰੇਗੀ। ਪਾਰਟੀ ਅਤੇ ਇਸ ਦੇ ਕੁਝ ਮੰਤਰੀਆਂ ਨੇ ਕਿਹਾ ਕਿ ਜੌੜਾ ਮਾਜਰਾ ਦਾ ਮਕਸਦ ਸਰਕਾਰੀ ਹਸਪਤਾਲਾਂ ਵਿੱਚ ਗਰੀਬਾਂ ਲਈ ਬਿਹਤਰ ਸਹੂਲਤਾਂ ਨੂੰ ਯਕੀਨੀ ਬਣਾਉਣਾ ਸੀ, ਇਸ ਤੋਂ ਵੱਧ ਕੁਝ ਨਹੀਂ।