Sacrilege cases : ਬੇਅਦਬੀ ਦੇ ਮੁੱਦੇ ਤੇ ਸੁਖਬੀਰ ਬਾਦਲ ਨੇ ਘੇਰੀ ਭਗਵੰਤ ਮਾਨ ਸਰਕਾਰ, ਲੌਂਗੋਵਾਲ 'ਚ ਦਿੱਤਾ ਆਹ ਵੱਡਾ ਬਿਆਨ
Sukhbir Badal ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਿੱਖ ਸੰਸਥਾਵਾਂ, ਸਿੱਖ ਆਗੂਆਂ ਤੇ ਸਿੱਖ ਰਵਾਇਤਾਂ ਨੂੰ ਬਦਨਾਮ ਤੇ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚਣ ਵਾਲੀਆਂ ਪੰਜਾਬ ਵਿਰੋਧੀ...
Beadbi Case : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਿੱਖ ਸੰਸਥਾਵਾਂ, ਸਿੱਖ ਆਗੂਆਂ ਤੇ ਸਿੱਖ ਰਵਾਇਤਾਂ ਨੂੰ ਬਦਨਾਮ ਤੇ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚਣ ਵਾਲੀਆਂ ਪੰਜਾਬ ਵਿਰੋਧੀ ਤੇ ਪੰਥ ਵਿਰੋਧੀ ਤਾਕਤਾਂ ਨੂੰ ਹਰਾਉਣ ਲਈ ਫੈਸਲਾਕੁੰਨ ਤੇ ਇਕਜੁੱਟ ਹੋ ਕੇ ਲੜਾਈ ਲੜਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਅਕਾਲੀ ਦਲ ’ਤੇ ਵਹਿਸ਼ੀਆਨਾ ਹਮਲੇ ਦਾ ਮੁੱਖ ਮਕਸਦ ਖਾਲਸਾ ਪੰਥ ਦੀ ਨਿਆਰੀ ਤੇ ਵੱਖਰੀ ਪਛਾਣ ਨੂੰ ਖੋਰਾ ਲਾਉਣਾ ਤੇ ਤਬਾਹ ਕਰਨਾ ਹੈ।
ਬਾਦਲ ਨੇ ਦੱਸਿਆ ਕਿ ਕਿਵੇਂ ਇਹਨਾਂ ਤਾਕਤਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਕੀਤਾ ਹੈ। ਉਹਨਾਂ ਨੇ ਹਰਿਆਣਾ ਗੁਰਦੁਆਰਾ ਕਮੇਟੀ ਦੀ ਮੀਟਿੰਗ ਤੋਂ ਸਾਹਮਣੇ ਆਈਆਂ ਵੀਡੀਓ ’ਤੇ ਵੀ ਖੇਦ ਪ੍ਰਗਟਾਇਆ ਜਿਸ ਵਿਚ ਮੈਂਬਰ ਇਕ ਦੂਜੇ ਨੂੰ ਮੰਦਾ ਆਖ ਰਹੇ ਹਨ ਤੇ ਖਿੱਚ ਧੂਹ ਕਰ ਰਹੇ ਹਨ।
ਬਾਦਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 38ਵੀਂ ਬਰਸੀ ਮੌਕੇ ਉਹਨਾਂ ਦੇ ਪਿੰਡ ਵਿਚ ਹੋਏ ਸਮਾਗਮ ਵਿਚ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਨੇ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਹਨਾਂ ਨੂੰ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮਸੀਹਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਨਹੀਂ ਬਲਕਿ ਆਉਂਦੀਆਂ ਪੀੜੀਆਂ ਉਹਨਾਂ ਦੀ ਪੰਜਾਬ, ਪੰਥ ਤੇ ਮਨੁੱਖਤਾ ਦੀ ਸੇਵਾ ਪ੍ਰਤੀ ਵਚਨਬੱਧਤਾ ਤੋਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ।
ਬਾਦਲ ਨੇ ਅਖੌਤੀ ਧਾਰਮਿਕ ਸਿੱਖ ਸ਼ਖਸੀਅਤਾਂ ਤੇ ਜਥੇਬੰਦੀਆਂ ਦੀ ਸੂਬੇ ਵਿਚ ਪਿਛਲੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਤੇ ਨਿਰੰਤਰ ਹੋ ਰਹੀਆਂ ਬੇਅਦਬੀਆਂ ’ਤੇ ਚੁੱਪੀ ’ਤੇ ਵੀ ਸਵਾਲ ਚੁੱਕੇ। ਉਹਨਾਂ ਪੁੱਛਿਆਕਿ ਕੀ ਇਹਨਾਂ ਸਿੱਖ ਸ਼ਖਸੀਅਤਾਂ ਦੀ ਧਾਰਮਿਕ ਚੇਤਨਤਾ ਸਿਰਫ ਅਕਾਲੀ ਸਰਕਾਰ ਖਿਲਾਫ ਜ਼ਹਿਰ ਉਗਲਣ ਵਾਸਤੇ ਇਕ ਪਰਦਾ ਸੀ? ਹੁਣ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਲਗਾਤਾਰ ਹੋ ਰਹੀਆਂ ਹਨ ਤਾਂ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਦੀ? ਉਹਨਾਂ ਨਾਲ ਹੀ ਕਿਹਾ ਕਿ ਹਾਲੇ ਵੀ ਸਮਾਂ ਹੈ ਕਿ ਇਹ ਸਿੱਖ ਵਿਰੋਧੀ ਤਾਕਤਾਂ ਦੀਆਂ ਕਠਪੁਤਲੀਆਂ ਵਾਲੀ ਆਪਣੀ ਭੂਮਿਕਾ ਤਿਆਗ ਦੇਣ ਤੇ ਵਾਪਸ ਮੁੱਖ ਪੰਥਕ ਧਾਰਾ ਵਿਚ ਮੁੜ ਆਉਣ।
ਭਗਵੰਤ ਮਾਨ ’ਤੇ ਵਰ੍ਹਦਿਆਂ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਤੇ ਉਹਨਾਂ ਦੇ ਸਾਥੀਆਂ ਨੇ ਸਰਕਾਰ ਚਲਾਉਣ ਦੇ ਗੰਭੀਰ ਕੰਮ ਨੂੰ ਇਕ ਚੁਟਕਲਾ ਬਣਾ ਕੇ ਰੱਖ ਦਿੱਤਾ ਹੈ, ਉਹ ਵੀ ਉਦੋਂ ਜਦੋਂ ਪੰਜਾਬ ਦੇ ਲੋਕ ਹੜ੍ਹਾਂ ਦੀ ਅਣਕਿਆਸੀ ਕੁਦਰਤੀ ਆਫਤ ਨਾਲ ਜੂਝ ਰਹੇ ਹਨ। ਉਹਨਾਂ ਕਿਹਾ ਕਿ ਇਹ ਲੋਕ ਚੁਟਕਲੇ ਸੁਣਾ ਰਹੇ ਹਨ ਜਦੋਂ ਕਿ ਲੋਕਾਂ ਨੂੰ ਆਪਣੇ ਘਰ ਤੇ ਖੇਤ ਛੱਡ ਕੇ ਸੜਕਾਂ ’ਤੇ ਖੁੱਲ੍ਹੇ ਅਸਮਾਨ ਹੇਠ ਰਾਤਾਂ ਬਿਤਾਉਣ ਵਾਸਤੇ ਮਜਬੂਰ ਹੋਣਾ ਪਿਆ ਹੈ।
ਉਹਨਾਂ ਕਿਹਾ ਕਿ ਇਕ ਪਾਸੇ ਤਾਂ ਇਹ ਤ੍ਰਾਸਦੀ ਚਲ ਰਹੀ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਆਪਣੇ ਦਿੱਲੀ ਦੇ ਆਕਾ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਾਇਲਟ ਬਣੇ ਹੋਏ ਉਹਨਾਂ ਨੂੰ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਲੈ ਕੇ ਜਾ ਰਹੇ ਹਨ। ਬਾਦਲ ਨੇ ਕਿਹਾ ਕਿ ਨਾ ਤਾਂ ਸਰਕਾਰ ਨੇ ਹੜ੍ਹਾਂ ਨਾਲ ਨਜਿੱਠਣ ਲਈ ਅਹਿਤਿਆਤੀ ਕਦਮ ਚੁੱਕੇ ਤੇ ਨਾ ਹੀ ਗਰਮੀਆਂ ਦੇ ਮਹੀਨਿਆਂ ਵਿਚ ਹੜ੍ਹਾਂ ਦੀ ਤਿਆਰੀ ਵਾਸਤੇ ਤੈਅਸ਼ੁਦਾ ਮਾਪਦੰਡਾਂ ਦੀ ਪਾਲਣਾ ਕੀਤੀ।
ਅਕਾਲੀ ਦਲ ਦੇ ਮੁਖੀ ਨੇ ਕਿਹਾ ਕਿ ਬਜਾਏ ਪੰਜਾਬ ਦੇ ਲੋਕਾਂ ਪ੍ਰਤੀ ਆਪਣੀ ਵਚਨਬੱਧਤਾ ਨਿਭਾਉਣ ਦੇ ਭਗਵੰਤ ਮਾਨ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਆਰੰਭੀਆਂ ਸਾਰੀਆਂ ਸਕੀਮਾਂ ਤੇ ਵਿਕਾਸ ਪ੍ਰਾਜੈਕਟ ਵਾਪਸ ਲੈ ਲਏ ਹਨ।
ਇਸ ਪਬਲੀਸਿਟੀ ਤੇ ਸਵੈ ਪ੍ਰੋਤਸ਼ਾਹਨ ਦੀ ਭੁੱਖੀ ਸਰਕਾਰ ਵੱਲੋਂ ਜਨਤਾ ਦੇ ਪੈਸੇ ਦੀ ਅੰਨੀ ਬਰਬਾਦੀ ਜਿਸ ’ਤੇ 1000 ਕਰੋੜ ਰੁਪਏ ਖਰਚੇ ਗਏ ਹਨ, ਦੀ ਨਿਖੇਧੀ ਕਰਦਿਆਂ ਬਾਦਲ ਨੇ ਕਿਹਾ ਕਿ ਕਿਸਾਨਾਂ ਤੇ ਹੋਰ ਹੜ੍ਹ ਪੀੜ੍ਹਤਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲ ਰਿਹਾ।
ਉਹਨਾਂ ਕਿਹਾ ਕਿ ਇਹਨਾਂ ਨੇ 12700 ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂ ’ਤੇ ਕੋਝਾ ਮਜ਼ਾਕ ਕੀਤਾ, ਹਰ ਮਹਿਲਾ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦੇ ਨਾਂ ’ਤੇ ਕੋਝਾ ਮਜ਼ਾਕ ਕੀਤਾ ਤੇ ਵੀ ਆਈ ਪੀ ਕਲਚਰ ਤੇ ਸੁਰੱਖਿਆ ਵਿਚ ਕਟੌਤੀ ਦੇ ਝੂਠੇ ਦਾਅਵੇ ਕੀਤੇ, ਉਹਨਾਂ ਦਾ ਆਖਰ ਬਣਿਆ ਕੀ?