ਸੁਖਜਿੰਦਰ ਰੰਧਾਵਾ ਦਾ ਮਜੀਠੀਆ ਬਾਰੇ ਵੱਡਾ ਦਾਅਵਾ, ਪੰਜਾਬ 'ਚ ਨਹੀਂ ਅਕਾਲੀ ਲੀਡਰ, ਕਿਤੇ ਬਾਹਰ ਲੁੱਕਿਆ
ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਅੱਜ ਨਸ਼ਾ ਤਸਕਰੀ ਦੇ ਕੇਸ ਵਿੱਚ ਨਾਮਜ਼ਦ ਬਿਕਰਮ ਮਜੀਠੀਆ ਬਾਰੇ ਵੱਡੇ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਬਿਕਰਮ ਮਜੀਠੀਆ ਪੰਜਾਬ ਵਿੱਚ ਵੀ ਨਹੀਂ ਹੈ।
ਚੰਡੀਗੜ੍ਹ: ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਅੱਜ ਨਸ਼ਾ ਤਸਕਰੀ ਦੇ ਕੇਸ ਵਿੱਚ ਨਾਮਜ਼ਦ ਬਿਕਰਮ ਮਜੀਠੀਆ ਬਾਰੇ ਵੱਡੇ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਬਿਕਰਮ ਮਜੀਠੀਆ ਪੰਜਾਬ ਵਿੱਚ ਵੀ ਨਹੀਂ ਹੈ। ਰੰਧਾਵਾ ਨੇ ਦਾਅਵਾ ਕੀਤਾ ਕਿ ਜਦੋਂ ਬਿਕਰਮ ਮਜੀਠੀਆ ਪੰਜਾਬ 'ਚ ਹੋਏਗਾ ਤਾਂ ਉਸ ਦੀ ਗ੍ਰਿਫਤਾਰੀ ਵਿੱਚ ਇੱਕ ਮਿੰਟ ਵੀ ਨਹੀਂ ਲੱਗੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਮਜੀਠੀਆ ਦੀਆਂ ਫੋਟੋਆਂ ਫੇਕ ਹਨ। ਮੇਰੀ ਸੂਚਨਾ ਮੁਤਾਬਕ ਬਿਕਰਮ ਮਜੀਠੀਆ ਪੰਜਾਬ ਵਿੱਚ ਨਹੀਂ ਹੈ। ਦਰਬਾਰ ਸਾਹਿਬ ਦੀਆਂ ਫੋਟੋਆਂ ਜੋ ਮਜੀਠੀਆ ਦੀਆਂ ਸੋਸ਼ਲ ਮੀਡੀਆ ਉਪਰ ਹਨ, ਉਹ ਫੇਕ ਹਨ।
ਰੰਧਾਵਾ ਨੇ ਕਿਹਾ ਕਿ ਬਿਕਰਮ ਮਜੀਠੀਆ ਕੋਲ ਸੁਰੱਖਿਆ ਨਹੀਂ ਹੈ। ਉਸ ਕੋਲ ਮੋਬਾਈਲ ਵੀ ਨਹੀਂ ਹੈ। ਇਸ ਲਈ ਉਸ ਨੂੰ ਟ੍ਰੇਸ ਕਰਨਾ ਔਖਾ ਹੈ। ਸੁਖਜਿੰਦਰ ਰੰਧਾਵਾ ਨੇ ਮਜੀਠੀਆ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਮਝੈਲ ਨਹੀਂ ਹੈ। ਮਾਝੇ ਦਾ ਕੋਈ ਬੰਦਾ ਅੱਜ ਤੱਕ ਲੁੱਕਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਤਾਂ ਗਿੱਦੜ ਹੈ ਜੋ ਲੁਕਿਆ ਹੋਇਆ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਮਜੀਠੀਆ ਉਸੇ ਪਰਿਵਾਰ ਦਾ ਹੈ ਜਿਸ ਨੇ ਜਨਰਲ ਡਾਇਰ ਨੂੰ ਖੁਆਇਆ ਸੀ।
ਉਨ੍ਹਾਂ ਕਿਹਾ ਕਿ 2019 'ਚ ਮੇਰੇ ਖਿਲਾਫ ਜਾਂਚ ਸ਼ੁਰੂ ਹੋਈ ਸੀ, ਜਿਸ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਮੇਰਾ ਨਹੀਂ, ਬਿਕਰਮ ਮਜੀਠੀਆ ਦਾ ਗੈਂਗਸਟਰ ਨਾਲ ਸਬੰਧ ਹੈ। ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਪੰਜਾਬ ਲਈ ਸਭ ਕੁਝ ਦੇਣ ਨੂੰ ਤਿਆਰ ਹੈ। ਜੇਕਰ ਮੈਨੂੰ ਅਸਤੀਫਾ ਦੇਣ ਲਈ ਕਿਹਾ ਜਾਂਦਾ ਹੈ ਤਾਂ ਮੈਂ ਅਸਤੀਫਾ ਦੇਣ ਲਈ ਤਿਆਰ ਹਾਂ।
ਰੰਧਾਵਾ ਨੇ ਕਿਹਾ ਕਿ ਪੂਰੀ ਕਾਂਗਰਸ ਪਾਰਟੀ ਤੇ ਮੁੱਖ ਮੰਤਰੀ ਨੇ ਇਹ ਐਫਆਈਆਰ ਕੀਤੀ ਹੈ, ਅਸੀਂ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਚੱਲ ਰਹੇ ਹਾਂ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਜੋ ਕਹਿ ਰਹੇ ਹਨ, ਉਹ ਗਲਤ ਹੈ।