ਪੰਜਾਬ ਕਾਂਗਰਸ 'ਚ ਦਹਿਸ਼ਤ! ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਲੀਡਰਾਂ ਤੋਂ ਬਣਾਈ ਦੂਰੀ, ਧਰਮਸੋਤ ਨਾਲ ਕਿਸੇ ਵੱਡੇ ਲੀਡਰ ਨੇ ਨਹੀਂ ਕੀਤੀ ਮੁਲਾਕਾਤ
ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਾਬਕਾ ਜੰਗਲਾਤ ਮੰਤਰੀ ਤੇ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨੂੰ ਜੇਲ੍ਹ ਗਿਆਂ ਕਰੀਬ ਦੋ ਹਫ਼ਤੇ ਹੋ ਗਏ ਹਨ, ਪਰ ਅਜੇ ਤੱਕ ਕਾਂਗਰਸ ਦੇ ਕਿਸੇ ਵੀ ਵੱਡੇ ਆਗੂ ਨੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ।
ਚੰਡੀਗੜ੍ਹ: ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਆਪਣੇ ਲੀਡਰਾਂ ਤੋਂ ਕਾਂਗਰਸ ਕੰਨੀ ਕਤਰਾਉਣ ਲੱਗੀ ਹੈ। ਬੇਸ਼ੱਕ ਕਾਂਗਰਸ ਵਿਜੀਲੈਂਸ ਦੀ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਕਰਾਰ ਦੇ ਰਹੀ ਹੈ ਪਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਆਪਣੇ ਲੀਡਰਾਂ ਨਾਲ ਦੂਰੀ ਬਣਾ ਲਈ ਹੈ। ਜੇਲ੍ਹ ਵਿੱਚ ਬੰਦ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨਾਲ ਕੋਈ ਵੀ ਸੀਨੀਅਰ ਲੀਡਰ ਮੁਲਾਕਾਤ ਕਰਨ ਦੀ ਹਿੰਮਤ ਨਹੀਂ ਕਰ ਰਿਹਾ।
ਦੱਸ ਦਈਏ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਾਬਕਾ ਜੰਗਲਾਤ ਮੰਤਰੀ ਤੇ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨੂੰ ਜੇਲ੍ਹ ਗਿਆਂ ਕਰੀਬ ਦੋ ਹਫ਼ਤੇ ਹੋ ਗਏ ਹਨ, ਪਰ ਅਜੇ ਤੱਕ ਕਾਂਗਰਸ ਦੇ ਕਿਸੇ ਵੀ ਵੱਡੇ ਆਗੂ ਨੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ। ਸਾਧੂ ਸਿੰਘ ਧਰਮਸੋਤ ’ਤੇ ਸਰਕਾਰੀ ਬੀੜਾਂ ਤੇ ਜੰਗਲਾਂ ਵਿੱਚੋਂ ਦਰੱਖ਼ਤ ਵੱਢੇ ਜਾਣ ਲਈ ਕਮਿਸ਼ਨ ਲੈਣ ਸਮੇਤ ਹੋਰ ਅਣਗਹਿਲੀਆਂ ਦੇ ਦੋਸ਼ ਲੱਗੇ ਹਨ।
ਇਸ ਸਬੰਧੀ ਦਰਜ ਕੇਸ ਤਹਿਤ ਉਨ੍ਹਾਂ ਨੂੰ 7 ਜੂਨ ਨੂੰ ਅਮਲੋਹ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਛੇ ਦਿਨ ਦੇ ਪੁਲਿਸ ਰਿਮਾਂਡ ਮਗਰੋਂ ਅਦਾਲਤ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਸੀ ਤੇ 14 ਜੂਨ ਤੋਂ ਉਹ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿੱਚ ਬੰਦ ਹਨ। ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਧਰਮਸੋਤ ਪਹਿਲੀ ਵਾਰ ਸਾਲ 1992 ਵਿੱਚ ਰਾਖਵੇਂ ਹਲਕੇ ਅਮਲੋਹ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਕੇ ਵਿਧਾਇਕ ਬਣੇ ਸਨ।
ਇਸ ਮਗਰੋਂ ਉਹ 2012 ਤੇ 2017 ਵਿੱਚ ਨਾਭਾ ਤੋਂ ਵੀ ਵਿਧਾਇਕ ਬਣੇ ਸਨ। ਹੁਣ ਤੱਕ ਭਾਵੇਂ ਪਰਿਵਾਰਕ ਮੈਂਬਰਾਂ ਸਮੇਤ ਸਥਾਨਕ ਪੱਧਰ ਦੇ ਕੁਝ ਕੁ ਆਗੂ ਤਾਂ ਉਨ੍ਹਾਂ ਨਾਲ ਮੁਲਾਕਾਤ ਕਰ ਚੁੱਕੇ ਹਨ, ਪਰ ਕਾਂਗਰਸ ਦਾ ਕੋਈ ਵੱਡਾ ਆਗੂ ਉਨ੍ਹਾਂ ਤੱਕ ਨਹੀਂ ਬਹੁੜਿਆ। ਇਥੋਂ ਤੱਕ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰਪਾਲ ਲਾਲੀ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ ਜਦਕਿ ਪਟਿਆਲਾ ਜੇਲ੍ਹ ’ਚ ਬੰਦ ਨਵਜੋਤ ਸਿੰਘ ਸਿੱਧੂ ਨਾਲ ਕਈ ਵੱਡੇ ਆਗੂ ਮੁਲਾਕਾਤ ਕਰ ਚੁੱਕੇ ਹਨ।