ਪੰਜਾਬ 'ਚੋਂ ਖ਼ਤਮ ਹੋਇਆ ਨਸ਼ਾ ? CM ਨੇ 31 ਮਈ ਤੱਕ ਦਿੱਤੀ ਸੀ ਡੈਡਲਾਇਨ, ਨਸ਼ਿਆਂ ਖਿਲਾਫ਼ ਜਿੱਤੀ ਗਈ ਜੰਗ ਜਾਂ ਹੋਇਆ ਸੀਜ਼ਫਾਇਰ, ਮੁੱਖ ਮੰਤਰੀ ਦੇਵੇ ਜਵਾਬ
ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਸ ਪੋਸਟ ਨੇ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਲੋਕ ਹੁਣ ਸਰਕਾਰ ਤੋਂ ਸਪੱਸ਼ਟ ਜਵਾਬ ਦੀ ਉਮੀਦ ਕਰ ਰਹੇ ਹਨ। ਪੰਜਾਬ ਦੇ ਲੋਕਾਂ ਦੀ ਨਜ਼ਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਤੀਕਿਰਿਆ 'ਤੇ ਟਿਕੀ ਹੋਈ ਹੈ।

Punjab News: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਨਸ਼ਿਆਂ ਖ਼ਿਲਾਫ਼ ਜੰਗ ਦੇ ਦਾਅਵਿਆਂ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ ਹੈ। ਅੱਜ 31 ਮਈ 2025 ਨੂੰ, ਜੋ ਕਿ ਮੁੱਖ ਮੰਤਰੀ ਵੱਲੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਆਖਰੀ ਮਿਤੀ ਦੱਸੀ ਗਈ ਸੀ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਨਸ਼ਿਆਂ ਖ਼ਿਲਾਫ਼ ਜੰਗ ਸੱਚਮੁੱਚ ਜਿੱਤ ਲਈ ਗਈ ਹੈ, ਜਾਂ ਇਸ ਜੰਗ ਵਿੱਚ "ਸੀਜ਼ਫਾਇਰ" ਹੋ ਗਿਆ ਹੈ?
ਵੜਿੰਗ ਦਾ ਤਿੱਖਾ ਸਵਾਲ: "ਜਿੱਤ ਦਾ ਐਲਾਨ ਕਰੋ ਜਾਂ ਸੱਚ ਦੱਸੋ"
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਪੋਸਟ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦਿਆਂ ਕਿਹਾ, "ਅੱਜ 31 ਮਈ 2025 ਹੈ, ਜੋ ਤੁਸੀਂ ਪੰਜਾਬ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ਦੀ ਆਖਰੀ ਮਿਤੀ ਦੱਸੀ ਸੀ। ਕੀ ਤੁਸੀਂ ਨਸ਼ਿਆਂ ਖ਼ਿਲਾਫ਼ ਜੰਗ ਦੀ ਸਥਿਤੀ ਬਾਰੇ ਦੱਸ ਸਕਦੇ ਹੋ? ਕੀ ਇਹ ਜੰਗ ਸੱਚਮੁੱਚ ਜਿੱਤ ਲਈ ਗਈ ਹੈ, ਜਾਂ ਸੀਜ਼ਫਾਇਰ ਹੋ ਗਿਆ ਹੈ?" ਉਨ੍ਹਾਂ ਅੱਗੇ ਕਿਹਾ ਕਿ ਜੇ ਸਰਕਾਰ ਨੇ ਇਹ ਜੰਗ ਜਿੱਤ ਲਈ ਹੈ, ਤਾਂ ਪੰਜਾਬ ਦੇ ਲੋਕ ਇਹ ਖ਼ੁਸ਼ਖ਼ਬਰੀ ਮੁੱਖ ਮੰਤਰੀ ਦੇ ਮੂੰਹੋਂ ਸੁਣਨਾ ਚਾਹੁੰਦੇ ਹਨ ਅਤੇ ਇਸ ਦੀ ਖ਼ੁਸ਼ੀ ਵਿੱਚ ਜਸ਼ਨ ਮਨਾਉਣਾ ਚਾਹੁੰਦੇ ਹਨ। ਵੜਿੰਗ ਨੇ ਤੰਜ਼ ਕੱਸਦਿਆਂ ਕਿਹਾ ਕਿ ਜੇ ਜਿੱਤ ਹੋਈ ਹੈ, ਤਾਂ ਇਸ ਦਾ ਐਲਾਨ ਮੁੱਖ ਮੰਤਰੀ ਨੇ ਖ਼ੁਦ ਕਰਨਾ ਚਾਹੀਦਾ ਹੈ ਅਤੇ ਇੱਕ "ਵਿਕਟਰੀ ਪਰੇਡ" ਦਾ ਆਯੋਜਨ ਕਰਨਾ ਚਾਹੀਦਾ ਹੈ।
CEASEFIRE!!!!!
— Amarinder Singh Raja Warring (@RajaBrar_INC) May 31, 2025
“Yudh Nashya Virudh”?
Respected @BhagwantMann Sahab, Sat Sri Akaal.
Today is May 31, 2025, the DEADLINE you set for Defeating Drugs in Punjab.
Will you please tell us about the status of the ‘War on Drugs’?
Please tell us, whether the ‘War’ has really been won?…
ਆਪ ਸਰਕਾਰ ਦੇ ਵਾਅਦਿਆਂ ਦਾ ਇਤਿਹਾਸ
ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਵਿੱਚ ਨਸ਼ਿਆਂ ਨੂੰ ਛੇ ਮਹੀਨਿਆਂ ਦੇ ਅੰਦਰ ਖ਼ਤਮ ਕਰ ਦੇਵੇਗੀ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇੱਕ ਟੀਵੀ ਇੰਟਰਵਿਊ ਦੌਰਾਨ ਤਿੰਨ ਤੋਂ ਚਾਰ ਮਹੀਨਿਆਂ ਦੀ ਮਿਆਦ ਦੀ ਗੱਲ ਵੀ ਕੀਤੀ ਸੀ। ਇਸ ਤੋਂ ਬਾਅਦ, ਸਰਕਾਰ ਨੇ ਕਈ ਵਾਰ ਨਸ਼ਿਆਂ ਨੂੰ ਖ਼ਤਮ ਕਰਨ ਦੀਆਂ ਮਿਤੀਆਂ ਦਿੱਤੀਆਂ, ਜਿਨ੍ਹਾਂ ਵਿੱਚ 15 ਅਗਸਤ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਗਲੇ ਸੁਤੰਤਰਤਾ ਦਿਵਸ (2024) ਤੱਕ ਨਸ਼ੇ ਖ਼ਤਮ ਕਰਨ ਦਾ ਵਾਅਦਾ ਤੇ ਮਾਰਚ 2025 ਵਿੱਚ ਤਿੰਨ ਮਹੀਨਿਆਂ ਦੀ ਇੱਕ ਹੋਰ ਡੈੱਡਲਾਈਨ ਸ਼ਾਮਲ ਹੈ।
ਹਾਲਾਂਕਿ, ਵਿਰੋਧੀ ਧਿਰਾਂ ਦਾ ਆਰੋਪ ਹੈ ਕਿ ਇਹ ਸਾਰੇ ਵਾਅਦੇ ਸਿਰਫ਼ ਕਾਗਜ਼ੀ ਹਨ ਅਤੇ ਜ਼ਮੀਨੀ ਹਕੀਕਤ ਵੱਖਰੀ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਹ ਦਾਅਵੇ ਹਕੀਕਤ ਤੋਂ ਦੂਰ ਹਨ ਤੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਸ ਪੋਸਟ ਨੇ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਲੋਕ ਹੁਣ ਸਰਕਾਰ ਤੋਂ ਸਪੱਸ਼ਟ ਜਵਾਬ ਦੀ ਉਮੀਦ ਕਰ ਰਹੇ ਹਨ। ਪੰਜਾਬ ਦੇ ਲੋਕਾਂ ਦੀ ਨਜ਼ਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਤੀਕਿਰਿਆ 'ਤੇ ਟਿਕੀ ਹੋਈ ਹੈ।






















