ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਰਾਤੋ-ਰਾਤ ਮਾਰਿਆ ਛਾਪਾ, ਟਰਾਂਸਪੋਰਟਰਾਂ ਨੇ ਕੀਤਾ ਹੋਸ਼ ਉਡਾ ਦੇਣ ਵਾਲਾ ਖੁਲਾਸਾ
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਮੰਗਲਵਾਰ ਰਾਤ ਅਚਾਨਕ ਅੰਮ੍ਰਿਤਸਰ ਦੇ ਅੰਤਰਰਾਜੀ ਬੱਸ ਸਟੈਂਡ 'ਤੇ ਪਹੁੰਚੇ। ਇੱਥੇ ਉਨ੍ਹਾਂ ਟਰਾਂਸਪੋਰਟਰਾਂ ਨਾਲ ਗੱਲਬਾਤ ਕੀਤੀ।
ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਮੰਗਲਵਾਰ ਰਾਤ ਅਚਾਨਕ ਅੰਮ੍ਰਿਤਸਰ ਦੇ ਅੰਤਰਰਾਜੀ ਬੱਸ ਸਟੈਂਡ 'ਤੇ ਪਹੁੰਚੇ। ਇੱਥੇ ਉਨ੍ਹਾਂ ਟਰਾਂਸਪੋਰਟਰਾਂ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਆਰਟੀਏ ਅੰਮ੍ਰਿਤਸਰ ਦੇ ਡਰਾਈਵਰ ਦਾ ਨਾਂ ਆਇਆ, ਜਿਸ ਤੋਂ ਬਾਅਦ ਮੰਤਰੀ ਭੁੱਲਰ ਨੇ ਬਿਨਾਂ ਟੈਕਸ ਤੋਂ ਚੱਲ ਰਹੀਆਂ ਬੱਸਾਂ ਨੂੰ ਸਵੇਰੇ ਹੀ ਆਪਣਾ ਟੈਕਸ ਜਮਾਂ ਕਰਵਾਉਣ ਦੇ ਹੁਕਮ ਦਿੱਤੇ, ਜਦਕਿ ਦੂਜੇ ਪਾਸੇ ਵਿਜੀਲੈਂਸ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ।
ਅੰਮ੍ਰਿਤਸਰ ਬੱਸ ਸਟੈਂਡ ਪਹੁੰਚੇ ਮੰਤਰੀ ਲਾਲਜੀਤ ਭੁੱਲਰ ਦੇ ਸਾਹਮਣੇ ਟਰਾਂਸਪੋਰਟਰਾਂ ਨੇ ਹੈਰਾਨ ਕਰਨ ਵਾਲਾ ਖੁਲਾਸਾ ਕਰਦੇ ਹੋਏ ਅੰਮ੍ਰਿਤਸਰ ਦੇ ਆਰਟੀਏ ਦੇ ਡਰਾਈਵਰ ਏਐਸਆਈ ਰਮਨਦੀਪ ਦਾ ਨਾਂ ਲਿਆ। ਟਰਾਂਸਪੋਰਟਰਾਂ ਨੇ ਕਿਹਾ ਕਿ ਉਹ ਪਿਛਲੇ 5 ਸਾਲਾਂ ਤੋਂ ਟੈਕਸ ਨਹੀਂ ਦੇ ਰਹੇ। ਉਹ ਆਰਟੀਏ ਡਰਾਈਵਰ ਨੂੰ ਪੈਸੇ ਦਿੰਦੇ ਹਨ ਤੇ ਬਗੈਰ ਟੈਕਸ ਤੋਂ ਬੱਸਾਂ ਚਲਾਉਂਦੇ ਹਨ।
ਮੰਤਰੀ ਭੁੱਲਰ ਨੇ ਦੱਸਿਆ ਕਿ ਅੱਜ ਟੈਕਸ ਨਾ ਦੇਣ ਵਾਲੀਆਂ 15 ਬੱਸਾਂ ਨੂੰ ਜ਼ਬਤ ਕੀਤਾ ਗਿਆ। ਜਦੋਂ ਉਹ ਅੰਮ੍ਰਿਤਸਰ ਆਏ ਤਾਂ ਇੱਥੋਂ ਦੇ ਟਰਾਂਸਪੋਰਟਰਾਂ ਨੇ ਨਵਾਂ ਖੁਲਾਸਾ ਕੀਤਾ ਤੇ ਵਿਭਾਗ ਨੂੰ ਪੈਸੇ ਦੇ ਕੇ ਬੱਸਾਂ ਚਲਾਉਣ ਦੀ ਗੱਲ ਦੱਸੀ। ਇਹੀ ਟਰਾਂਸਪੋਰਟ ਮਾਫੀਆ ਹੈ ਤੇ ਕਾਲੀਆਂ ਭੇਡਾਂ ਵਿਭਾਗ ਦੇ ਅੰਦਰ ਹੀ ਹਨ। ਇਹ ਕਾਰਵਾਈ ਅੱਜ ਜਾਂ ਇੱਕ ਹਫ਼ਤੇ ਦੀ ਨਹੀਂ ਹੋਵੇਗੀ। ਹੁਣ ਸਾਰੇ ਟਰਾਂਸਪੋਰਟਰਾਂ ਨੂੰ ਟੈਕਸ ਦੇਣਾ ਪਵੇਗਾ।
ਟਰਾਂਸਪੋਰਟਰਾਂ ਨੇ ਮੰਤਰੀ ਭੁੱਲਰ ਦੇ ਸਾਹਮਣੇ ਆਪਣਾ ਦੁੱਖ ਵੀ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਟੈਕਸ ਦੇਣ ਲਈ ਤਿਆਰ ਹਾਂ, ਪਰ ਜਿਹੜੀ ਸਵਾਰੀ ਅਸੀਂ 400 ਰੁਪਏ ਟੈਕਸ ਭਰ ਕੇ ਲਿਜਾਂਦੇ ਹਾਂ, ਉਹੀ ਸਵਾਰੀ ਹੋਰ ਬੱਸਾਂ ਵਾਲੇ ਬਗੈਰ ਟੈਕਸ 250 ਰੁਪਏ 'ਚ ਲਿਜਾਂਦੇ ਹਨ। ਅਜਿਹੇ 'ਚ ਨੁਕਸਾਨ ਸਾਡਾ ਹੀ ਹੈ। ਸਾਨੂੰ ਆਪਣੇ ਲਈ ਵੀ ਇਹੀ ਰਸਤਾ ਚੁਣਨਾ ਪਿਆ ਤੇ ਬੀਤੇ ਪਿਛਲੇ 5 ਸਾਲਾਂ ਤੋਂ ਟੈਕਸ ਨਹੀਂ ਦਿੱਤਾ ਜਾ ਰਿਹਾ। ਸਾਰੇ ਟਰਾਂਸਪੋਰਟਰਾਂ ਨੇ ਖੁੱਲ੍ਹੇਆਮ ਆਰਟੀਏ ਡਰਾਈਵਰ ਰਮਨਦੀਪ ਦਾ ਨਾਂਅ ਲਿਆ ਤੇ ਦੱਸਿਆ ਕਿ ਉਹ ਪੈਸੇ ਲੈ ਕੇ ਸਾਡੀਆਂ ਬੱਸਾਂ ਬਗੈਰ ਟੈਕਸ ਚਲਵਾਉਂਦਾ ਹੈ।
ਮੰਤਰੀ ਭੁੱਲਰ ਨੇ ਦੱਸਿਆ ਕਿ ਏਐਸਆਈ ਰਮਨਦੀਪ ਟਰਾਂਸਪੋਰਟ ਵਿਭਾਗ 'ਚ ਡੈਪੂਟੇਸ਼ਨ 'ਤੇ ਆਇਆ ਹੋਇਆ ਹੈ। ਉਹ ਇਸ ਦੀ ਵਿਜੀਲੈਂਸ ਜਾਂਚ ਸ਼ੁਰੂ ਕਰਨ ਜਾ ਰਹੇ ਹਨ। ਜੇਕਰ ਰਮਨਦੀਪ ਦੀ ਜਾਇਦਾਦ ਆਮਦਨ ਨਾਲੋਂ ਵੱਧ ਪਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ। ਉਸ ਦੀ ਜਾਇਦਾਦ ਵੀ ਕੁਰਕ ਕੀਤੀ ਜਾਵੇਗੀ। ਇੰਨਾ ਹੀ ਨਹੀਂ, ਜੇਕਰ ਕੋਈ ਅਧਿਕਾਰੀ ਵੀ ਜਾਂਚ 'ਚ ਆਉਂਦਾ ਹੈ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਭੁੱਲਰ ਨੇ ਕਿਹਾ ਕਿ ਰਿਵਾਇਤੀ ਪਾਰਟੀਆਂ ਦੇ ਮੰਤਰੀ ਬਣਦਿਆਂ ਹੀ ਉਹ ਪਹਿਲਾ ਮਹੀਨਾ ਬੰਨ੍ਹ ਲੈਂਦੇ ਸਨ। ਅਕਾਲੀ ਦਲ ਨੇ ਵੀ ਅਜਿਹਾ ਹੀ ਕੀਤਾ ਅਤੇ ਕਾਂਗਰਸੀ ਮੰਤਰੀਆਂ ਨੇ ਵੀ ਮਹੀਨਾ ਬੰਨ੍ਹਿਆ ਹੋਇਆ ਸੀ ਪਰ ਹੁਣ ਅਜਿਹਾ ਨਹੀਂ ਹੋਣ ਵਾਲਾ ਹੈ। ਉਨ੍ਹਾਂ ਟਰਾਂਸਪੋਰਟਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਆਪਣਾ ਟੈਕਸ ਨਹੀਂ ਭਰਿਆ ਹੈ, ਉਹ ਕੱਲ੍ਹ ਸਵੇਰੇ ਹੀ ਆਪਣਾ ਟੈਕਸ ਅਦਾ ਕਰ ਦੇਣ। ਹੁਣ ਸਰਕਾਰ ਕਾਰਵਾਈ ਕਰੇਗੀ। ਗ਼ੈਰ-ਕਾਨੂੰਨੀ ਢੰਗ ਨਾਲ ਚੱਲ ਰਹੀਆਂ ਬੱਸਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ, ਭਾਵੇਂ ਉਹ ਬੱਸਾਂ ਸਾਬਕਾ ਵਿਧਾਇਕਾਂ ਦੀਆਂ ਹੋਣ ਜਾਂ ਸਾਬਕਾ ਮੰਤਰੀਆਂ ਦੀਆਂ। ਸਾਰਿਆਂ ਨੇ ਆਪਣੇ ਹਿਸਾਬ ਨਾਲ ਨਿਯਮ ਬਣਾਏ ਹੋਏ ਸਨ, ਪਰ ਹੁਣ ਅਜਿਹਾ ਨਹੀਂ ਹੋਵੇਗਾ।