35 ਵਿਧਾਇਕ ਖਰੀਦਣ ਦੀ ਕੋਸ਼ਿਸ਼ ਕੀਤੀ ਤਾਂ ਸਿਰਫ 10 ਵਿਧਾਇਕ ਹੀ ਮੀਡੀਆ ਸਾਹਮਣੇ ਕਿਉਂ ਆਏ, ਹਾਰਸ ਟ੍ਰੇਡਿੰਗ ਦੇ ਸਬੂਤ ਪੇਸ਼ ਕਰੇ 'ਆਪ': ਬਾਜਵਾ
ਬਾਜਵਾ ਨੇ ਕਿਹਾ ਕਿ ਹਰਪਾਲ ਚੀਮਾ ਨੇ ਦੋਸ਼ ਲਾਏ ਹਨ ਕਿ ਭਾਜਪਾ ਨੇ ‘ਆਪ’ ਦੇ ਕਰੀਬ 35 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਪਰ ਪ੍ਰੈੱਸ ਕਾਨਫਰੰਸ ’ਚ ਉਹ ਸਿਰਫ 10 ਨੂੰ ਹੀ ਮੀਡੀਆ ਸਾਹਮਣੇ ਲੈ ਕੇ ਆਏ।
Punjab News: ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੀਜੇਪੀ ਉੱਪਰ ਹਾਰਸ ਟ੍ਰੇਡਿੰਗ ਦੇ ਇਲਜ਼ਾਮਾਂ ਮਗਰੋਂ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿੱਚ ਹਾਰਸ ਟ੍ਰੇਡਿੰਗ ਦੇ ਦੋਸ਼ਾਂ ਸਬੰਧੀ ‘ਆਪ’ ਆਗੂ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਰੁੱਧ ਠੋਸ ਸਬੂਤ ਪੇਸ਼ ਕਰਨ।
ਬਾਜਵਾ ਨੇ ਕਿਹਾ ਕਿ ਹਰਪਾਲ ਚੀਮਾ ਨੇ ਦੋਸ਼ ਲਾਏ ਹਨ ਕਿ ਭਾਜਪਾ ਨੇ ‘ਆਪ’ ਦੇ ਕਰੀਬ 35 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਪਰ ਪ੍ਰੈੱਸ ਕਾਨਫਰੰਸ ’ਚ ਉਹ ਸਿਰਫ 10 ਨੂੰ ਹੀ ਮੀਡੀਆ ਸਾਹਮਣੇ ਲੈ ਕੇ ਆਏ। ਜੇਕਰ ਇਹ ਇੰਨਾ ਗੰਭੀਰ ਮੁੱਦਾ ਸੀ ਤਾਂ ‘ਆਪ’ ਵਿਧਾਇਕਾਂ ਦਾ ਪੂਰਾ ਸਮੂਹ ਮੀਡੀਆ ਸਾਹਮਣੇ ਕਿਉਂ ਨਹੀਂ ਪੇਸ਼ ਕੀਤਾ ਗਿਆ।
ਆਮ ਆਦਮੀ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ: ਰਾਜਾ ਵੜਿੰਗ
ਉਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਹੈ ਕਿ ਉਹ ਆਪਣੇ ਵਿਧਾਇਕਾਂ ਨੂੰ ਕਥਿਤ ਰਿਸ਼ਵਤ ਦੇਣ ਦੇ ਮਾਮਲੇ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ। ਇਸ ਸਬੰਧੀ ਉਨ੍ਹਾਂ ਨੇ ਸਰਕਾਰ ਨੂੰ ਆਪਣੀ ਪਾਰਟੀ ਦੇ ਸਮਰਥਨ ਦੀ ਪੇਸ਼ਕਸ਼ ਕੀਤੀ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ।
ਵਿਧਾਇਕਾਂ ਨੂੰ ਖ਼ਰੀਦਣ ਦੇ ਦੋਸ਼ ਝੂਠ ਦਾ ਪੁਲੰਦਾ: ਅਸ਼ਵਨੀ ਸ਼ਰਮਾ
ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਭਾਜਪਾ ਉੱਤੇ ‘ਆਪ’ ਵਿਧਾਇਕਾਂ ਨੂੰ ਖ਼ਰੀਦਣ ਦੇ ਲਗਾਏ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਸ਼ਰਮਾ ਨੇ ਕਿਹਾ ਕਿ ‘ਆਪ’ ਸਰਕਾਰ ਉੱਪਰ ਲੱਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੇ ਵਾਅਦੇ ਪੂਰੇ ਨਾ ਕਰਨ ’ਤੇ ਲੋਕ ਰੋਹ ਨੂੰ ਵੇਖਦਿਆਂ ਵਿੱਤ ਮੰਤਰੀ ਬੁਖਲਾਹਟ ਵਿੱਚ ਹਨ।
ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਚੀਮਾ ਵੱਲੋਂ ਲਗਾਏ ਗਏ ਦੋਸ਼ ਜਾਂ ਤਾਂ ਉਹ ਸਾਬਤ ਕਰਨ ਨਹੀਂ ਤਾਂ ਭਾਰਤੀ ਜਨਤਾ ਪਾਰਟੀ ਇਸ ਖ਼ਿਲਾਫ਼ ਚੁੱਪ ਕਰ ਕੇ ਨਹੀਂ ਬੈਠੇਗੀ ਤੇ ਆਪਣੀ ਆਵਾਜ਼ ਬੁਲੰਦ ਕਰੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਆਪਸੀ ਖਿੱਚੋਤਾਣ ਕਾਰਨ ਪਹਿਲਾਂ ਅਰਵਿੰਦ ਕੇਜਰੀਵਾਲ ਝੂਠ ਦਾ ਸਹਾਰਾ ਲੈ ਰਹੇ ਸਨ ਤੇ ਹੁਣ ਪਾਰਟੀ ਦੀ ਪੰਜਾਬ ਇਕਾਈ ਨੇ ਵੀ ਇਹ ਖੇਡ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਲੋਕਾਂ ਦਾ ਧਿਆਨ ਅਸਲ ਮਸਲਿਆਂ ਤੋਂ ਭਟਕਾਇਆ ਜਾ ਸਕੇ।