ਦੋ ਵਾਰ ਦੇ ਵਿਧਾਇਕਾਂ ਨੂੰ ਨਹੀਂ ਮਿਲੀ ਮਾਨ ਕੈਬਨਿਟ 'ਚ ਥਾਂ, ਸੀਐਮ ਬੋਲੇ ਸਾਰੇ 92 ਵਿਧਾਇਕ ਹੀਰੇ
ਬੁੱਧ ਰਾਮ ਬੁੱਢਲਾਡਾ, ਸਰਵਜੀਤ ਮਾਣੂੰਕੇ ਜਗਰਾਓ, ਬਲਜਿੰਦਰ ਕੌਰ ਤਲਵੰਡੀ, ਮਨਜੀਤ ਬਿਲਰਾਸਪੁਰ, ਕੁਲਵੰਤ ਪੰਡੋਰੀ ਮਹਿਲਕਲਾਂ ਦੋ ਵਾਰ ਜਿੱਤ ਚੁੱਕੇ ਹਨ ਪਰ ਇਨ੍ਹਾਂ ਕੈਬਨਿਟ 'ਚ ਥਾਂ ਨਹੀਂ ਮਿਲੀ
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਸੋਮਵਾਰ ਨੂੰ ਪੰਜਾਬ ਮੰਤਰੀ ਮੰਡਲ ਵਿੱਚ ਪੰਜ ਨਵੇਂ ਮੰਤਰੀਆਂ ਨੂੰ ਥਾਂ ਦਿੱਤੀ ਗਈ ਹੈ ਪਰ ਇਸ ਵਿਸਥਾਰ ਦੌਰਾਨ ਵੀ ਕਈ ਅਜਿਹੇ ਵਿਧਾਇਕ ਛੱਡ ਦਿੱਤੇ ਗਏ ਹਨ, ਜੋ ਦੂਜੀ ਵਾਰ ਵਿਧਾਇਕ ਬਣੇ ਹਨ ਅਤੇ ਨਵੇਂ ਚੁਣੇ ਗਏ ਵਿਧਾਇਕਾਂ ਨਾਲੋਂ ਵੱਧ ਤਜ਼ਰਬਾ ਰੱਖਦੇ ਹਨ। ਜਿਵੇਂ ਕਿ ਬੁੱਧ ਰਾਮ ਬੁੱਢਲਾਡਾ, ਸਰਵਜੀਤ ਮਾਣੂੰਕੇ ਜਗਰਾਓ, ਬਲਜਿੰਦਰ ਕੌਰ ਤਲਵੰਡੀ, ਮਨਜੀਤ ਬਿਲਰਾਸਪੁਰ, ਕੁਲਵੰਤ ਪੰਡੋਰੀ ਮਹਿਲਕਲਾਂ ਦੋ ਵਾਰ ਜਿੱਤ ਚੁੱਕੇ ਹਨ ਪਰ ਇਨ੍ਹਾਂ ਕੈਬਨਿਟ 'ਚ ਥਾਂ ਨਹੀਂ ਮਿਲੀ ਜਿਸ ਤੋਂ ਬਾਅਦ ਸਿਆਸੀ ਚਰਚਾ ਸ਼ੁਰੂ ਹੋ ਗਈ।ਆਖਿਰ ਕਿਉਂ ਆਪ ਦੇ ਪੁਰਾਣੇ ਆਗੂਆਂ ਨੂੰ ਅਣਗੋਲਿਆ ਕੀਤਾ ਗਿਆ ਹੈ। ਜਦਕਿ ਸਰਵਜੀਤ ਮਾਣੂੰਕੇ ਦਾ ਨਾਂ ਸਭ ਤੋਂ ਅੱਗੇ ਚਲ ਰਿਹਾ ਸੀ।
ਉਧਰ ਕੈਬਨਿਟ ਵਿਸਥਾਰ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਕਿਹਾ, ਉਨ੍ਹਾਂ ਦੇ ਸਾਰੇ 92 ਵਿਧਾਇਕ ਹੀਰੇ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਹੋਰ ਜ਼ਿੰਮੇਵਾਰੀਆਂ ਵੀ ਸੌਂਪ ਦਿੱਤੀਆਂ ਜਾਣਗੀਆਂ।
ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਨਵੇਂ ਮੰਤਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ। ਉਨ੍ਹਾਂ 'ਤੇ ਕੰਮ ਦਾ ਭਾਰੀ ਬੋਝ ਹੈ, ਜੋ ਹੁਣ ਨਵੇਂ ਮੰਤਰੀਆਂ ਨੂੰ ਸੌਂਪਿਆ ਜਾਵੇਗਾ। ਉਨ੍ਹਾਂ ਸੰਕੇਤ ਦਿੱਤਾ ਕਿ ਸਾਰੇ ਨਵੇਂ ਮੰਤਰੀਆਂ ਨੂੰ ਅਹਿਮ ਵਿਭਾਗ ਦਿੱਤੇ ਜਾਣਗੇ। ਸੀਨੀਅਰ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰਿੰਸੀਪਲ ਬੁੱਧਰਾਮ ਨੂੰ ਮੰਤਰੀ ਨਾ ਬਣਾਏ ਜਾਣ ਬਾਰੇ ਪੁੱਛੇ ਜਾਣ ’ਤੇ ਮਾਨ ਨੇ ਕਿਹਾ ਕਿ ਸਾਰਿਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਸੰਗਰੂਰ ਦੀ ਸੁਨਾਮ ਸੀਟ ਤੋਂ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਨੇ ਹਲਫ਼ ਲਿਆ।ਇਸ ਦੇ ਨਾਲ ਹੀ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਸਹੁੰ ਚੁੱਕੀ। ਗੁਰੂਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਂ, ਪਟਿਆਲਾ ਦੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਮਾਜਰਾ ਅਤੇ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਮਾਨ ਕੈਬਨਿਟ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ ਹੈ।