Social Media ’ਤੇ ਅਪਲੋਡ ਕੀਤੀ ਲਾਰੈਂਸ ਬਿਸ਼ਨੋਈ ਦੀ ਵੀਡੀਓ ਪੰਜਾਬ ਦੀਆਂ ਜੇਲ੍ਹਾਂ ਵਿੱਚ ਨਹੀਂ ਬਣਾਈ ਗਈ- ਆਈ.ਜੀ ਜੇਲ੍ਹਾਂ
IG of Jails - ਜੇਲ੍ਹ ਵਿਭਾਗ ਪੰਜਾਬ ਨੇ ਸੂਬੇ ਦੀਆਂ ਜੇਲ੍ਹਾਂ ਵਿੱਚ ਮੋਬਾਈਲਾਂ ਦੀ ਵਰਤੋਂ ਸਬੰਧੀ ਨਸ਼ਰ ਹੋ ਰਹੀਆਂ ਮੀਡੀਆ ਰਿਪੋਰਟਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਨੂੰ ਗੁੰਮਰਾਹਕੁੰਨ, ਬੇਬੁਨਿਆਦ
Punjab News - ਜੇਲ੍ਹ ਵਿਭਾਗ ਪੰਜਾਬ ਨੇ ਸੂਬੇ ਦੀਆਂ ਜੇਲ੍ਹਾਂ ਵਿੱਚ ਮੋਬਾਈਲਾਂ ਦੀ ਵਰਤੋਂ ਸਬੰਧੀ ਨਸ਼ਰ ਹੋ ਰਹੀਆਂ ਮੀਡੀਆ ਰਿਪੋਰਟਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਨੂੰ ਗੁੰਮਰਾਹਕੁੰਨ, ਬੇਬੁਨਿਆਦ ਦੱਸਿਆ ਹੈ ਅਤੇ ਕਿਹਾ ਕਿ ਇਸ ਵੀਡੀਓ ਦਾ ਸੂਬੇ ਦੀਆਂ ਜੇਲ੍ਹਾਂ ਨਾਲ ਕੋਈ ਸਬੰਧ ਨਹੀਂ ਹੈ।
ਜ਼ਿਕਰਯੋਗ ਹੈ ਕਿ ਇੱਕ ਨਿਊਜ਼ ਚੈਨਲ ਨੇ 17 ਸਤੰਬਰ, 2023 ਦੀ ਇੱਕ ਵੀਡੀਓ ਨਸ਼ਰ ਕੀਤੀ ਹੈ ਜਿਸ ਵਿੱਚ ਕਥਿਤ ਹਾਈ ਰਿਸਕ ਕੈਦੀ ਲਾਰੈਂਸ ਬਿਸ਼ਨੋਈ ਵਟਸਐਪ ਵੀਡੀਓ ਕਾਲ ਰਾਹੀਂ ਮੋਨੂੰ ਮਾਨੇਸਰ ਨਾਲ ਗੱਲ-ਬਾਤ ਕਰਦਾ ਦੇਖਿਆ ਗਿਆ ਸੀ। ਮੋਨੂੰ ਮਾਨੇਸਰ ਹਰਿਆਣਾ ਦੇ ਨੂਹ ਜ਼ਿਲੇ ’ਚ ਗੜਬੜੀ ਕਰਨ ਅਤੇ ਹਿੰਸਾ ਭੜਕਾਉਣ ਦੇ ਮੁੱਖ ਦੋਸ਼ੀਆਂ ’ਚੋਂ ਇੱਕ ਹੈ। ਵੀਡੀਓ ਵਿੱਚ ਇਕ ਹੋਰ ਵਿਅਕਤੀ ਲਾਰੈਂਸ ਬਿਸ਼ਨੋਈ ਦੇ ਨਾਲ ਦਫ਼ਤਰੀ ਕੁਰਸੀ ’ਤੇ ਬੈਠਾ ਦਿਖ ਰਿਹਾ ਹੈ।
ਇਹ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਗਈ ਸੀ ਅਤੇ ਦੋਸ਼ ਲਾਇਆ ਗਿਆ ਸੀ ਕਿ ਲਾਰੈਂਸ ਬਿਸ਼ਨੋਈ ਬਠਿੰਡਾ ਜੇਲ੍ਹ ’ਚ ਹਿਰਾਸਤ ਦੌਰਾਨ ਮੋਬਾਈਲ ਫ਼ੋਨ ਦੀ ਵਰਤੋਂ ਕਰ ਰਿਹਾ ਸੀ। ਮਾਮਲੇ ਦੀ ਜਾਂਚ ਇੰਸਪੈਕਟਰ ਜਨਰਲ ਜੇਲ੍ਹਾਂ, ਪੰਜਾਬ ਨੂੰ ਸੌਂਪੀ ਗਈ ਸੀ। ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਵੀਡੀਓ ਵਿੱਚ ਲਾਰੈਂਸ ਬਿਸ਼ਨੋਈ ਦੇ ਨਾਲ ਬੈਠੇ ਵਿਅਕਤੀ ਦੀ ਪਛਾਣ ਰਾਜਕੁਮਾਰ ਉਰਫ ਰਾਜੂ ਬਿਸ਼ਨੋਈ ਵਜੋਂ ਹੋਈ ਹੈ। ਰਾਜਕੁਮਾਰ 25 ਜਨਵਰੀ 2021 ਤੋਂ 22 ਫਰਵਰੀ 2021 ਤੱਕ 28 ਦਿਨਾਂ ਲਈ ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਬੰਦ ਸੀ।
ਸਰਕਾਰੀ ਰਿਕਾਰਡ ਮੁਤਾਬਿਕ ਲਾਰੈਂਸ ਬਿਸ਼ਨੋਈ ਸਾਲ 2018 ਤੱਕ ਕੇਂਦਰੀ ਜੇਲ੍ਹ ਫਰੀਦਕੋਟ ਵਿੱਚ ਰਿਹਾ ਕਿਉਂਕਿ ਉਸ ਨੂੰ 4 ਜਨਵਰੀ 2018 ਨੂੰ ਕਿਸੇ ਹੋਰ ਰਾਜ ਦੀ ਪੁਲੀਸ ਹਵਾਲੇ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ ਦੂਜੇ ਰਾਜਾਂ ਦੀਆਂ ਜੇਲ੍ਹਾਂ ਵਿੱਚ ਰਿਹਾ ਅਤੇ ਉਸ ਨੂੰ 24 ਸਤੰਬਰ, 2022 ਨੂੰ ਕੇਂਦਰੀ ਜੇਲ੍ਹ ਬਠਿੰਡਾ ਲਿਆਂਦਾ ਗਿਆ ਸੀ ਅਤੇ ਬਿਸ਼ਨੋਈ ਨੂੰ 24 ਅਗਸਤ, 2023 ਨੂੰ ਦੁਬਾਰਾ ਗੁਜਰਾਤ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ। ਪੁਖਤਾ ਸਬੂਤਾਂ ਦੇ ਮੱਦੇਨਜ਼ਰ, ਆਈ.ਜੀ. ਜੇਲ੍ਹਾਂ ਨੇ ਲਗਾਏ ਗਏ ਗੁਮਰਾਹਕੁੰਨ ਦੋਸ਼ ਨੂੰ ਨਕਾਰਦਿਆਂ ਕਿਹਾ ਕਿ ਇਹ ਵੀਡੀਓ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਨਹੀਂ ਬਣਾਈ ਗਈ ਕਿਉਂਕਿ ਲਾਰੈਂਸ ਬਿਸ਼ਨੋਈ ਅਤੇ ਰਾਜੂ ਬਿਸ਼ਨੋਈ ਦੋਵੇਂ ਕਦੇ ਵੀ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਇਕੱਠੇ ਨਹੀਂ ਰਹੇ ।