ਅਗਲੇ ਸਾਲ ਤੱਕ ਮੁਹੱਲਾ ਕਲੀਨਿਕਾਂ ਤੇ ਹਸਪਤਾਲਾਂ ਨੂੰ ਇੰਨਾ ਵਧੀਆ ਬਣਾ ਦੇਵਾਂਗੇ, ਲੋਕਾਂ ਨੂੰ ਆਯੁਸ਼ਮਾਨ ਯੋਜਨਾ ਦੀ ਲੋੜ ਹੀ ਨਹੀਂ ਰਹਿਣੀ : ਸੀਐਮ ਭਗਵੰਤ ਮਾਨ ਦਾ ਦਾਅਵਾ
CM Bhagwant Mann: ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਅਗਲੇ ਸਾਲ ਤੋਂ ਪੰਜਾਬ ਅੰਦਰ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੀ ਲੋੜ ਹੀ ਨਹੀਂ ਪਵੇਗੀ। ਸੂਬੇ ਵਿੱਚ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ਵਿੱਚ ਹੀ ਮਰੀਜ਼ਾਂ ਦਾ ਇਲਾਜ ਹੋ ਜਾਇਆ ਕਰੇਗਾ।
CM Bhagwant Mann: ਕੇਂਦਰ ਦੀ ਆਯੁਸ਼ਮਾਨ ਸਕੀਮ (Ayushman Yojana) ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪੰਜਾਬ ਦੇ ਸੀਐਮ ਭਗਵੰਤ ਮਾਨ (CM Bhagwant Mann) ਨੇ ਵੱਡਾ ਦਾਅਵਾ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਅਗਲੇ ਸਾਲ ਤੋਂ ਪੰਜਾਬ ਅੰਦਰ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੀ ਲੋੜ ਹੀ ਨਹੀਂ ਪਵੇਗੀ। ਸੂਬੇ ਵਿੱਚ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ਵਿੱਚ ਹੀ ਮਰੀਜ਼ਾਂ ਦਾ ਇਲਾਜ ਹੋ ਜਾਇਆ ਕਰੇਗਾ।
ਦੱਸ ਦਈਏ ਕਿ ਆਯੁਸ਼ਮਾਨ ਯੋਜਨਾ ਕੇਂਦਰ ਤੇ ਸੂਬਾ ਸਰਕਾਰ ਦੀ ਸਾਂਝੀ ਲਾਗਤ 'ਤੇ ਚੱਲਦੀ ਹੈ। ਇਸ ਸਕੀਮ ਵਿੱਚ 5 ਲੱਖ ਤੱਕ ਦਾ ਕੈਸ਼ਲੈੱਸ ਇਲਾਜ ਮਿਲਦਾ ਹੈ। ਕੁਝ ਸਮੇਂ ਤੋਂ ਪੰਜਾਬ ਸਰਕਾਰ ਨੇ ਇਸ ਵਿੱਚ ਆਪਣਾ ਬਣਦਾ ਹਿੱਸਾ ਨਹੀਂ ਦਿੱਤਾ, ਜਿਸ ਕਾਰਨ ਕਈ ਥਾਵਾਂ ’ਤੇ ਇਲਾਜ ਰੁਕਿਆ ਹੋਇਆ ਹੈ। ਇਸ ਕਰਕੇ ਭਗਵੰਤ ਮਾਨ ਸਰਕਾਰ ਵਿਵਾਦਾਂ ਵਿੱਚ ਘਿਰ ਗਈ ਹੈ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਪੰਜਾਬ ਆਪਣੇ ਦਮ 'ਤੇ ਇਲਾਜ ਕਰਨਾ ਸ਼ੁਰੂ ਕਰ ਦੇਵੇਗਾ ਤਾਂ ਸਾਨੂੰ ਆਯੁਸ਼ਮਾਨ ਯੋਜਨਾ ਦੀ ਲੋੜ ਹੀ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਤੇ ਬੰਗਾਲ ਵਿੱਚ ਹਰ ਕਿਸੇ ਦਾ ਇਲਾਜ ਮੁਫ਼ਤ ਹੈ। ਆਯੁਸ਼ਮਾਨ ਵਿੱਚ ਸਿਰਫ਼ ਵਿਸ਼ੇਸ਼ ਵਰਗ ਨੂੰ ਹੀ ਮੁਫ਼ਤ ਇਲਾਜ ਮਿਲਦਾ ਹੈ। ਅਸੀਂ ਅਗਲੇ ਸਾਲ ਤੱਕ ਮੁਹੱਲਾ ਕਲੀਨਿਕਾਂ ਤੇ ਹਸਪਤਾਲਾਂ ਨੂੰ ਇੰਨਾ ਵਧੀਆ ਬਣਾ ਦੇਵਾਂਗੇ ਕਿ ਲੋਕਾਂ ਨੂੰ ਆਯੁਸ਼ਮਾਨ ਯੋਜਨਾ ਦੀ ਲੋੜ ਹੀ ਨਹੀਂ ਪਵੇਗੀ।
ਦੱਸ ਦਈਏ ਕਿ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ, ਮਰੀਜ਼ ਨੂੰ 5 ਲੱਖ ਤੱਕ ਦਾ ਨਕਦ ਰਹਿਤ ਇਲਾਜ ਮਿਲਦਾ ਹੈ। ਚੰਡੀਗੜ੍ਹ ਸਥਿਤ ਪੀਜੀਆਈ ਨੇ ਕੁਝ ਦਿਨ ਪਹਿਲਾਂ ਇਸ ਸਕੀਮ ਤਹਿਤ ਇਲਾਜ ਬੰਦ ਕਰ ਦਿੱਤਾ ਸੀ। ਪੀਜੀਆਈ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਸਰਕਾਰ ਆਪਣੇ ਹਿੱਸੇ ਦੇ 16 ਕਰੋੜ ਰੁਪਏ ਨਹੀਂ ਦੇ ਰਹੀ।
ਇਸ ਮਗਰੋਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੈਸੇ ਜਾਰੀ ਕਰਨ ਦਾ ਦਾਅਵਾ ਕੀਤਾ ਸੀ ਪਰ ਪੀਜੀਆਈ ਨੇ ਇਸ ਤੋਂ ਇਨਕਾਰ ਕੀਤਾ ਸੀ। ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਤੇ ਕੇਂਦਰੀ ਸਿਹਤ ਮੰਤਰਾਲੇ ਨੇ ਪੀਜੀਆਈ ਨੂੰ ਇਲਾਜ ਜਾਰੀ ਰੱਖਣ ਲਈ ਕਿਹਾ ਸੀ।
ਇਸ ਤੋਂ ਇਲਾਵਾ ਪੰਜਾਬ ਵਿੱਚ ਵੀ ਇਸ ਸਕੀਮ ਤਹਿਤ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਬੰਦ ਕਰ ਦਿੱਤਾ ਗਿਆ ਹੈ। ਸੀਐਮ ਮਾਨ ਦਾ ਕਹਿਣਾ ਹੈ ਕਿ ਜਲਦੀ ਹੀ ਅਸੀਂ ਸਕੀਮ ਤਹਿਤ ਪੈਸੇ ਜਾਰੀ ਕਰ ਰਹੇ ਹਾਂ।