ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ; ਪਨਸਪ ਫੂਡ ਇੰਸਪੈਕਟਰ ਗੁਰਿੰਦਰ ਸਿੰਘ 3 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹੇਠ ਬਰਖ਼ਾਸਤ
ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪਨਸਪ ਦੀ ਮੈਨੇਜਿੰਗ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ ਨੇ 20294 ਕਣਕ ਦੀਆਂ ਬੋਰੀਆਂ ਅਤੇ ਕਰੀਬ 3 ਕਰੋੜ ਰੁਪਏ ਦੇ ਹੋਰ ਸਟਾਕ.....
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਗਈ ਹੈ ਅਤੇ ਆਪਣੀ ਡਿਊਟੀ ਪ੍ਰਤੀ ਗੈਰ-ਜ਼ਿੰਮੇਵਾਰ ਰਵੱਈਆ ਅਖ਼ਤਿਆਰ ਕਰਨ ਵਾਲਿਆਂ ਵਿਰੁੱਧ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ।
ਇਸੇ ਲੜੀ ਤਹਿਤ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪਨਸਪ ਦੀ ਮੈਨੇਜਿੰਗ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ ਨੇ 20294 ਕਣਕ ਦੀਆਂ ਬੋਰੀਆਂ ਅਤੇ ਕਰੀਬ 3 ਕਰੋੜ ਰੁਪਏ ਦੇ ਹੋਰ ਸਟਾਕ ਵਿੱਚ ਗਬਨ ਕਰਨ ਦੇ ਦੋਸ਼ ਵਿੱਚ ਪਟਿਆਲਾ- l ਸੈਂਟਰ (ਜ਼ਿਲ੍ਹਾ-ਪਟਿਆਲਾ) ਵਿੱਚ ਤਾਇਨਾਤ ਇੰਸਪੈਕਟਰ ਗਰੇਡ-1 ਗੁਰਿੰਦਰ ਸਿੰਘ ਨੂੰ ਬਰਖਾਸਤ ਕਰ ਦਿੱਤਾ ਹੈ।
ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਮੈਨੇਜਰ, ਪਨਸਪ (ਮੋਗਾ) ਅਨੰਤ ਸ਼ਰਮਾ, ਜ਼ਿਲ੍ਹਾ ਮੈਨੇਜਰ, ਪਨਸਪ (ਸੰਗਰੂਰ) ਗੌਰਵ ਆਹਲੂਵਾਲੀਆ ਅਤੇ ਫੀਲਡ ਅਫ਼ਸਰ, ਪਨਸਪ (ਮੋਗਾ) ਅਵਿਨਾਸ਼ ਗੋਇਲ ਸਮੇਤ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਕੀਤੀ ਨਿੱਜੀ ਜਾਂਚ ਉਪਰੰਤ ਸਟਾਕ ਦੀ ਘਾਟ ਸਾਹਮਣੇ ਆਈ।
ਸਟਾਕ ਦੀ ਘਾਟ ਸਾਹਮਣੇ ਆਉਣ 'ਤੇ, 17 ਅਗਸਤ, 2022 ਨੂੰ ਥਾਣਾ ਸਦਰ, ਪਟਿਆਲਾ, ਜ਼ਿਲ੍ਹਾ ਪਟਿਆਲਾ ਵਿਖੇ ਦੰਡਯੋਗ ਜ਼ੁਰਮਾਂ ਲਈ ਭਾਰਤੀ ਦੰਡਾਵਲੀ 1860 ਦੀ ਧਾਰਾ 406, 409, 420, 467, 468 ਅਤੇ 471 ਤਹਿਤ ਐਫਆਈਆਰ ਦਰਜ ਕਰਕੇ ਦੋਸ਼ੀ ਅਧਿਕਾਰੀ ਵਿਰੁੱਧ ਫੌਜਦਾਰੀ ਕਾਰਵਾਈ ਸ਼ੁਰੂ ਕੀਤੀ ਗਈ।
ਜ਼ਿਕਰਯੋਗ ਹੈ ਕਿ ਫਿਜ਼ੀਕਲ ਵੈਰੀਫਿਕੇਸ਼ਨ ਟੀਮ ਦੇ ਧਿਆਨ ਵਿੱਚ ਇਹ ਸਟਾਕ ਦੀ ਘਾਟ ਸਾਹਮਣੇ ਆਉਣ ਉਪਰੰਤ ਪੁੱਛਗਿੱਛ ਕਰਨ 'ਤੇ ਇਹ ਪਤਾ ਲੱਗਾ ਕਿ ਸਬੰਧਤ ਇੰਸਪੈਕਟਰ/ਇੰਚਾਰਜ ਐਲਟੀਸੀ ਛੁੱਟੀ 'ਤੇ ਚਲਾ ਗਿਆ ਸੀ ਅਤੇ ਉਸ ਨੇ ਹਾਲੇ ਤੱਕ ਆਪਣੀ ਸਰਵਿਸ ਮੁੜ ਜੁਆਇੰਨ ਨਹੀਂ ਕੀਤੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :