ਬੇਮੌਸਮੀ ਬਾਰਸ਼ ਨੇ ਪੰਜਾਬ 'ਚ ਮਚਾਈ ਤਬਾਹੀ, ਮੌਸਮ ਵਿਭਾਗ ਦਾ ਅਗਲੇ 24 ਘੰਟਿਆ ਲਈ ਅਲਰਟ
ਅਹਿਮ ਗੱਲ਼ ਹੈ ਕਿ ਪਹਿਲਾਂ ਹੀ ਕਿਸਾਨ ਨੂੰ ਫ਼ਸਲਾਂ ’ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਮੰਡੀਆਂ ਵਿੱਚ ਕਈ-ਕਈ ਦਿਨ ਰੁਲਣਾ ਪੈ ਰਿਹਾ ਸੀ, ਹੁਣ ਮੀਂਹ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ।
ਚੰਡੀਗੜ੍ਹ: ਬੇਮੌਸਮੀ ਬਾਰਸ਼ ਨੇ ਫਿਰ ਕਿਸਾਨਾਂ ਉੱਪਰ ਕਹਿਰ ਵਰ੍ਹਾਇਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚੋਂ ਬਾਰਸ਼ ਨਾਲ ਫਸਲਾਂ ਦੇ ਨੁਕਸਾਨ ਦੀਆਂ ਖਬਰਾਂ ਆ ਰਹੀਆਂ ਹਨ। ਹਾਸਲ ਰਿਪੋਰਟਾਂ ਮੁਤਾਬਕ ਇੱਕ ਪਾਸੇ ਖੇਤਰਾਂ ਵਿੱਚ ਖੜ੍ਹੀਆਂ ਫਸਲਾਂ ਵਿੱਛ ਗਈਆਂ ਹਨ ਤੇ ਦੂਜੇ ਪਾਸੇ ਮੰਡੀਆਂ ਵਿੱਚ ਪਈ ਝੋਨੇ ਦੀ ਫਸਲ ਬਾਰਸ਼ ਨਾਲ ਭਿੱਜ ਗਈ ਹੈ। ਇਸ ਕਰਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਹੋਰ ਰੁਲਣਾ ਪੈ ਸਕਦਾ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਝੋਨੇ ਦੀ ਵਾਢੀ ਦੌਰਾਨ ਮਾਝੇ ਤੇ ਦੋਆਬਾ ਸਣੇ ਦਰਜਨ ਦੇ ਕਰੀਬ ਜ਼ਿਲ੍ਹਿਆਂ ’ਚ ਪਏ ਗੜਿਆਂ ਤੇ ਬੇਮੌਸਮੇ ਮੀਂਹ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ। ਸ਼ਨੀਵਾਰ ਦੇਰ ਸ਼ਾਮ ਅਚਾਨਕ ਬਦਲੇ ਮੌਸਮ ਕਾਰਨ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਫਿਰੋਜ਼ਪੁਰ ਤੇ ਫਾਜ਼ਿਲਕਾ ਸਣੇ ਹੋਰਨਾਂ ਖੇਤਰਾਂ ਵਿੱਚ ਖੇਤਾਂ ’ਚ ਪੱਕੀ ਫ਼ਸਲ ਨੁਕਸਾਨੀ ਗਈ ਹੈ। ਅੱਜ ਸਵੇਰੇ ਵੀ ਕਈ ਥਾਈਂ ਬਾਰਸ਼ ਪਈ ਹੈ। ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਦੌਰਾਨ ਵੀ ਤੇਜ਼ ਮੀਂਹ ਤੇ ਹਨੇਰੀ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਹਾਸਲ ਰਿਪੋਰਟਾਂ ਮੁਤਾਬਕ ਪੰਜਾਬ ਦੇ ਖੇਤਾਂ ’ਚ ਇੱਕ ਪਾਸੇ ਝੋਨੇ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ, ਉੱਥੇ ਨਾਲ ਹੀ ਮੰਡੀਆਂ ਵਿੱਚ ਫ਼ਸਲ ਦੀ ਤੁਲਾਈ ਦਾ ਕੰਮ ਵੀ ਜਾਰੀ ਹੈ। ਮੀਂਹ ਤੇ ਗੜਿਆਂ ਨੇ ਮੰਡੀਆਂ ਵਿਚਲੇ ਖਰੀਦ ਪ੍ਰਬੰਧਾਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ, ਜਿੱਥੇ ਖੁੱਲ੍ਹੇ ਆਸਮਾਨ ਹੇਠ ਢੇਰੀ ਕੀਤੀ ਝੋਨੇ ਦੀ ਫ਼ਸਲ ਬਚਾਉਣ ਲਈ ਕਿਸਾਨ ਨੂੰ ਖੁੱਜਲ-ਖੁਆਰ ਹੋਣਾ ਪੈ ਰਿਹਾ ਹੈ।
ਅਹਿਮ ਗੱਲ਼ ਹੈ ਕਿ ਪਹਿਲਾਂ ਹੀ ਕਿਸਾਨ ਨੂੰ ਫ਼ਸਲਾਂ ’ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਮੰਡੀਆਂ ਵਿੱਚ ਕਈ-ਕਈ ਦਿਨ ਰੁਲਣਾ ਪੈ ਰਿਹਾ ਸੀ, ਹੁਣ ਮੀਂਹ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਸੂਬੇ ’ਚ ਮੀਂਹ ਅਤੇ ਠੰਢੀਆਂ ਹਵਾਵਾਂ ਦਾ ਨਰਮੇ ਦੀ ਫ਼ਸਲ ’ਤੇ ਵੀ ਅਸਰ ਪਿਆ ਹੈ। ਮੀਂਹ ਕਾਰਨ ਜਿੱਥੇ ਨਰਮੇ ਦਾ ਚੁਗਾਈ ਦਾ ਕੰਮ ਰੁਕ ਗਿਆ ਹੈ ਉੱਥੇ ਹੀ ਚੁਗਿਆ ਨਰਮਾ ਵੀ ਭਿੱਜਣ ਕਾਰਨ ਖਰਾਬ ਹੋਣ ਦਾ ਖਦਸ਼ਾ ਹੈ।
ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਮੀਂਹ ਤੇ 40/50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨੇ ਮੌਸਮ ਨੂੰ ਠੰਢਾ ਕਰ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਬੇਮੌਸਮੇ ਮੀਂਹ ਤੇ ਗੜਿਆਂ ਕਾਰਨ ਤਾਪਮਾਨ ਆਮ ਨਾਲੋਂ 2 ਡਿਗਰੀ ਹੇਠਾਂ ਡਿੱਗ ਗਿਆ ਹੈ। ਵਿਭਾਗ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਫਿਰੋਜ਼ਪੁਰ, ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ, ਲੁਧਿਆਣਾ, ਨਵਾਂਸ਼ਹਿਰ, ਰੂਪਨਗਰ, ਮੋਗਾ, ਕਪੂਰਥਲਾ, ਜਲੰਧਰ ਇਲਾਕੇ ’ਚ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।