Amritsar News: ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਦਾ ਕੀ ਕਸੂਰ? ਵੋਟਾਂ ਦੀ ਵੰਡ ਖਾਤਰ ਇੱਥੋਂ ਤੱਕ ਨਾ ਜਾਓ: ਵਿਰਸਾ ਸਿੰਘ ਵਲਟੋਹਾ
ਹੁਣ ਏਅਰਪੋਰਟ 'ਤੇ ਮੁੜ ਉਹੀ ਕਾਰਵਾਈ ਕਰਨਾ ਤੇ ਵੱਡੇ ਪੱਧਰ 'ਤੇ ਮੀਡੀਆ ਵਿੱਚ ਪ੍ਰਚਾਰ ਕਰਨਾ ਸਾਫ ਸਿੱਧ ਕਰਦਾ ਹੈ ਕਿ ਭਗਵੰਤ ਮਾਨ ਸਰਕਾਰ ਤੇ ਕੇਂਦਰ ਸਰਕਾਰ ਸਿੱਖ ਜਵਾਨੀ ਵਿੱਚ ਦਹਿਸ਼ਤ ਪੈਦਾ ਕਰਕੇ ਹਊਆ ਖੜ੍ਹਾ ਕਰਨ ਦਾ ਲਗਾਤਾਰ ਇੱਕ ਯਤਨ ਕਰ ਰਹੀ ਹੈ।
Amritsar News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਨੂੰ ਯੂਕੇ ਜਾਣ ਤੋਂ ਰੋਕਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਭਗਵੰਤ ਮਾਨ ਸਰਕਾਰ ਤੇ ਕੇਂਦਰ ਸਰਕਾਰ ਸਿੱਖ ਜਵਾਨੀ ਵਿੱਚ ਦਹਿਸ਼ਤ ਪੈਦਾ ਕਰਕੇ ਹਊਆ ਖੜ੍ਹਾ ਕਰਨ ਦਾ ਲਗਾਤਾਰ ਇੱਕ ਯਤਨ ਕਰ ਰਹੀ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਦਾ ਕੀ ਕਸੂਰ ਹੈ? ਨਾਲ ਹੀ ਉਨ੍ਹਾਂ ਕਿਹਾ ਹੈ ਕਿ ਵੋਟਾਂ ਦੀ ਵੰਡ ਖਾਤਰ ਇੱਥੋਂ ਤੱਕ ਨਾ ਜਾਓ।
ਵਲਟੋਹਾ ਨੇ ਫੇਸਬੁੱਕ ਉਪਰ ਪੋਸਟ ਪਾਉਂਦਿਆਂ ਲਿਖਿਆ, ਕਦੋਂ ਦਾ ਅੰਮ੍ਰਿਤਪਾਲ ਸਿੰਘ ਵਾਲਾ ਰੌਲਾ ਚੱਲ ਰਿਹਾ ਹੈ ਤੇ ਉਸ ਦੀ ਨਵ-ਵਿਆਹੁਤਾ ਪਤਨੀ ਬੀਬਾ ਕਿਰਨਦੀਪ ਕੌਰ ਵੀ ਪਿੰਡ ਜੱਲੂਪੁਰ ਖੇੜਾ ਘਰ ਵਿੱਚ ਹੀ ਰਹਿੰਦੀ ਸੀ। ਪੰਜਾਬ ਪੁਲਿਸ ਤੇ ਦੇਸ਼ ਦੀਆਂ ਏਜੰਸੀਆਂ ਵੱਲੋਂ ਉਸ ਦੀ ਵੱਡੇ ਪੱਧਰ 'ਤੇ ਪੁੱਛਗਿਛ ਵੀ ਕੀਤੀ ਗਈ। ਜੇਕਰ ਪੁੱਛਗਿੱਛ ਦੀ ਹੋਰ ਜ਼ਰੂਰਤ ਸੀ ਤਾਂ ਉਸ ਦੇ ਘਰ ਵਿੱਚ ਹੀ ਦੁਬਾਰਾ ਹੋਰ ਕਰ ਲੈਂਦੇ।
ਉਨ੍ਹਾਂ ਅੱਗੇ ਲਿਖਿਆ ਕਿ ਹੁਣ ਏਅਰਪੋਰਟ 'ਤੇ ਮੁੜ ਉਹੀ ਕਾਰਵਾਈ ਕਰਨਾ ਤੇ ਵੱਡੇ ਪੱਧਰ 'ਤੇ ਮੀਡੀਆ ਵਿੱਚ ਪ੍ਰਚਾਰ ਕਰਨਾ ਸਾਫ ਸਿੱਧ ਕਰਦਾ ਹੈ ਕਿ ਭਗਵੰਤ ਮਾਨ ਸਰਕਾਰ ਤੇ ਕੇਂਦਰ ਸਰਕਾਰ ਸਿੱਖ ਜਵਾਨੀ ਵਿੱਚ ਦਹਿਸ਼ਤ ਪੈਦਾ ਕਰਕੇ ਹਊਆ ਖੜ੍ਹਾ ਕਰਨ ਦਾ ਲਗਾਤਾਰ ਇੱਕ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਰਨਦੀਪ ਕੌਰ ਯੂਕੇ ਦੀ ਸਿਟੀਜਨ ਹੈ। ਉਸ ਨਾਲ ਅਜਿਹਾ ਵਿਵਹਾਰ ਦੇਸ਼ ਦੀ ਵਿਦੇਸ਼ ਨੀਤੀ ਦੀ ਵੀ ਸ਼ਰੇਆਮ ਉਲੰਘਣਾ ਹੈ।
ਵਲਟੋਹਾ ਨੇ ਕਿਹਾ ਕਿ ਅਸੀਂ ਤਾਂ ਨਿਰਦੋਸ਼ਾਂ ਨਾਲ ਬੇਇਨਸਾਫ਼ੀ ਸਮੇਂ ਉਨ੍ਹਾਂ ਨਾਲ ਹਮੇਸ਼ਾਂ ਖੜ੍ਹਦੇ ਰਹੇ ਹਾਂ। ਅੰਮ੍ਰਿਤਪਾਲ ਸਿੰਘ ਦੀ ਆੜ ਹੇਠ ਸਿੱਖ ਨੌਜਵਾਨਾਂ ਤੇ ਸਿੱਖ ਬੀਬੀਆਂ ਦੀ ਫੜੋ ਫੜਾਈ ਦੇ ਦੌਰ ਦਾ ਵਿਰੋਧ ਕਰਨਾ ਚਾਹੀਦਾ ਹੈ। ਕਿਰਨਦੀਪ ਕੌਰ ਤਾਂ ਸਿੱਖ ਪੰਥ ਦੀ ਆਪਣੀ ਬੱਚੀ ਹੈ। ਧੀਆਂ ਭੈਣਾਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਉਸ ਵਿਚਾਰੀ ਬੱਚੀ ਦਾ ਕੀ ਕਸੂਰ ਹੈ? ਉਹ ਤਾਂ ਬਾਹਰ ਦੀ ਇੰਗਲੈਂਡ ਦੀ ਜੰਮਪਲ ਤੇ ਉੱਥੋਂ ਦੀ ਨਾਗਰਿਕ ਸੀ। ਅੰਮ੍ਰਿਤਪਾਲ ਸਿੰਘ ਨਾਲ ਵਿਆਹ ਕਰਵਾਉਣਾ ਹੀ ਉਸ ਦਾ ਕਸੂਰ ਹੋ ਗਿਆ? ਸਮੂਹ ਪੰਜਾਬੀਆਂ ਤੇ ਖਾਸ ਕਰਕੇ ਸਿੱਖ ਕੌਮ ਦੇ ਆਗੂਆਂ, ਚਿੰਤਕਾਂ ਤੇ ਦਰਦੀਆਂ ਨੂੰ ਅਪੀਲ ਹੈ ਕਿ ਅਜਿਹੇ ਗੰਭੀਰ ਮਸਲਿਆਂ 'ਤੇ ਸੰਜੀਦਾ ਹੋਵੋ।
ਉਨ੍ਹਾਂ ਕਿਹਾ ਕਿ ਮੇਰੀ ਸਬੰਧਤ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਵੋਟਾਂ ਦੀ ਵੰਡ ਖਾਤਰ ਇੱਥੋਂ ਤੱਕ ਨਾ ਜਾਓ। ਪੰਜਾਬ ਸਾਡਾ ਸਾਰਿਆਂ ਦਾ ਹੈ। ਦੇਸ਼ ਸਾਡਾ ਹੈ। ਵੋਟਾਂ ਲਈ ਘੜੇ ਤੁਹਾਡੇ ਮਨਸੂਬੇ ਸਮਾਜ ਦੀ ਭਾਈਚਾਰਕ ਸਾਂਝ ਨੂੰ ਕਦੇ ਵੀ ਨਹੀਂ ਤੋੜ ਸਕਦੇ। ਅਮਨ ਸ਼ਾਂਤੀ ਹੀ ਪੰਜਾਬ ਦੀ ਤਰੱਕੀ ਦਾ ਰਸਤਾ ਹੈ। ਕਿਰਪਾ ਕਰਕੇ ਵੋਟਾਂ ਖਾਤਰ ਗੰਦੀ ਸਿਆਸਤ ਨਾ ਕਰੋ।