(Source: Poll of Polls)
Wheat Price in Punjab: ਕਣਕ ਨੇ ਕਰਵਾਈ ਕਿਸਾਨਾਂ ਦੀ ਬੱਲੇ-ਬੱਲੇ, ਝਾੜ ਦੇ ਨਾਲ ਹੀ ਰੇਟ ਵੀ ਮਾਰਨ ਲੱਗਾ ਝੜੱਪੇ
ਕਣਕ ਨੇ ਇਸ ਵਾਰ ਕਿਸਾਨਾਂ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ। ਇੱਕ ਪਾਸੇ ਪ੍ਰਤੀ ਏਕੜ ਦੋ ਤੋਂ ਤਿੰਨ ਕੁਇੰਟਲ ਝਾੜ ਵੱਧ ਨਿਕਲ ਰਿਹਾ ਹੈ ਤੇ ਦੂਜੇ ਪਾਸੇ ਸਰਕਾਰ ਵੱਲੋਂ ਤੈਅ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਨਾਲੋਂ ਵੀ ਵੱਧ ਕੀਮਤ ਉਪਰ...

Wheat Price in Punjab: ਕਣਕ ਨੇ ਇਸ ਵਾਰ ਕਿਸਾਨਾਂ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ। ਇੱਕ ਪਾਸੇ ਪ੍ਰਤੀ ਏਕੜ ਦੋ ਤੋਂ ਤਿੰਨ ਕੁਇੰਟਲ ਝਾੜ ਵੱਧ ਨਿਕਲ ਰਿਹਾ ਹੈ ਤੇ ਦੂਜੇ ਪਾਸੇ ਸਰਕਾਰ ਵੱਲੋਂ ਤੈਅ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਨਾਲੋਂ ਵੀ ਵੱਧ ਕੀਮਤ ਉਪਰ ਕਣਕ ਵਿਕ ਰਹੀ ਹੈ। ਸੂਬੇ ਦੇ ਜ਼ਿਲ੍ਹਿਆਂ ਸੰਗਰੂਰ, ਬਠਿੰਡਾ, ਮਾਨਸਾ, ਬਰਨਾਲਾ, ਮੋਗਾ, ਫਰੀਦਕੋਟ, ਫਾਜ਼ਿਲਕਾ ਤੇ ਮੁਕਤਸਰ ਵਿੱਚ ਪ੍ਰਾਈਵੇਟ ਵਪਾਰੀ ਕਣਕ ਦੀ ਫ਼ਸਲ 5 ਤੋਂ 10 ਰੁਪਏ ਪ੍ਰਤੀ ਕੁਇੰਟਲ ਵਧ ਕੇ ਖਰੀਦ ਰਹੇ ਹਨ।
ਮੰਡੀ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਮੰਡੀਆਂ ਵਿੱਚ ਆ ਰਹੀ ਕਣਕ ਨੂੰ ਪ੍ਰਾਈਵੇਟ ਵਪਾਰੀ ਧੜੱਲੇ ਨਾਲ ਖਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਵਪਾਰੀਆਂ ਵੱਲੋਂ ਐਮਐਸਪੀ ਤੋਂ 5 ਤੋਂ 10 ਰੁਪਏ ਪ੍ਰਤੀ ਕੁਇੰਟਲ ਵਧ ਕੇ ਕਣਕ ਦੀ ਬੋਲੀ ਦਿੱਤੀ ਜਾ ਰਹੀ ਹੈ। ਇਸ ਕਰਕੇ ਕਿਸਾਨ ਖੁਸ਼ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਕਣਕ ਦਾ ਝਾੜ ਚੰਗਾ ਹੈ। ਕਣਕ ਦਾ ਦਾਣਾ ਮੋਟਾ ਹੈ ਤੇ 60 ਤੋਂ 65 ਮਣ ਦੇ ਵਿਚਕਾਰ ਕਣਕ ਦਾ ਪ੍ਰਤੀ ਏਕੜ ਝਾੜ ਨਿਕਲ ਰਿਹਾ ਹੈ। ਉਧਰ, ਚੰਗੇ ਭਾਅ ਦੀ ਉਮੀਦ ਨਾਲ ਕਈ ਕਿਸਾਨ ਕਣਕ ਨੂੰ ਘਰਾਂ ਵਿੱਚ ਸਟੋਰ ਕਰਨ ਲੱਗੇ ਹਨ।
ਪੰਜਾਬ ਮੰਡੀ ਬੋਰਡ ਅਨੁਸਾਰ ਸੰਗਰੂਰ ਜ਼ਿਲ੍ਹੇ ਵਿੱਚ 193000 ਮੀਟਰਕ ਟਨ, ਬਠਿੰਡਾ ਜ਼ਿਲ੍ਹੇ ਵਿੱਚ 41000 ਮੀਟਰ ਟਨ ਕਣਕ ਅਤੇ ਮਾਨਸਾ ’ਚ 15900 ਮੀਟਰਕ ਟਨ ਕਣਕ ਪ੍ਰਾਈਵੇਟ ਵਪਾਰੀਆਂ ਵੱਲੋਂ ਐੱਮਐੱਸਪੀ ਤੋਂ ਉਪਰ ਖਰੀਦੀ ਗਈ ਹੈ। ਇਸੇ ਤਰ੍ਹਾਂ ਬਰਨਾਲਾ, ਮੋਗਾ, ਫਰੀਦਕੋਟ, ਫਾਜ਼ਿਲਕਾ ਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਵੀ ਪ੍ਰਾਈਵੇਟ ਵਪਾਰੀਆਂ ਵੱਲੋਂ ਸਰਕਾਰੀ ਭਾਅ ਤੋਂ ਉਪਰ ਕਣਕ ਨੂੰ ਖਰੀਦਿਆ ਜਾ ਰਿਹਾ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਅਪਰੈਲ ਮਹੀਨੇ ਦੇ ਅੰਤ ’ਚ ਕਣਕ ਦੀ ਵਾਢੀ ਦਾ ਕੰਮ ਮੁਕੰਮਲ ਹੋਣ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਸੂਬਾ ਸਰਕਾਰ ਵੱਲੋਂ ਮੰਡੀਆਂ ਵਿੱਚ ਫ਼ਸਲ ਦੀ ਖਰੀਦ ਨਾਲੋਂ-ਨਾਲ ਕੀਤੀ ਜਾ ਰਹੀ ਹੈ ਪਰ ਮੰਡੀਆਂ ’ਚ ਕਣਕ ਦੀ ਚੁਕਾਈ ਦਾ ਕੰਮ ਵਧੇਰੇ ਹੌਲੀ ਚੱਲ ਰਿਹਾ ਹੈ। ਕਣਕ ਦੀ ਚੁਕਾਈ ਨਾ ਹੋਣ ਕਾਰਨ ਮੰਡੀਆਂ ਵਿੱਚ ਢੇਰ ਲੱਗ ਗਏ ਹਨ। ਦੂਜੇ ਪਾਸੇ ਲਿਫਟਿੰਗ ਨਾ ਹੋਣ ਕਾਰਨ ਕਾਰਨ ਅਗਲੇ ਦਿਨਾਂ ’ਚ ਕਣਕ ਦੇ ਖਰੀਦ ਕਾਰਜ ਵਿੱਚ ਅੜਿੱਕੇ ਖੜ੍ਹੇ ਹੋ ਸਕਦੇ ਹਨ।
ਹਾਸਲ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 96.17 ਲੱਖ ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ ’ਚੋਂ 91.18 ਲੱਖ ਮੀਟਰਕ ਟਨ ਕਣਕ ਦੀ ਖਰੀਦੀ ਗਈ ਹੈ। ਜਦੋਂਕਿ ਖਰੀਦੀ ਗਈ 91.18 ਲੱਖ ਮੀਟਰਕ ਟਨ ਕਣਕ ’ਚੋਂ ਸਿਰਫ਼ 31.22 ਲੱਖ ਮੀਟਰਕ ਟਨ ਕਣਕ ਦੀ ਚੁਕਾਈ ਹੋ ਸਕੀ ਹੈ। ਇਹ ਕੁੱਲ ਖਰੀਦੀ ਗਈ ਕਣਕ ਦਾ 30 ਫ਼ੀਸਦ ਦੇ ਕਰੀਬ ਹੀ ਬਣਦਾ ਹੈ। ਹਾਲਾਂਕਿ ਵਿਭਾਗ ਵੱਲੋਂ ਪਿਛਲੇ ਤਿੰਨ-ਚਾਰ ਦਿਨਾਂ ਤੋਂ ਕਣਕ ਦੀ ਲਿਫਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਦੱਸ ਦਈਏ ਕਿ ਪਿਛਲੇ ਦਿਨੀਂ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਣਕ ਦੇ ਲਿਫਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਸਨ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਦਾ ਨਾਲੋਂ-ਨਾਲ ਖਰੀਦ ਕਰਕੇ ਅਦਾਇਗੀ ਕੀਤੀ ਜਾਵੇ। ਇਸ ਦੇ ਨਾਲ ਹੀ ਮੰਡੀਆਂ ’ਚੋਂ ਕਣਕ ਦੀ ਲਿਫਟਿੰਗ ਵਿੱਚ ਤੇਜ਼ੀ ਲਿਆਂਦੀ ਜਾਵੇ।






















