Punjab Rice: ਪੰਜਾਬ ਦੇ ਕਿਸਾਨਾਂ ਖਿਲਾਫ ਕੌਣ ਰਚ ਰਿਹਾ ਸਾਜਿਸ਼ ? ਕਈ ਸੂਬੇ ਪੰਜਾਬੀ ਚੌਲ ਖਾਣ ਤੋਂ ਇਨਕਾਰੀ
Karnataka Rejected Punjab Rice: ਦੇਸ਼ ਦੇ ਕਈ ਸੂਬੇ ਪੰਜਾਬ ਦੇ ਚੌਲ ਖਾਣ ਲਈ ਤਿਆਰ ਨਹੀਂ। ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਚੌਲ ਤੈਅ ਮਿਆਰਾਂ ਨੂੰ ਪੂਰਾ ਨਹੀਂ ਕਰਦੇ। ਕਰਨਾਟਕ ਤੇ ਅਰੁਣਾਚਲ ਪ੍ਰਦੇਸ਼ ਭੇਜੇ ਚੌਲਾਂ ਦੇ ਸੈਂਪਲ ਫੇਲ੍ਹ ਹੋ ਗਏ ਹਨ।
Karnataka Rejected Punjab Rice: ਦੇਸ਼ ਦੇ ਕਈ ਸੂਬੇ ਪੰਜਾਬ ਦੇ ਚੌਲ ਖਾਣ ਲਈ ਤਿਆਰ ਨਹੀਂ। ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਚੌਲ ਤੈਅ ਮਿਆਰਾਂ ਨੂੰ ਪੂਰਾ ਨਹੀਂ ਕਰਦੇ। ਕਰਨਾਟਕ ਤੇ ਅਰੁਣਾਚਲ ਪ੍ਰਦੇਸ਼ ਭੇਜੇ ਚੌਲਾਂ ਦੇ ਸੈਂਪਲ ਫੇਲ੍ਹ ਹੋ ਗਏ ਹਨ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਪੰਜਾਬ ਦੇ ਕਿਸਾਨਾਂ ਖਿਲਾਫ ਸਾਜਿਸ਼ ਹੈ। ਸ਼ੈਲਰ ਮਾਲਕਾਂ ਨੂੰ ਵੀ ਸ਼ੱਕ ਹੈ ਕਿ ਦਾਲ ਵਿੱਚ ਕੁਝ ਕਾਲਾ ਹੈ।
ਦਰਅਸਲ ਪੰਜਾਬ ਵੱਲੋਂ ਕਰਨਾਟਕ ਨੂੰ ਭੇਜੇ ਚੌਲਾਂ ਦੇ ਨਮੂਨੇ ਫੇਲ੍ਹ ਹੋ ਗਏ ਹਨ। ਇਸ ਤੋਂ ਦੋ ਹਫ਼ਤੇ ਪਹਿਲਾਂ ਅਰੁਣਾਚਲ ਪ੍ਰਦੇਸ਼ ਨੂੰ ਭੇਜੇ ਚੌਲਾਂ ਦੇ ਨਮੂਨੇ ਖ਼ਰਾਬ ਮਿਲੇ ਸਨ। ਇਹ ਪੰਜਾਬ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਕਰਨਾਟਕ ਨੂੰ ਭੇਜੇ ਚੌਲਾਂ ਦੇ ਨਮੂਨੇ ‘ਮਿਆਰ ਤੋਂ ਵੀ ਹੇਠਲੇ ਦਰਜੇ’ ਦੇ ਮਿਲੇ ਹਨ। ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਇਨਸਾਨਾਂ ਦੇ ਖਾਣ ਯੋਗ ਨਹੀਂ।
ਖਪਤਕਾਰ ਮਾਮਲਿਆਂ, ਭੋਜਨ ਤੇ ਜਨਤਕ ਵੰਡ ਮਤਰਾਲੇ ਵੱਲੋਂ ਭੇਜੀਆਂ ਗਈਆਂ ਟੀਮਾਂ ਨੇ ਹੁਬਲੀ (ਕਰਨਾਟਕ) ’ਚ ਭੰਡਾਰਨ ਡਿਪੂ ਅਤੇ ਰਾਸ਼ਨ ਦੀਆਂ ਦੁਕਾਨਾਂ ਤੋਂ ਫੋਰਟੀਫਾਈਡ ਚੌਲਾਂ (ਪੌਸ਼ਟਿਕ ਤੱਤਾਂ ਨਾਲ ਭਰਪੂਰ ਚੌਲ) ਦੇ 26 ਨਮੂਨੇ ਲਏ ਸਨ। ਇਨ੍ਹਾਂ ’ਚੋਂ ਚਾਰ ਸੈਂਪਲਾਂ ਨੂੰ ਮਿਆਰ ਤੋਂ ਹੇਠਲੇ ਦਰਜੇ ਦਾ ਐਲਾਨਿਆ ਗਿਆ ਹੈ। ਮੰਤਰਾਲੇ ਨੇ ਇਨ੍ਹਾਂ ਚੌਲਾਂ ਨੂੰ ਬਦਲਣ ਲਈ ਕਿਹਾ ਸੀ ਜਿਨ੍ਹਾਂ ਤੋਂ ਨਮੂਨੇ ਲਏ ਗਏ ਸਨ।ਹਾਸਲ ਜਾਣਕਾਰੀ ਮੁਤਾਬਕ ਨਾਭਾ ਤੋਂ ਹੁਬਲੀ ਨੂੰ 7,304 (3,568.837 ਕੁਇੰਟਲ) ਜਦਕਿ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਤੋਂ 2,995 ਬੋਰੀਆਂ (1,484.929 ਕੁਇੰਟਲ) ਭੇਜੀਆਂ ਗਈਆਂ ਸਨ। ਪਟਿਆਲਾ ਤੇ ਜਲੰਧਰ ਡਿਵੀਜ਼ਨਾਂ ’ਚ ਭਾਰਤੀ ਖੁਰਾਕ ਨਿਗਮ (ਐਫਸੀਆਈ) ਦੇ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਚੌਲਾਂ ਨੂੰ ਬਦਲਣ ਲਈ ਕਿਹਾ ਗਿਆ ਹੈ।
ਪੰਜਾਬ ’ਚ ਪੈਦਾ ਤੇ ਖ਼ਰੀਦੇ ਗਏ ਚੌਲਾਂ ਨੂੰ ਖਾਰਜ ਕੀਤੇ ਜਾਣ ਨਾਲ ਸੂਬੇ ’ਚ ਸ਼ੈਲਰਾਂ ਮਾਲਕਾਂ ਤੇ ਕਿਸਾਨਾਂ ਨੂੰ ਇਸ ਪਿੱਛੇ ਸਾਜ਼ਿਸ਼ ਨਜ਼ਰ ਆ ਰਹੀ ਹੈ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਪੰਜਾਬ ਦੇ ਚੌਲਾਂ ਦੇ ਨਮੂਨੇ ਜਾਣਬੁੱਝ ਕੇ ਗੁਣਵੱਤਾ ਦੇ ਆਧਾਰ ’ਤੇ ਰੱਦ ਕੀਤੇ ਜਾ ਰਹੇ ਹਨ ਜਦਕਿ ਇਨ੍ਹਾਂ ਨੂੰ ਕਈ ਮਹੀਨੇ ਪਹਿਲਾਂ ਹੋਰ ਸੂਬਿਆਂ ਨੂੰ ਭੇਜਿਆ ਗਿਆ ਸੀ। ਕਿਸਾਨ ਲੀਡਰਾਂ ਨੇ ਦੋਸ਼ ਲਾਇਆ ਕਿ ਪੰਜਾਬ ਤੋਂ ਭੇਜੇ ਗਏ ਚੌਲਾਂ ਖ਼ਿਲਾਫ਼ ਲੋਕ ਰਾਏ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਕੇਂਦਰ ਦੇ ਅਨਾਜ ਭੰਡਾਰ ਭਰੇ ਹੋਏ ਹਨ।
ਉਨ੍ਹਾਂ ਕਿਹਾ, ‘‘ਇੰਜ ਜਾਪਦਾ ਹੈ ਕਿ ਕੇਂਦਰ ਝੋਨੇ ਦੀ ਖ਼ਰੀਦ ’ਚ ਕਾਰਪੋਰੇਟਾਂ ਨੂੰ ਲਿਆਉਣਾ ਚਾਹੁੰਦਾ ਹੈ। ਹੋ ਸਕਦਾ ਹੈ ਕਿ ਅਗਲੇ ਸੀਜ਼ਨ ’ਚ ਕਾਰਪੋਰੇਟ ਐਮਐਸਪੀ ਤੋਂ ਘੱਟ ਰੇਟ ਦੇਣ ਪਰ ਕਿਸਾਨ ਮੰਡੀਆਂ ’ਚ ਰਾਤਾਂ ਗੁਜ਼ਾਰਨ ਦੀ ਬਜਾਏ ਉਨ੍ਹਾਂ ਕੋਲ ਚਲੇ ਜਾਣਗੇ।’’ ਸ਼ੈਲਰ ਮਾਲਕਾਂ ਨੂੰ ਖ਼ਦਸ਼ਾ ਹੈ ਕਿ ਚੌਲਾਂ ਦੇ ਨਮੂਨੇ ਖਾਰਜ ਹੋਣ ਕਾਰਨ ਐਫਸੀਆਈ ਪੰਜਾਬ ਤੋਂ ਚੌਲਾਂ ਦੀ ਆਵਾਜਾਈ ਉਦੋਂ ਤੱਕ ਰੋਕ ਦੇਵੇਗਾ ਜਦੋਂ ਤੱਕ ਕਿ ਸੂਬੇ ’ਚ ਸਾਰੇ ਚੌਲਾਂ ਦੀ ਗੁਣਵੱਤਾ ਦੀ ਜਾਂਚ ਨਹੀਂ ਹੋ ਜਾਂਦੀ।
ਉਧਰ, ਐਫਸੀਆਈ ਪੰਜਾਬ ਦੇ ਖੇਤਰੀ ਜਨਰਲ ਮੈਨੇਜਰ ਬੀ. ਸ੍ਰੀਨਿਵਾਸਨ ਨੇ ਕਿਹਾ ਕਿ ਪੰਜਾਬ ’ਚ ਸਾਰੇ ਸਟਾਕ ਦੀ ਗੁਣਵੱਤਾ ਦੀ ਜਾਂਚ ਕਰਨ ਦੇ ਕੋਈ ਨਿਰਦੇਸ਼ ਨਹੀਂ ਮਿਲੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ’ਚੋਂ ਚੌਲਾਂ ਦੀ ਆਵਾਜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜਦੋਂ ਕਰਨਾਟਕ ਨੂੰ ਚੌਲ ਭੇਜੇ ਗਏ ਸਨ ਤਾਂ ਗੁਣਵੱਤਾ ’ਚ ਕੋਈ ਸਮੱਸਿਆ ਨਹੀਂ ਸੀ।