Bharat Jodo Yatra: 'ਆਪ' ਦੀ ਬਜਾਏ ਕਾਂਗਰਸ ਤੋਂ ਕਿਉਂ ਡਰ ਰਿਹਾ ਅਕਾਲੀ ਦਲ, 'ਭਾਰਤ ਜੋੜੋ ਯਾਤਰਾ' ਦੇ ਵਿਰੋਧ 'ਚ ਉਤਾਰੇ ਸਾਰੇ ਮਹਾਰਾਥੀ
ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਆਮ ਆਦਮੀ ਪਾਰਟੀ ਨਾਲੋਂ ਕਾਂਗਰਸ ਤੋਂ ਵੱਧ ਡਰ ਲੱਗ ਰਿਹਾ ਹੈ। ਇਹ ਗੱਲ ਉਸ ਵੇਲੇ ਉੱਭਰ ਕੇ ਆਈ ਜਦੋਂ ਭਾਰਤ ਜੋੜੋ ਯਾਤਰਾ ਤਹਿਤ ਪੰਜਾਬ ਆਏ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ...
Bharat Jodo Yatra: ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਆਮ ਆਦਮੀ ਪਾਰਟੀ ਨਾਲੋਂ ਕਾਂਗਰਸ ਤੋਂ ਵੱਧ ਡਰ ਲੱਗ ਰਿਹਾ ਹੈ। ਇਹ ਗੱਲ ਉਸ ਵੇਲੇ ਉੱਭਰ ਕੇ ਆਈ ਜਦੋਂ ਭਾਰਤ ਜੋੜੋ ਯਾਤਰਾ ਤਹਿਤ ਪੰਜਾਬ ਆਏ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੇ ਵਿਰੋਧ ਵਿੱਚ ਅਕਾਲੀ ਦਲ ਨੇ ਆਪਣੇ ਸਾਰੇ ਮਹਾਰਥੀਆਂ ਨੂੰ ਉਤਾਰ ਦਿੱਤਾ। ਅਕਾਲੀ ਦਲ ਦੇ ਲੀਡਰ ਵਾਰੋ-ਵਾਰੀ ਸੋਸ਼ਲ ਮੀਡੀਆ ਉੱਪਰ ਲਾਈਵ ਹੋ ਕੇ ਕਾਂਗਰਸ ਤੇ ਖਾਸ ਕਰ ਗਾਂਧੀ ਪਰਿਵਾਰ ਦਾ ਵਿਰੋਧ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਰਾਹੁਲ ਗਾਂਧੀ, ਜਿਨ੍ਹਾਂ ਦੇ ਪਰਿਵਾਰ ਦਾ ਪੰਜਾਬ ਨੂੰ ਤੋੜਨ ਤੇ ਇਸ ਨਾਲ ਵਿਤਕਰਾ ਕਰਨ ਦਾ ਇਤਿਹਾਸ ਹੈ, ਸੂਬੇ ਵਿਚ ਭਾਰਤ ਜੋੜੋ ਯਾਤਰਾ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨਾ ਨੁਕਸਾਨ ਪੰਜਾਬ ਦਾ ਗਾਂਧੀ ਪਰਿਵਾਰ ਨੇ ਕੀਤਾ, ਉਨਾ ਕਿਸੇ ਹੋਰ ਨੇ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦਾ ਭਾਰਤ ਨੂੰ ਤੋੜਨ ਦਾ ਇਤਿਹਾਸ ਰਿਹਾ ਹੈ। ਉਹਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾਗਾਂਧੀ ਨੇ ਟੈਂਕਾਂ ਤੇ ਤੋਪਾਂ ਨਾਲ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਦਾ ਹੁਕਮ ਦਿੱਤਾ ਜਿਸ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਹੋਇਆ। ਉਹਨਾਂ ਕਿਹਾ ਕਿ ਰਾਹੁਲ ਦੇ ਪਿਤਾ ਰਾਜੀਵ ਗਾਂਧੀ ਨੇ 1984 ਦਾ ਸਿੱਖ ਕਤਲੇਆਮ ਕਰਵਾਇਆ ਤੇ ਇਹ ਕਹਿਕੇ ਉਸਨੂੰ ਜਾਇਜ਼ ਠਹਿਰਾਇਆ ਕਿ ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ।
ਪੰਜਾਬ ਪਹੁੰਚੀ ਭਾਰਤ ਜੋੜੋ ਯਾਤਰਾ
ਦੱਸ ਦਈਏ ਕਿ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਵਿੱਚ ਪਹੁੰਚੀ ਹੈ। ਪਹਿਲੀ ਯਾਤਰਾ ਦਾ ਸਮਾਂ ਸਵੇਰੇ 6 ਵਜੇ ਸ਼ੁਰੂ ਹੋਇਆ ਤੇ ਯਾਤਰਾ ਸਵੇਰੇ 7 ਵਜੇ ਸ਼ੁਰੂ ਹੋਈ। ਰਾਹੁਲ ਗਾਂਧੀ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਬਣੇ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਪਹੁੰਚੇ। ਉਨ੍ਹਾਂ ਨੇ ਲਾਲ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਕੱਲ੍ਹ ਕੇਸਰੀ ਰੰਗ ਦੀ ਦਸਤਾਰ ਸਜਾਈ ਗਈ।
ਪ੍ਰੋਗਰਾਮ ਵਿੱਚ ਦੇਰੀ ਹੋਣ ਕਾਰਨ ਉਹ ਸਾਢੇ ਛੇ ਦੀ ਬਜਾਏ ਸਾਢੇ ਸੱਤ ਵਜੇ ਸਰਹਿੰਦ ਦੀ ਦਾਣਾ ਮੰਡੀ ਵਿੱਚ ਝੰਡਾ ਬਦਲਣ ਦੀ ਰਸਮ ਵਿੱਚ ਪੁੱਜੇ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੈਡਿੰਗ ਨੂੰ ਯਾਤਰਾ ਦਾ ਝੰਡਾ ਸੌਂਪਿਆ ਜਿਸ ਤੋਂ ਬਾਅਦ ਪ੍ਰਧਾਨ ਵੈਡਿੰਗ ਨੇ ਆਪਣਾ ਸੰਬੋਧਨ ਸ਼ੁਰੂ ਕੀਤਾ।