ਸੀਐਮ ਭਗਵੰਤ ਮਾਨ ਵੀ ਰੱਖਣਗੇ ਸਲਾਹਕਾਰਾਂ ਦੀ ਫੌਜ? ਕੈਬਨਿਟ ਵਿਸਥਾਰ ਮਗਰੋਂ ਹੋਏਗਾ ਐਲਾਨ
ਆਮ ਆਦਮੀ ਪਾਰਟੀ ਪਿਛਲੀਆਂ ਸਰਕਾਰਾਂ ਵੇਲੇ ਮੁੱਖ ਮੰਤਰੀਆਂ ਨਾਲ ਸਲਾਹਕਾਰਾਂ ਦੀ ਫੌਜ ਦਾ ਵਿਰੋਧ ਕਰਦੀ ਆਈ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਲਾਹਕਾਰ ਲਾਏ ਜਾ ਰਹੇ ਹਨ।

ਚੰਡੀਗੜ੍ਹ: ਪੰਜਾਬ ’ਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਲਾਹਕਾਰਾਂ ਦਾ ਐਲਾਨ ਵੀ ਜਲਦ ਹੋਣ ਦੀ ਸੰਭਾਵਨਾ ਹੈ। ਪਹਿਲੇ ਗੇੜ ਵਿੱਚ ਦੋ ਤੋਂ ਤਿੰਨ ਸਲਾਹਕਾਰ ਨਿਯੁਕਤ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਐਲਾਨ ਪੰਜਾਬ ਵਜ਼ਾਰਤ ’ਚ ਵਾਧੇ ਤੋਂ ਬਾਅਦ ਕੀਤਾ ਜਾਵੇਗਾ।
ਅਹਿਮ ਗੱਲ ਹੈ ਕਿ ਆਮ ਆਦਮੀ ਪਾਰਟੀ ਪਿਛਲੀਆਂ ਸਰਕਾਰਾਂ ਵੇਲੇ ਮੁੱਖ ਮੰਤਰੀਆਂ ਨਾਲ ਸਲਾਹਕਾਰਾਂ ਦੀ ਫੌਜ ਦਾ ਵਿਰੋਧ ਕਰਦੀ ਆਈ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਲਾਹਕਾਰ ਲਾਏ ਜਾ ਰਹੇ ਹਨ। ਇਸ ਲਈ ਸਵਾਲ ਖੜ੍ਹੇ ਹੋਣ ਲੱਗੇ ਹਨ।
ਦਰਅਸਲ ਸਲਾਹਕਾਰਾਂ ਸਰਕਾਰੀ ਖਜ਼ਾਨੇ ਵਿੱਚੋਂ ਭੱਤੇ ਤੇ ਸਹੂਲਤਾਂ ਮਿਲਦੀਆਂ ਹਨ ਜੋ ਮੰਤਰੀ ਤੱਕ ਦੇ ਬਰਾਬਰ ਹੁੰਦੇ ਹਨ। ਇਹ ਰਵਾਇਤ ਅਕਾਲੀ ਦਲ ਤੇ ਕਾਂਗਰਸ ਸਰਕਾਰ ਵੇਲੇ ਚੱਲਦੀ ਰਹੀ ਹੈ। ਆਮ ਆਦਮੀ ਪਾਰਟੀ ਇਸ ਦਾ ਜ਼ਬਰਦਸਤ ਵਿਰੋਧ ਕਰਦੀ ਰਹੀ ਹੈ। ਹੁਣ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ ਤਾਂ ਖੁਦ ਵੀ ਉਸ ਰਾਹ ਪੈਣ ਜਾ ਰਹੀ ਹੈ।
ਅੱਜ ਕੈਬਨਿਟ ਵਿੱਚ 5 ਨਵੇਂ ਚਿਹਰੇ ਸ਼ਾਮਲ ਹੋਣਗੇ
ਅੱਜ ਪੰਜਾਬ ’ਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਹੋ ਰਿਹਾ ਹੈ। ਕੈਬਨਿਟ ਵਿੱਚ 5 ਨਵੇਂ ਚਿਹਰੇ ਸ਼ਾਮਲ ਹੋਣਗੇ। ਸਹੁੰ ਚੁੱਕ ਸਮਾਗਮ ਰਾਜ ਭਵਨ ’ਚ ਰੱਖਿਆ ਗਿਆ ਹੈ, ਜਿੱਥੇ ਸ਼ਾਮ 5 ਵਜੇ ਨਵੇਂ ਮੰਤਰੀ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਕਈ ਪੁਰਾਣੇ ਵਜ਼ੀਰਾਂ ਦੇ ਵਿਭਾਗਾਂ ਵਿੱਚ ਵੀ ਫੇਰਬਦਲ ਹੋ ਸਕਦਾ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵਿੱਚ ਹਲਚਲ ਕਾਫੀ ਤੇਜ਼ ਹੋ ਗਈ ਹੈ। ਦੇਰ ਰਾਤ ਤੱਕ ਵੀ ਕਈ ਵਿਧਾਇਕ ਭੱਜ-ਦੌੜ ਕਰਦੇ ਰਹੇ।
ਨਵੇਂ ਮੰਤਰੀਆਂ ਵਿੱਚ ਅਮਨ ਅਰੋੜਾ, ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜੇਮਾਜਰਾ, ਡਾ. ਇੰਦਰਬੀਰ ਨਿੱਝਰ ਤੇ ਫੌਜਾ ਸਿੰਘ ਸਰਾਰੀ ਦੇ ਨਾਂ ਤੈਅ ਕੀਤੇ ਗਏ ਹਨ। ਉਧਰ, ਬੇਸ਼ੱਕ 5 ਨਵੇਂ ਮੰਤਰੀਆਂ ਦੇ ਨਾਂ ਸਾਹਮਣੇ ਆ ਗਏ ਹਨ ਪਰ ਹੋਰ ਵਿਧਾਇਕਾਂ ਨੇ ਵੀ ਪੂਰਾ ਜ਼ੋਰ ਲਾਇਆ। ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ, ਜਗਰਾਉਂ ਤੋਂ ਦੂਜੀ ਵਾਰ ਵਿਧਾਇਕ ਬਣੀ ਸਰਵਜੀਤ ਕੌਰ ਮਾਣੂੰਕੇ ਤੇ ਬੁਢਲਾਡਾ ਤੋਂ ਵਿਧਾਇਕ ਬੁੱਧਰਾਮ ਦੇ ਨਾਂ ਦੀ ਵੀ ਚਰਚਾ ਸੀ। ਸੂਤਰਾਂ ਅਨੁਸਾਰ ਪੰਜਾਬ ਵਜ਼ਾਰਤ ਵਿੱਚ ਵਾਧੇ ਦੀ ਜਾਣਕਾਰੀ ਮਿਲਦੇ ਹੀ ਕਈ ਵਿਧਾਇਕ ਦਿੱਲੀ ਦਰਬਾਰ ਪਹੁੰਚ ਗਏ।






















