ਪੜਚੋਲ ਕਰੋ
ਕਾਂਗਰਸ ਤੇ ਅਕਾਲੀ ਦਲ ਨੂੰ ਟੱਕਰ ਦੇਣ ਲਈ ਇੱਕਜੁੱਟ ਹੋਣਗੀਆਂ ਸਾਰੀਆਂ ਧਿਰਾਂ?

ਚੰਡੀਗੜ੍ਹ: ਜਿਉਂ-ਜਿਉਂ ਲੋਕ ਸਭਾ ਚੋਣਾਂ ਦਾ ਮੈਦਾਨ ਭਖਦਾ ਜਾ ਰਿਹਾ ਹੈ, ਸਿਆਸੀ ਪਾਰਟੀਆਂ ਨੂੰ ਹਾਲਾਤ ਸਮਝ ਆਉਣੇ ਸ਼ੁਰੂ ਹੋ ਗਏ ਹਨ। ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਟੱਕਰ ਦੇਣ ਦੀ ਕੋਸ਼ਿਸ਼ ਵਿੱਚ ਜੁਟੀਆਂ ਪਾਰਟੀਆਂ ਨੂੰ ਲੱਗਣ ਲੱਗਾ ਹੈ ਕਿ ਇੱਕਜੁੱਟ ਹੋਏ ਬਿਨਾਂ ਉਨ੍ਹਾਂ ਦੇ ਪੱਲੇ ਕੁਝ ਨਹੀਂ ਪੈਣਾ। ਇਸ ਲਈ ਇੱਕ ਵਾਰ ਫਿਰ ਏਕੇ ਦੀਆਂ ਸੁਰਾਂ ਉੱਭਰਣ ਲੱਗੀਆਂ ਹਨ। ਸੂਤਰਾਂ ਮੁਤਾਬਕ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਵਿਰੋਧੀ ਧਿਰਾਂ ਨੂੰ ਇੱਕ ਪਲੇਟਫਾਰਮ ਉੱਪਰ ਲਿਆਉਣ ਦੇ ਯਤਨ ਸ਼ੁਰੂ ਹੋਏ ਹਨ। ਇਸ ਲਈ ਪੰਜਾਬ ਏਕਤਾ ਪਾਰਟੀ (ਪੀਈਪੀ) ਦੇ ਐਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਾਰੀਆਂ ਵਿਰੋਧੀ ਧਿਰਾਂ ਦਾ ਸਾਂਝਾ ਉਮੀਦਵਾਰ ਐਲਾਨਣ ਦੀ ਸਹਿਮਤੀ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਕਾਬਲੇਗੌਰ ਹੈ ਕਿ ਇਸ ਵੇਲੇ ਇੱਕ ਪਾਸੇ ਬਹੁਜਨ ਸਮਾਜ ਪਾਰਟੀ (ਬਸਪਾ), ਸੀਪੀਆਈ, ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ, ਖਹਿਰਾ ਦੀ ਪੀਈਪੀ, ਡਾ. ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ ਤੇ ਮੰਗਤ ਰਾਮ ਪਾਸਲਾ ਦੀ ਆਰਐਮਪੀਆਈ ਵੱਲੋਂ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਦੇ ਬੈਨਰ ਹੇਠ ਸਾਂਝੇ ਤੌਰ ’ਤੇ ਚੋਣ ਲੜੀ ਜਾ ਰਹੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ), ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਤੇ ਸੀਪੀਆਈ (ਐਮ) ਵੱਲੋਂ ਵੱਖੋ-ਵਖਰੇ ਤੌਰ ’ਤੇ ਚੋਣ ਲੜੀ ਜਾ ਰਹੀ ਹੈ। ਇਸ ਤਰ੍ਹਾਂ ਮੁਕੰਮਲ ਰੂਪ ਵਿੱਚ ਤੀਜਾ ਫਰੰਟ ਨਾ ਉਸਰਨ ਕਾਰਨ ਸਾਫ਼ ਹੋ ਗਿਆ ਹੈ ਕਿ ਇਨ੍ਹਾਂ ਚੋਣਾਂ ਵਿੱਚ ਵੀ ਰਵਾਇਤੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਜਪਾ ਦਾ ਮੁਕਾਬਲਾ ਕਰਨ ਵਾਲੀ ਤੀਸਰੀ ਧਿਰ ਨਹੀਂ ਉਸਰ ਸਕੀ। ਹੁਣ ‘ਆਪ’ ਤੋਂ ਅਸਤੀਫ਼ਾ ਦੇ ਚੁੱਕੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਸਾਰੀਆਂ ਵਿਰੋਧੀ ਧਿਰਾਂ ਨੂੰ ਇਕੱਠੇ ਕਰਨ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਵੱਲੋਂ ਇਸ ਦੀ ਸ਼ੁਰੂਆਤ ਖਡੂਰ ਸਾਹਿਬ ਹਲਕੇ ਤੋਂ ਕੀਤੀ ਗਈ ਹੈ। ਫੂਲਕਾ ਦਾ ਕਹਿਣਾ ਹੈ ਕਿ ਉਹ ਸਾਰੀਆਂ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦਾ ਮੁੱਢ ਖਡੂਰ ਸਾਹਿਬ ਹਲਕੇ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਾਰੀਆਂ ਧਿਰਾਂ ਦੀ ਸਾਂਝੀ ਉਮੀਦਵਾਰ ਬਣਾਉਣ ਤੋਂ ਬੰਨ੍ਹ ਰਹੇ ਹਨ। ਫੂਲਕਾ ਨੇ ਦੱਸਿਆ ਕਿ ਬੀਬੀ ਖਾਲੜਾ ਦੇ ਪਤੀ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੁਰਬਾਨੀ ਦਿੱਤੀ ਹੈ। ਉਨ੍ਹਾਂ ਤੋਂ ਬਾਅਦ ਵੀ ਬੀਬੀ ਖਾਲੜਾ ਇਸ ਮਿਸ਼ਨ ਨੂੰ ਅੱਗੇ ਵਧਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਨੂੰ ਸਾਰੀਆਂ ਵਿਰੋਧੀ ਪਾਰਟੀਆਂ ਦਾ ਸਾਂਝਾ ਉਮੀਦਵਾਰ ਮੰਨਣ ਲਈ ਉਨ੍ਹਾਂ ਨੇ ‘ਆਪ’ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨਾਲ ਸੰਪਰਕ ਕੀਤਾ ਹੈ ਤੇ ਹਾਂ ਪੱਖੀ ਗੱਲ ਹੋਈ ਹੈ। ਚੀਮਾ ਨੇ ਕਿਹਾ ਹੈ ਕਿ ਜੇ ਬੀਬੀ ਖਾਲੜਾ ਨੂੰ ਖਹਿਰਾ ਦੀ ਪਾਰਟੀ ਦੀ ਥਾਂ ਸਾਂਝੇ ਉਮੀਦਵਾਰ ਵਜੋਂ ਲੜਾਉਣ ਦਾ ਫ਼ੈਸਲਾ ਹੋ ਸਕਦਾ ਹੈ ਤਾਂ ਉਨ੍ਹਾਂ ਦੀ ਪਾਰਟੀ ਬੀਬੀ ਨੂੰ ਹਮਾਇਤ ਦੇਣ ਬਾਰੇ ਸੋਚ ਸਕਦੀ ਹੈ। ਫੂਲਕਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਾਬਤ ਅਕਾਲੀ ਦਲ (ਟਕਸਾਲੀ) ਦੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ ਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਆਪਣੇ ਉਮੀਦਵਾਰ ਜਨਰਲ ਜੇਜੇ ਸਿੰਘ ਨੂੰ ਵਾਪਸ ਲੈ ਕੇ ਬੀਬੀ ਖਾਲੜਾ ਦੀ ਮਦਦ ਕਰਨ ਲਈ ਕਿਹਾ ਹੈ ਤੇ ਉਨ੍ਹਾਂ ਦਾ ਹੁੰਗਾਰਾ ਵੀ ਹਾਂ-ਪੱਖੀ ਹੈ। ਉਹ ਇਸ ਸਬੰਧੀ ਜੇਜੇ ਸਿੰਘ ਨੂੰ ਵੀ ਮਿਲੇ ਹਨ ਤੇ ਉਨ੍ਹਾਂ ਨੂੰ ਵੀ ਆਪਣਾ ਨਾਮ ਵਾਪਸ ਲੈਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਖਹਿਰਾ ਨਾਲ ਵੀ ਇਸ ਬਾਬਤ ਗੱਲ ਕੀਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















