ਬਰਨਾਲਾ: ਜ਼ਿਲ੍ਹੇ ਦੇ ਪਿੰਡ ਭੋਤਨਾ ਵਿੱਚ ਇੱਕ ਜੋੜੇ ਵੱਲੋਂ ਦਵਾਈ ਦੇ ਭੁਲੇਖੇ ਜ਼ਹਿਰੀਲਾ ਤਰਲ ਪੀਣ ਕਾਰਨ ਪਤਨੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕਾ ਦੀ ਸ਼ਨਾਖ਼ਤ 27 ਸਾਲਾ ਜਸਪ੍ਰੀਤ ਕੌਰ ਵਜੋਂ ਹੋਈ ਹੈ ਅਤੇ ਉਸ ਦੇ ਪਤੀ ਸਰਬਜੀਤ ਸਿੰਘ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।



ਟੱਲੇਵਾਲ ਦੀ ਥਾਣਾ ਮੁਖੀ ਅਮਨਦੀਪ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਭੋਤਨਾ ਦੇ ਰਹਿਣ ਵਾਲੇ ਅਤੇ ਵੈਟਰਨਰੀ ਵਿਭਾਗ ਵਿੱਚ ਕਾਰਜਸ਼ੀਲ ਸਰਬਜੀਤ ਸਿੰਘ ਅਤੇ ਉਸ ਦੀ ਪਤਨੀ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਉਨ੍ਹਾਂ ਦੱਸਿਆ ਕਿ ਬਿਊਟੀ ਪਾਰਲਰ ਚਲਾਉਣ ਵਾਲੀ ਜਸਪ੍ਰੀਤ ਕੌਰ ਆਪਣੇ ਭਰਾ ਦੀ ਮੌਤ ਹੋਣ ਕਾਰਨ ਪ੍ਰੇਸ਼ਾਨ ਰਹਿੰਦੀ ਸੀ ਅਤੇ ਇਸ ਮਾਨਸਿਕ ਸਥਿਤੀ ਵਿੱਚੋਂ ਨਿੱਕਲਣ ਲਈ ਉਸ ਦੀ ਦਵਾਈ ਚੱਲ ਰਹੀ ਸੀ।

ਪੁਲਿਸ ਮੁਤਾਬਕ ਬੀਤੀ 19 ਜੂਨ ਨੂੰ ਜਸਪ੍ਰੀਤ ਨੇ ਦਵਾਈ ਦੇ ਭੁਲੇਖੇ ਜ਼ਹਿਰੀਲੀ ਚੀਜ਼ ਨਿਗਲ ਲਈ ਅਤੇ ਉਸ ਦੀ ਸਿਹਤ ਖ਼ਰਾਬ ਹੋ ਗਈ। ਪਤਨੀ ਕਿਹੜੀ ਦਵਾਈ ਪੀ ਕੇ ਬਿਮਾਰ ਹੋਈ, ਇਹ ਜਾਂਚਣ ਲਈ ਪਤੀ ਨੇ ਵੀ ਉਸੇ ਜ਼ਹਿਰੀਲੀ ਦਵਾਈ ਦਾ ਘੁੱਟ ਭਰ ਲਿਆ। ਇਸ ਕਾਰਨ ਦੋਵਾਂ ਨੂੰ ਗੰਭੀਰ ਹਾਲਤ ਵਿੱਚ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਜਸਪ੍ਰੀਤ ਕੌਰ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: