World Champion Malika Handa: ਵਿਸ਼ਵ ਚੈਂਪੀਅਨ ਮਲਿਕਾ ਹਾਂਡਾ ਨੇ ਖੇਡ ਮੰਤਰੀ ਪਰਗਟ ਸਿੰਘ 'ਤੇ ਲਾਏ ਗੰਭੀਰ ਇਲਜ਼ਾਮ
Malika Handa: ਮਲਿਕਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਉਸ ਨੂੰ ਨੌਕਰੀ ਤੇ ਨਕਦ ਇਨਾਮ ਦੇਣ ਦਾ ਵਾਅਦਾ ਕੀਤਾ ਸੀ, ਪਰ ਹੁਣ ਸਰਕਾਰ ਵਾਅਦੇ ਤੋਂ ਪਿੱਛੇ ਹਟ ਰਹੀ ਹੈ।
Punjab Government: ਭਾਰਤ ਦੀ ਅਪਾਹਜ ਸ਼ਤਰੰਜ ਖਿਡਾਰਨ ਮਲਿਕਾ ਹਾਂਡਾ ਨੇ ਐਤਵਾਰ ਨੂੰ ਪੰਜਾਬ ਸਰਕਾਰ ਦੇ ਖੇਡ ਮੰਤਰੀ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਨੌਕਰੀ ਤੇ ਨਕਦ ਇਨਾਮ ਨਹੀਂ ਦੇ ਸਕਦੀ ਕਿਉਂਕਿ ਸਰਕਾਰ ਕੋਲ ਅਪਾਹਜ ਖਿਡਾਰੀਆਂ ਲਈ ਅਜਿਹੀ ਕੋਈ ਨੀਤੀ ਨਹੀਂ। ਮਲਿਕਾ ਨੇ ਆਪਣੇ ਟਵਿਟਰ ਹੈਂਡਲ ਤੋਂ ਇੱਕ ਟਵੀਟ ਲਿਖਿਆ ਤੇ ਇੱਕ ਵੀਡੀਓ ਵੀ ਅਪਲੋਡ ਕੀਤਾ।
ਮਲਿਕਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਉਸ ਨੂੰ ਨੌਕਰੀ ਤੇ ਨਕਦ ਇਨਾਮ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਪਿੱਛੇ ਹਟ ਰਹੀ ਹੈ। ਵਿਸ਼ਵ ਡੈਫ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਇੱਕ ਸੋਨ ਤੇ ਦੋ ਚਾਂਦੀ ਦੇ ਤਗਮੇ ਜਿੱਤਣ ਵਾਲੀ ਹਾਂਡਾ ਨੇ 31 ਦਸੰਬਰ ਨੂੰ ਖੇਡ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਮਲਿਕਾ ਹਾਂਡਾ ਦਾ ਕਹਿਣਾ ਹੈ ਕਿ ਖੇਡ ਮੰਤਰੀ ਨੇ ਉਸ ਨੂੰ ਦੱਸਿਆ ਕਿ ਉਹ ਨੌਕਰੀ ਤੇ ਨਕਦ ਇਨਾਮ ਲਈ ਅਯੋਗ ਹੈ, ਕਿਉਂਕਿ ਉਨ੍ਹਾਂ ਕੋਲ ਬੋਲ਼ੇ ਖਿਡਾਰੀਆਂ ਲਈ ਕੋਈ ਨੀਤੀ ਨਹੀਂ ਹੈ।
ਮਲਿਕਾ ਹਾਂਡਾ ਨੇ ਕਿਹਾ ਕਿ ਮੈਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਹੈ। 31 ਦਸੰਬਰ ਨੂੰ ਮੈਂ ਪੰਜਾਬ ਦੇ ਖੇਡ ਮੰਤਰੀ ਨੂੰ ਮਿਲੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਨਾ ਤਾਂ ਨੌਕਰੀ ਦੇ ਸਕਦੀ ਹੈ ਤੇ ਨਾ ਹੀ ਨਕਦ ਪੁਰਸਕਾਰ।
ਮਲਿਕਾ ਨੇ ਅੱਗੇ ਦੱਸਿਆ ਕਿ ਸਾਬਕਾ ਖੇਡ ਮੰਤਰੀ ਨੇ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਸੀ। ਮੇਰੇ ਕੋਲ ਪੁਰਸਕਾਰ ਲਈ ਸੱਦਾ ਪੱਤਰ ਵੀ ਹੈ, ਜਿਸ ਵਿੱਚ ਮੈਨੂੰ ਸੱਦਾ ਦਿੱਤਾ ਗਿਆ ਸੀ, ਪਰ ਕੋਵਿਡ ਕਾਰਨ ਇਹ ਰੱਦ ਕਰ ਦਿੱਤਾ ਗਿਆ ਸੀ। ਹਾਂਡਾ ਨੇ ਐਤਵਾਰ ਨੂੰ ਦੱਸਿਆ ਕਿ ਜਦੋਂ ਮੈਂ ਇਹ ਗੱਲ ਖੇਡ ਮੰਤਰੀ ਪਰਗਟ ਸਿੰਘ ਨੂੰ ਦੱਸੀ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਉਹ ਸਾਬਕਾ ਮੰਤਰੀ ਸੀ। ਨਾ ਮੈਂ ਐਲਾਨ ਕੀਤਾ ਤੇ ਨਾ ਹੀ ਸਰਕਾਰ ਨੇ।
ਹਾਂਡਾ ਮੁਤਾਬਕ ਉਸ ਦੇ ਪੰਜ ਸਾਲ ਬਰਬਾਦ ਹੋ ਗਏ। ਮੈਂ ਸਿਰਫ ਇਹ ਪੁੱਛ ਰਹੀ ਹਾਂ ਕਿ ਇਹ ਐਲਾਨ ਕਿਉਂ ਕੀਤਾ ਗਿਆ ਸੀ। ਮੇਰੇ 5 ਸਾਲ ਕਾਂਗਰਸ ਸਰਕਾਰ ਨੇ ਬਰਬਾਦ ਕਰ ਦਿੱਤੇ। ਉਹ ਮੈਨੂੰ ਮੂਰਖ ਬਣਾ ਰਹੇ ਹਨ। ਬੋਲ਼ੇ ਵਿਅਕਤੀਆਂ ਦੀਆਂ ਖੇਡਾਂ ਦੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ।
ਇਹ ਵੀ ਪੜ੍ਹੋ: 'ਆਪ' ਨਾਲ ਗਠਜੋੜ ਨੂੰ ਲੈ ਕੇ ਕਿਸਾਨਾਂ ਦਾ ਸੰਯੁਕਤ ਸਮਾਜ ਦੋ ਫਾੜ, ਜਾਣੋ ਹੁਣ ਅੱਗੇ ਕੀ ਹੋਵੇਗਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin