ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਨੂੰ ਮਿਲੀ ਧਾਰਮਿਕ ਸਜ਼ਾ, ਵੀਡੀਓ ਬਣਾਉਣੀ ਪਈ ਮਹਿੰਗੀ, ਹੁਣ ਮੰਗੀ ਮੁਆਫੀ
ਹਰਿਆਣਾ ਦੇ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਅਤੇ ਬਿੱਗ ਬੌਸ ਓਟੀਟੀ ਸੀਜ਼ਨ 3 ਵਿੱਚ ਨਜ਼ਰ ਆਈ ਪਾਇਲ ਮਲਿਕ ਨੂੰ ਮੋਹਾਲੀ ਦੇ ਕਾਲੀ ਮਾਤਾ ਮੰਦਰ ਦੀ ਕਮੇਟੀ ਨੇ ਧਾਰਮਿਕ ਸਜ਼ਾ ਦਿੱਤੀ ਹੈ।

ਹਰਿਆਣਾ ਦੇ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਅਤੇ ਬਿੱਗ ਬੌਸ ਓਟੀਟੀ ਸੀਜ਼ਨ 3 ਵਿੱਚ ਨਜ਼ਰ ਆਈ ਪਾਇਲ ਮਲਿਕ ਨੂੰ ਮੋਹਾਲੀ ਦੇ ਕਾਲੀ ਮਾਤਾ ਮੰਦਰ ਦੀ ਕਮੇਟੀ ਨੇ ਧਾਰਮਿਕ ਸਜ਼ਾ ਦਿੱਤੀ ਹੈ। ਉਹ 7 ਦਿਨਾਂ ਤੱਕ ਮੰਦਰ ਦੀ ਸਫਾਈ ਕਰੇਗੀ ਅਤੇ 8ਵੇਂ ਦਿਨ ਕੰਜਕਾਂ ਪੂਜੇਗੀ।
ਪਾਇਲ ਨੇ ਹਾਲ ਹੀ ਵਿੱਚ ਮਾਂ ਕਾਲੀ ਦੇ ਰੂਪ ਵਿੱਚ ਇੱਕ ਵੀਡੀਓ ਬਣਾਈ ਸੀ, ਜਿਸਦਾ ਧਾਰਮਿਕ ਸੰਗਠਨਾਂ ਨੇ ਸਖ਼ਤ ਵਿਰੋਧ ਕੀਤਾ ਸੀ। ਇਸ ਸਬੰਧੀ ਮੋਹਾਲੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ। ਇਸ ਤੋਂ ਬਾਅਦ ਮੰਗਲਵਾਰ (22 ਜੁਲਾਈ) ਨੂੰ ਉਹ ਆਪਣੇ ਪਤੀ ਅਰਮਾਨ ਨਾਲ ਪਟਿਆਲਾ ਦੇ ਕਾਲੀ ਮਾਤਾ ਮੰਦਰ ਪਹੁੰਚੀ। ਇੱਥੇ ਉਸ ਨੇ ਮੁਆਫੀ ਮੰਗੀ। ਇਸ ਦੌਰਾਨ ਉਸ ਨੇ ਮੰਦਰ ਵਿੱਚ ਭਾਂਡੇ ਧੋ ਕੇ ਸੇਵਾ ਵੀ ਕੀਤੀ।
ਇਸ ਤੋਂ ਬਾਅਦ ਅਰਮਾਨ ਮਲਿਕ ਵੀ ਮੋਹਾਲੀ ਦੇ ਖਰੜ ਪਹੁੰਚੇ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਦੀ ਪਤਨੀ ਨਾਲ ਨਹੀਂ ਸੀ। ਉਨ੍ਹਾਂ ਨੇ ਉਸ ਸਮੇਂ ਮੁਆਫੀ ਵੀ ਮੰਗ ਲਈ ਸੀ। ਇਸ ਤੋਂ ਬਾਅਦ, ਉਹ ਬੁੱਧਵਾਰ ਨੂੰ ਆਪਣੀ ਪਤਨੀ ਪਾਇਲ ਅਤੇ ਧੀ ਨਾਲ ਮੰਦਰ ਪਹੁੰਚੇ। ਧਾਰਮਿਕ ਸੰਗਠਨਾਂ ਦੇ ਮੈਂਬਰ ਵੀ ਇੱਥੇ ਮੌਜੂਦ ਸਨ। ਜਿੱਥੇ ਉਨ੍ਹਾਂ ਨੇ ਆਪਣੀ ਗਲਤੀ ਸਵੀਕਾਰ ਕੀਤੀ। ਇਸ ਤੋਂ ਬਾਅਦ ਪੂਜਾ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਧਾਰਮਿਕ ਸਜ਼ਾ ਦਿੱਤੀ ਗਈ।
ਜ਼ਿਕਰ ਕਰ ਦਈਏ ਕਿ ਵੀਡੀਓ ਵਿੱਚ ਪਾਇਲ ਮਲਿਕ ਮਾਂ ਕਾਲੀ ਦੇ ਰੂਪ ਵਿੱਚ ਸਜੀ ਹੋਈ ਦਿਖਾਈ ਦੇ ਰਹੀ ਸੀ। ਉਸ ਨੇ ਆਪਣੇ ਚਿਹਰੇ 'ਤੇ ਕਾਲੇ ਰੰਗ ਨਾਲ ਮੇਕਅੱਪ ਕੀਤਾ ਹੋਇਆ ਸੀ, ਸਿਰ 'ਤੇ ਮੁਕੁਟ ਪਾਇਆ ਹੋਇਆ ਸੀ, ਆਪਣੇ ਗਲੇ ਵਿੱਚ ਨਿੰਬੂਆਂ ਦੀ ਮਾਲਾ ਪਾਈ ਹੋਈ ਸੀ ਅਤੇ ਹੱਥ ਵਿੱਚ ਤ੍ਰਿਸ਼ੂਲ ਫੜਿਆ ਹੋਇਆ ਸੀ। ਵੀਡੀਓ ਵਿੱਚ ਉਹ ਸੋਫੇ 'ਤੇ ਬੈਠੀ ਦਿਖਾਈ ਦੇ ਰਹੀ ਸੀ। ਇਸ ਤੋਂ ਬਾਅਦ ਕੁਝ ਧਾਰਮਿਕ ਸੰਗਠਨਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਇਸ ਦੀ ਸ਼ਿਕਾਇਤ ਦਰਜ ਕਰਵਾਈ।
ਉੱਥੇ ਹੀ ਕਾਰਵਾਈ ਕਰਦਿਆਂ ਪਾਇਲ ਮਲਿਕ ਨੂੰ ਧਾਰਮਿਕ ਸਜ਼ਾ ਦਿੱਤੀ, ਜੋ ਕਿ ਉਨ੍ਹਾਂ ਨੇ ਖਿੜੇ ਮੱਥੇ ਸਵੀਕਾਰ ਕਰ ਲਈ ਅਤੇ ਆਪਣੀ ਗਲਤੀ ਵੀ ਕਬੂਲ ਕਰ ਲਈ। ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲੋਂ ਗਲਤੀ ਹੋ ਗਈ ਹੈ, ਮੇਰੀ ਕੁੜੀ ਸਾਰਾ ਦਿਨ ਕਾਲੀ ਮਾਤਾ ਦਾ ਨਾਮ ਜੱਪਦੀ ਰਹਿੰਦੀ ਹੈ, ਜਿਸ ਤੋਂ ਬਾਅਦ ਮੈਂ ਇਹ ਰੂਪ ਧਾਰਨ ਕੀਤਾ ਸੀ।






















