ਕੈਪਟਨ ਨੂੰ ਵਿਧਾਇਕਾਂ ਨੇ ਸੁਣਾਈਆਂ ਖਰੀਆਂ-ਖਰੀਆਂ, ਮੀਟਿੰਗ 'ਚ ਬਿਆਨੀ ਜ਼ਮੀਨੀ ਹਕੀਕਤ
ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਲਗਪਗ 30 ਵਿਧਾਇਕਾਂ ਨਾਲ ਆਪਣੇ ਚੰਡੀਗੜ੍ਹ ਨੇੜੇ ਸਿਸਵਾਂ ਸਥਿੱਤ ਫ਼ਾਰਮ ਹਾਊਸ 'ਚ ਵਨ-ਟੂ-ਵਨ ਮੀਟਿੰਗ ਕੀਤੀ। ਇਹ ਸਾਰੇ ਵਿਧਾਇਕ ਸੂਬੇ ਦੇ ਮਾਲਵਾ ਖੇਤਰ ਦੇ ਸਨ, ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਆਪਣੇ-ਆਪਣੇ ਹਲਕਿਆਂ ਦੇ ਵਿਕਾਸ ਕਾਰਜਾਂ ਤੇ ਜ਼ਰੂਰਤਾਂ ਦਾ ਵੇਰਵਾ ਦਿੱਤਾ।
ਚੰਡੀਗੜ੍ਹ: ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਲਗਪਗ 30 ਵਿਧਾਇਕਾਂ ਨਾਲ ਆਪਣੇ ਚੰਡੀਗੜ੍ਹ ਨੇੜੇ ਸਿਸਵਾਂ ਸਥਿੱਤ ਫ਼ਾਰਮ ਹਾਊਸ 'ਚ ਵਨ-ਟੂ-ਵਨ ਮੀਟਿੰਗ ਕੀਤੀ। ਇਹ ਸਾਰੇ ਵਿਧਾਇਕ ਸੂਬੇ ਦੇ ਮਾਲਵਾ ਖੇਤਰ ਦੇ ਸਨ, ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਆਪਣੇ-ਆਪਣੇ ਹਲਕਿਆਂ ਦੇ ਵਿਕਾਸ ਕਾਰਜਾਂ ਤੇ ਜ਼ਰੂਰਤਾਂ ਦਾ ਵੇਰਵਾ ਦਿੱਤਾ।
ਉੱਥੇ ਹੀ ਜ਼ਿਆਦਾਤਰ ਵਿਧਾਇਕਾਂ ਨੇ ਬੇਅਦਬੀ ਮਾਮਲੇ 'ਚ ਸਰਕਾਰ ਦੀ ਗੰਭੀਰਤਾ 'ਤੇ ਵੀ ਸਵਾਲ ਖੜ੍ਹੇ ਕੀਤੇ। ਵਿਧਾਇਕਾਂ ਨੇ ਦੋ ਟੁੱਕ ਲਫਜ਼ਾਂ ’ਚ ਮੁੱਖ ਮੰਤਰੀ ਨੂੰ ਕਿਹਾ ਕਿ ਬੇਅਦਬੀ ਦੇ ਕਸੂਰਵਾਰ ਨਾ ਫੜੇ ਗਏ ਤਾਂ ਲੋਕ ਉਨ੍ਹਾਂ ਨੂੰ ਪਿੰਡਾਂ ’ਚ ਨਹੀਂ ਵੜਨ ਨਹੀਂ ਦੇਣਗੇ। ਵਿਧਾਇਕਾਂ ਨੇ ਕਿਹਾ ਕਿ ਸਰਕਾਰ ਨੂੰ ਛੇਤੀ ਤੋਂ ਛੇਤੀ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਨਵੀਂ ਜਾਂਚ ਟੀਮ ਨੂੰ ਇੰਨੀ ਤੇਜ਼ੀ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾ ਸਕੇ ਤੇ ਸਰਕਾਰ ਦੇ ਅਕਸ ਨੂੰ ਲੋਕਾਂ 'ਚ ਸੁਧਾਰਿਆ ਜਾ ਸਕੇ।
ਵਿਧਾਇਕਾਂ ਨੇ ਕਿਹਾ ਕਿ ਵਿਰੋਧੀ ਧਿਰ ਇਸ ਮਾਮਲੇ ਨੂੰ ਲੈ ਕੇ ਆਏ ਦਿਨ ਸਰਕਾਰ ਦਾ ਘਿਰਾਓ ਕਰ ਰਹੀ ਹੈ, ਇਸ ਦੇ ਨਾਲ ਹੀ ਆਮ ਲੋਕਾਂ 'ਚ ਇਹ ਧਾਰਨਾ ਵੀ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੀ ਤਰ੍ਹਾਂ ਕਾਂਗਰਸ ਸਰਕਾਰ ਵੀ ਇਸ ਮਾਮਲੇ 'ਚ ਸਿਰਫ਼ ਜਾਂਚ ਹੀ ਕਰ ਰਹੀ ਹੈ। ਇਹ ਸਰਕਾਰ ਵੀ ਦੋਸ਼ੀਆਂ ਨੂੰ ਸਜ਼ਾ ਨਹੀਂ ਦਵਾ ਸਕੇਗੀ। ਮੁੱਖ ਮੰਤਰੀ ਦਾ ਵਿਧਾਇਕਾਂ ਨਾਲ ਮੁਲਾਕਾਤ ਦਾ ਇਹ ਦੌਰ ਬੁੱਧਵਾਰ ਨੂੰ ਵੀ ਜਾਰੀ ਰਹੇਗਾ। ਬੁੱਧਵਾਰ ਨੂੰ ਸੂਬੇ ਦੇ ਮਾਝਾ ਤੇ ਦੁਆਬਾ ਖੇਤਰ ਦੇ ਵਿਧਾਇਕਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੋਵੇਗੀ।
ਵਿਧਾਇਕਾਂ ਨੇ ਕੈਪਟਨ ਨੂੰ ਜ਼ਮੀਨੀ ਸੱਚ ਦਿਖਾਇਆ ਕਿ ਬੇਅਦਬੀ ਮਾਮਲੇ ’ਤੇ ਕੋਈ ਸਿੱਟਾ ਨਾ ਨਿਕਲਣ ਕਰਕੇ ਲੋਕ ਸਵਾਲ ਕਰ ਰਹੇ ਹਨ। ਜੇ ਅਗਲੀਆਂ ਚੋਣਾਂ ਲਈ ਲੋਕਾਂ ਵਿਚ ਜਾਣਾ ਹੈ ਤਾਂ ਬੇਅਦਬੀ ਮਾਮਲੇ ਵਿਚ ਨਤੀਜਾ ਦੇਣਾ ਪਵੇਗਾ। ਇੱਕ ਵਿਧਾਇਕ ਨੇ ਇੱਥੋਂ ਤਕ ਆਖ ਦਿੱਤਾ ਕਿ ਵਿਰੋਧੀਆਂ ਦਾ ਕਾਂਗਰਸੀ ਵਰਕਰ ਕਿਵੇਂ ਟਾਕਰਾ ਕਰਨ। ਵਰਕਰਾਂ ਨੂੰ ਤਾਂ ਕੋਈ ਪੁੱਛਦਾ ਤਕ ਨਹੀਂ। ਅਫ਼ਸਰਸ਼ਾਹੀ ਭਾਰੂ ਹੈ ਤੇ ਨਸ਼ਿਆਂ ਦਾ ਬੋਲਬਾਲਾ ਹੈ। ਇੱਕ ਵਿਧਾਇਕ ਨੇ ਕੇਬਲ ਮਾਫ਼ੀਆ ਦਾ ਮੁੱਦਾ ਵੀ ਛੂਹਿਆ।