ਅਮਰੀਕਾ ਨੇ ਚੁੱਕਿਆ ਭਾਰਤ ਪ੍ਰਤੀ ਸਖ਼ਤ ਕਦਮ, ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਤੋਂ ਰੋਕਿਆ
ਦੇਸ਼ 'ਚ ਕੋਰੋਨਾ ਮਹਾਂਮਾਰੀ ਨੇ ਗੰਭੀਰ ਰੂਪ ਧਾਰ ਲਿਆ ਹੈ। ਕੋਰੋਨਾ ਦੀ ਦੂਜੀ ਲਹਿਰ ਇੰਨੀ ਡਰਾਉਣੀ ਹੈ ਕਿ ਇਹ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ। ਕੱਲ੍ਹ ਦੇਸ਼ 'ਚ ਕੋਰੋਨਾ ਦੇ 2,73,810 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ।
ਵਾਸ਼ਿੰਗਟਨ: ਦੇਸ਼ 'ਚ ਕੋਰੋਨਾ ਮਹਾਂਮਾਰੀ ਨੇ ਗੰਭੀਰ ਰੂਪ ਧਾਰ ਲਿਆ ਹੈ। ਕੋਰੋਨਾ ਦੀ ਦੂਜੀ ਲਹਿਰ ਇੰਨੀ ਡਰਾਉਣੀ ਹੈ ਕਿ ਇਹ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ। ਕੱਲ੍ਹ ਦੇਸ਼ 'ਚ ਕੋਰੋਨਾ ਦੇ 2,73,810 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਦੇਸ਼ 'ਚ ਹੁਣ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 1.5 ਕਰੋੜ ਨੂੰ ਪਾਰ ਕਰ ਗਈ ਹੈ। ਦੇਸ਼ 'ਚ ਕੋਰੋਨਾ ਦੇ ਫੈਲਣ ਤੋਂ ਬਾਅਦ ਹੁਣ ਅਮਰੀਕਾ ਤੇ ਬ੍ਰਿਟੇਨ ਸਣੇ ਵੱਡੇ ਦੇਸ਼ਾਂ ਨੇ ਭਾਰਤ ਪ੍ਰਤੀ ਸਖਤ ਕਦਮ ਚੁੱਕੇ ਹਨ।
ਬ੍ਰਿਟੇਨ ਨੇ ਭਾਰਤ ਨੂੰ ਰੈੱਡ ਲਿਸਟ ਵਿੱਚ ਸ਼ਾਮਲ ਕਰ ਦਿੱਤਾ ਹੈ। ਹੁਣ ਅਮਰੀਕਾ ਨੇ ਵੀ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਨਾ ਕਰਨ ਲਈ ਕਿਹਾ ਹੈ। ਅਮਰੀਕਾ ਨੇ ਕਿਹਾ ਹੈ ਕਿ ਘਾਤਕ ਕੋਰੋਨਾਵਾਇਰਸ ਭਾਰਤ 'ਚ ਦਿਨੋ-ਦਿਨ ਫੈਲ ਰਿਹਾ ਹੈ, ਅਜਿਹੇ 'ਚ ਉਹ ਆਪਣੇ ਨਾਗਰਿਕਾਂ ਦੀ ਚਿੰਤਾ ਕਰਦਾ ਹੈ ਤੇ ਉਨ੍ਹਾਂ ਨੂੰ ਅਪੀਲ ਕਰਦਾ ਹੈ ਕਿ ਉਹ ਇਨ੍ਹਾਂ ਖਤਰਨਾਕ ਹਾਲਤਾਂ 'ਚ ਭਾਰਤ ਦੀ ਯਾਤਰਾ ਕਰਨ ਤੋਂ ਬੱਚਣ।
ਬ੍ਰਿਟੇਨ ਨੇ ਭਾਰਤ ਨੂੰ ਉਨ੍ਹਾਂ ਦੇਸ਼ਾਂ ਦੀ ‘ਰੈਡ ਲਿਸਟ’ 'ਚ ਪਾ ਦਿੱਤਾ ਹੈ, ਜਿਸ ਦੇ ਤਹਿਤ ਗੈਰ-ਬ੍ਰਿਟੇਨ ਤੇ ਆਇਰਿਸ਼ ਨਾਗਰਿਕਾਂ ਨੂੰ ਭਾਰਤ ਤੋਂ ਬ੍ਰਿਟੇਨ ਜਾਣ 'ਤੇ ਪਾਬੰਦੀ ਰਹੇਗੀ। ਇਸ ਦੇ ਨਾਲ ਹੀ, ਵਿਦੇਸ਼ਾਂ ਤੋਂ ਵਾਪਸ ਆਉਣ ਵਾਲੇ ਬ੍ਰਿਟੇਨ ਦੇ ਲੋਕਾਂ ਲਈ ਇੱਕ ਹੋਟਲ ਵਿੱਚ 10 ਦਿਨਾਂ ਤੱਕ ਆਈਸੋਲੇਟ ਰਹਿਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਸਿਹਤ ਮੰਤਰੀ ਮੈਟ ਹੈਨਕੌਕ ਨੇ ‘ਹਾਊਸ ਆਫ ਕਾਮਨਜ਼’ 'ਚ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ 'ਚ ਕੋਰੋਨਾਵਾਇਰਸ ਦੇ ਅਖੌਤੀ ਭਾਰਤੀ ਰੂਪ ਨਾਲ ਪੀੜਤ ਹੋਣ ਦੇ 103 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੇਸ ਵਿਦੇਸ਼ ਤੋਂ ਵਾਪਸ ਆਉਣ ਵਾਲੇ ਯਾਤਰੀਆਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਫਾਰਮੈਟ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ ਤਾਂ ਕਿ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਨਵੇਂ ਰੂਪ ਵਿੱਚ ਚਿੰਤਾਜਨਕ ਨਤੀਜੇ ਤਾਂ ਨਹੀਂ ਜਿਵੇਂ ਕਿ ਇਸ ਦੇ ਵੱਡੇ ਪੱਧਰ 'ਤੇ ਫੈਲਣਾ ਜਾਂ ਇਲਾਜ ਕਰਨ ਅਤੇ ਟੀਕਾ ਤਿਆਰ ਕਰਨ ਵਿੱਚ ਮੁਸ਼ਕਲ ਆਦਿ।
ਬੀਤੇ ਕੱਲ੍ਹ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੇ ਆਪਣਾ ਭਾਰਤ ਦੌਰਾ ਰੱਦ ਕਰ ਦਿੱਤਾ ਹੈ। ਕੋਰੋਨਾਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਕਾਰਨ, ਉਨ੍ਹਾਂ ਨੇ ਦੌਰਾ ਰੱਦ ਕਰਨ ਦਾ ਫੈਸਲਾ ਕੀਤਾ ਹੈ। ਜੋਨਸਨ ਦੀ ਭਾਰਤ ਯਾਤਰਾ ਐਤਵਾਰ ਨੂੰ ਸ਼ੁਰੂ ਹੋਣ ਵਾਲੀ ਸੀ।