ਇਸ ਦੇਸ਼ 'ਚ 100 ਸਾਲ ਦੇ ਬਜ਼ੁਰਗਾਂ ਦੀ ਗਿਣਤੀ 70000 ਨੇੜੇ ਪੁੱਜੀ, ਸਰਕਾਰ ਖੁਸ਼
ਟੋਕਿਓ: ਜਾਪਾਨ 'ਚ 100 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਆਬਾਦੀ ਇਸ ਮਹੀਨੇ ਰਿਕਾਰਡ 69,785 ਹੋ ਗਈ ਹੈ। ਇਨ੍ਹਾਂ 'ਚ 88.1 ਫ਼ੀਸਦੀ ਮਹਿਲਾਵਾਂ ਹਨ। ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਸਦਾ ਕਾਰਨ ਸਿਹਤ ਸੇਵਾਵਾਂ 'ਚ ਹੋਈ ਉੱਨਤੀ ਤੇ ਲੋਕਾਂ ਵਿਚਾਲੇ ਸਿਹਤ ਸਬੰਧੀ ਵਧਦੀ ਜਾਗਰੂਕਤਾ ਹੈ।
ਖ਼ਬਰ ਏਜੰਸੀ ਐਫਏ ਨਿਊਜ਼ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਹ ਅੰਕੜੇ ਪਿਛਲੇ ਸਾਲ ਤੋਂ ਵੱਧ ਹਨ ਤੇ ਦੋ ਦਹਾਕੇ ਪਹਿਲਾਂ ਦੀ ਤੁਲਨਾ 'ਚ ਸੱਤ ਗੁਣਾ ਵੱਧ ਹਨ। ਨੈਸ਼ਨਲ ਇੰਸਟੀਟਿਊਟ ਆਫ ਪੌਪੂਲੇਸ਼ਨ ਐਂਡ ਸੋਸ਼ਲ ਸਿਕਿਓਰਟੀ ਰਿਸਰਚ ਮੁਤਾਬਕ ਅਗਲੇ ਪੰਜ ਸਾਲਾਂ 'ਚ ਉੱਥੇ 100 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਦੀ ਸੰਖਿਆ ਇੱਕ ਲੱਖ ਦਾ ਅੰਕੜਾ ਪਾਰ ਕਰ ਜਾਵੇਗੀ ਤੇ ਉਸ ਤੋਂ ਅਗਲੇ 10 ਸਾਲਾਂ 'ਚ ਇਹ ਵਧ ਕੇ 1,70,000 ਹੋ ਜਾਵੇਗੀ।
ਜ਼ਿਕਰਯੋਗ ਹੈ ਕਿ ਜਾਪਾਨ 'ਚ 100 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ 'ਚ 61,454 ਮਹਿਲਾਵਾਂ ਹਨ ਜਦਕਿ 8,331 ਪੁਰਸ਼ ਹਨ। ਇਨ੍ਹਾਂ 'ਚ ਸਾਬਕਾ ਪ੍ਰਧਾਨ ਮੰਤਰੀ ਯੀਸੁਹਿਰੋ ਨਾਕਾਸੋਨੇ ਵੀ ਸ਼ਾਮਿਲ ਹਨ ਜੋ ਮਈ 'ਚ 100 ਸਾਲ ਦੇ ਹੋਏ ਹਨ। ਜਾਪਾਨ 'ਚ 100 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦੀ ਸੰਖਿਆ 'ਚ 1971 ਤੋਂ ਵਾਧਾ ਹੋ ਰਿਹਾ ਹੈ ਤੇ ਸਰਕਾਰ ਨੂੰ ਉਮੀਦ ਹੈ ਕਿ ਇਹ ਵਰਤਾਰਾ ਜਾਰੀ ਰਹੇਗਾ।