ਕੈਨੇਡਾ 'ਚ ਪੰਜਾਬੀ ਨੌਜਵਾਨਾਂ ਦੀ ਸ਼ਰਮਨਾਕ ਕਰਤੂਤ, ਡਾਕ ਚੋਰੀ ਦੀ ਖੇਡ 'ਚ ਧਰੇ 8 ਪੰਜਾਬੀ, ਕ੍ਰੈਡਿਟ ਕਾਰਡ ਤੋਂ ਲੈ ਕੇ ਚੈੱਕ ਹੋਏ ਬਰਾਮਦ
ਕੈਨੇਡਾ ਪੁਲਿਸ ਨੇ ਭਾਰਤੀ ਮੂਲ ਦੇ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਉੱਤੇ 300 ਤੋਂ ਵੱਧ ਆਰੋਪ ਲਗਾਏ ਗਏ ਹਨ।ਸ਼ੱਕੀ ਵਿਅਕਤੀਆਂ ਕੋਲੋਂ 4,00,000 ਕੈਨੇਡੀਅਨ ਡਾਲਰ ਤੋਂ ਵੱਧ ਕੀਮਤ ਦੇ 450 ਤੋਂ ਵੱਧ ਚੋਰੀ ਹੋਏ ਕ੍ਰੈਡਿਟ ਕਾਰਡ..

ਕੈਨੇਡਾ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜੀ ਹਾਂ ਕੈਨੇਡਾ ਪੁਲਿਸ ਨੇ ਡਾਕ ਰਾਹੀਂ ਮਿਲਣ ਵਾਲੇ ਕ੍ਰੈਡਿਟ ਕਾਰਡ ਅਤੇ ਚੈਕ ਚੋਰੀ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਉੱਤੇ 300 ਤੋਂ ਵੱਧ ਆਰੋਪ ਲਗਾਏ ਗਏ ਹਨ। ਸਥਾਨਕ ਮੀਡੀਆ ਨੇ ਇਸ ਬਾਰੇ ਖ਼ਬਰ ਦਿੱਤੀ। ਖ਼ਬਰ ਵਿੱਚ ਦੱਸਿਆ ਗਿਆ ਹੈ ਕਿ ਆਰੋਪੀ ਵਿੱਚੋਂ ਕੁਝ ਦੇਸ਼ ਨਿਕਾਲਾ ਦਾ ਸਾਹਮਣਾ ਕਰ ਰਹੇ ਹਨ। ‘CTV ਨਿਊਜ਼’ ਦੀ ਖ਼ਬਰ ਦੇ ਅਨੁਸਾਰ, ਪੀਲ ਪੁਲਿਸ ਨੇ ਸ਼ੱਕੀ ਵਿਅਕਤੀਆਂ ਕੋਲੋਂ 4,00,000 ਕੈਨੇਡੀਅਨ ਡਾਲਰ ਤੋਂ ਵੱਧ ਕੀਮਤ ਦੇ 450 ਤੋਂ ਵੱਧ ਚੋਰੀ ਹੋਏ ਕ੍ਰੈਡਿਟ ਕਾਰਡ ਅਤੇ ਚੈਕ ਬਰਾਮਦ ਕੀਤੇ।
ਇੰਝ ਮੇਲਬਾਕਸ ਨੂੰ ਬਣਾਉਂਦੇ ਸੀ ਸ਼ਿਕਾਰ
ਖ਼ਬਰ ਵਿੱਚ ਸ਼ੁੱਕਰਵਾਰ ਨੂੰ ਜਾਰੀ ਇੱਕ ਪੁਲਿਸ ਵਿਗਿਆਪਨ ਦੇ ਹਵਾਲੇ ਨਾਲ ਦੱਸਿਆ ਗਿਆ ਹੈ, “ਜਾਂਚ ਦੌਰਾਨ ਪਤਾ ਲੱਗਾ ਕਿ ਕੁੱਝ ਪੰਜਾਬੀ ਲੋਕ ਮਿਲ ਕੇ ਰਿਹਾਇਸ਼ੀ ਮੇਲਬਾਕਸ ਨੂੰ ਨਿਸ਼ਾਨਾ ਬਣਾ ਰਹੇ ਸਨ ਅਤੇ ਵੱਡੇ ਪੱਧਰ ’ਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਸਨ, ਜਿਸ ਕਾਰਨ ਸਮੁਦਾਇਕ ਮੈਂਬਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।”
ਪੀਲ ਪੁਲਿਸ, ਹਾਲਟਨ ਪੁਲਿਸ ਅਤੇ ਕੈਨੇਡਾ ਪੋਸਟ ਨੇ ਖੇਤਰ ਵਿੱਚ ਡਾਕ ਚੋਰੀ ਦੀਆਂ ਲੜੀਵਾਰ ਘਟਨਾਵਾਂ ਦੀ ਰਿਪੋਰਟ ਕੀਤੀ, ਜਿਸ ਦੀ ਪੁਲਿਸ ਜਾਂਚ ਲਈ ਅਪ੍ਰੈਲ ਵਿੱਚ “ਪ੍ਰੋਜੈਕਟ ਅਨਡਿਲਿਵਰੇਬਲ” ਨਾਮਕ ਇੱਕ ਸਾਂਝਾ ਮੁਹਿੰਮ ਸ਼ੁਰੂ ਕੀਤੀ ਗਈ ਸੀ। ਪੁਲਿਸ ਨੇ ਕਿਹਾ, “ਜਾਂਚ ਦੌਰਾਨ ਪਤਾ ਲੱਗਾ ਕਿ ਕੁਝ ਲੋਕ ਮਿਲ ਕੇ ਰਿਹਾਇਸ਼ੀ ਮੇਲਬਾਕਸ ਨੂੰ ਨਿਸ਼ਾਨਾ ਬਣਾ ਰਹੇ ਸਨ, ਜਿਸ ਦੇ ਨਤੀਜੇ ਵਜੋਂ ਵੱਡੇ ਪੱਧਰ ’ਤੇ ਚੋਰੀ ਹੋਈ ਅਤੇ ਸਮੁਦਾਇਕ ਮੈਂਬਰਾਂ ਲਈ ਰੁਕਾਵਟ ਪੈਦਾ ਹੋਈ।”
ਇਹ 8 ਪੰਜਾਬੀ ਕੀਤੇ ਗਏ ਕਾਬੂ
ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀ ਪਛਾਣ ਸੁਮਨਪ੍ਰੀਤ ਸਿੰਘ, ਗੁਰਦੀਪ ਚੱਠਾ, ਜਸ਼ਨਦੀਪ ਜੱਟਾਨਾ, ਹਰਮਨ ਸਿੰਘ, ਜਸਨਪ੍ਰੀਤ ਸਿੰਘ, ਮਨਰੂਪ ਸਿੰਘ, ਰਾਜਬੀਰ ਸਿੰਘ ਅਤੇ ਉਪਿੰਦਰਜੀਤ ਸਿੰਘ ਵਜੋਂ ਕੀਤੀ ਹੈ। ‘CBC’ ਦੀ ਸ਼ੁੱਕਰਵਾਰ ਦੀ ਖ਼ਬਰ ਅਨੁਸਾਰ, 21 ਤੋਂ 29 ਸਾਲ ਉਮਰ ਦੇ ਇਹਨਾਂ 8 ਸ਼ੱਕੀ ਵਿਅਕਤੀਆਂ ਉੱਤੇ ਕੁੱਲ ਮਿਲਾਕੇ 344 ਆਰੋਪ ਦਰਜ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਉਹ ਕ੍ਰਾਊਨ ਅਟਾਰਨੀ ਦਫ਼ਤਰ ਅਤੇ ਕੈਨੇਡਾ ਬੋਰਡਰ ਸਰਵਿਸ ਏਜੰਸੀ ਨਾਲ ਮਿਲ ਕੇ, ਆਰੋਪੀਆਂ ਵਿੱਚ ਸ਼ਾਮਿਲ ਕੁਝ ਵਿਦੇਸ਼ੀ ਨਾਗਰਿਕਾਂ ਦੇ ਡਿਪੋਰਟ ‘ਤੇ ਚਰਚਾ ਕਰ ਰਹੇ ਹਨ।





















