(Source: ECI/ABP News)
World War: ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਅਮਰੀਕਾ 'ਚ ਪਰੇਡ ਕੱਢ ਕੇ ਦਿੱਤੀ ਗਈ ਸ਼ਰਧਾਂਜਲੀ
ਅਮਰੀਕਨ ਝੰਡਿਆਂ, ਬੈਨਰਾਂ, ਪੋਸਟਰਾਂ ਨਾਲ ਸਜਾਈਆਂ ਸਿੱਖ ਝਾਕੀਆਂ ਵੀ ਇਸ ਪਰੇਡ ਵਿੱਚ ਖਿੱਚ ਦਾ ਕੇਂਦਰ ਰਹੀ। ਇਹਨਾਂ ਉੱਪਰ ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਬਾਰੇ ਜਾਣਕਾਰੀ ਦਿੱਤੀ ਗਈ, ਤਸਵੀਰਾਂ ਦਾ ਪ੍ਰਦਰਸ਼ਨ ਤੇ ਸ਼ੁਭ- ਕਾਮਨਾਵਾਂ ਭੇਟ ਕੀਤੀਆਂ ਗਈਆਂ।
![World War: ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਅਮਰੀਕਾ 'ਚ ਪਰੇਡ ਕੱਢ ਕੇ ਦਿੱਤੀ ਗਈ ਸ਼ਰਧਾਂਜਲੀ A tribute was paid to the Sikh soldiers who were martyred during the world wars by taking out a parade in America World War: ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਅਮਰੀਕਾ 'ਚ ਪਰੇਡ ਕੱਢ ਕੇ ਦਿੱਤੀ ਗਈ ਸ਼ਰਧਾਂਜਲੀ](https://feeds.abplive.com/onecms/images/uploaded-images/2023/06/05/18b660e72286e78b05569bd7a6d8e8411685938841194674_original.jpeg?impolicy=abp_cdn&imwidth=1200&height=675)
ਡੇਟਨ (ਅਮਰੀਕਾ): ਸ਼ਹੀਦ ਹੋਏ ਅਮਰੀਕੀ ਫ਼ੌਜੀਆਂ ਨੂੰ ਯਾਦ ਕਰਨ ਲਈ ਅਮਰੀਕਾ 'ਚ ਹਰ ਸਾਲ ‘ਮੈਮੋਰੀਅਲ ਡੇਅ’ ਮਨਾਇਆ ਜਾਂਦਾ ਹੈ ਤੇ ਇਸ ਦਿਨ ਕੌਮੀ ਛੁੱਟੀ ਹੁੰਦੀ ਹੈ। ਅਮਰੀਕਾ ਦੇ ਹੋਰਨਾਂ ਸ਼ਹਿਰਾਂ ਵਾਂਗ ਓਹਾਇਹੋ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਵਿਖੇ ਵੀ ਇਹ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇੱਥੋਂ ਦੀ ਬਹੁਤ ਹੀ ਪ੍ਰਸਿੱਧ ਸਲਾਨਾ ਪਰੇਡ ਦਾ ਆਯੋਜਨ ਕੀਤਾ ਗਿਆ। ਜੱਦ 4 ਕਿਲੋਮੀਟਰ ਲੰਬੀ ਪਰੇਡ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ 'ਚੋਂ ਲੰਘੀ ਤਾਂ ਸੜਕ ਦੇ ਦੋਵੇਂ ਪਾਸੇ ਖੜ੍ਹੇ ਸ਼ਹਿਰੀਆਂ ਨੇ ਹੱਥਾਂ 'ਚ ਅਮਰੀਕੀ ਝੰਡੇ ਲੈ ਕੇ ਉਸ ਨੂੰ ਜੀ ਆਇਆਂ ਕਿਹਾ।
ਵੱਖ ਵੱਖ ਵਿਭਾਗਾ, ਜਥੇਬੰਦੀਆਂ, ਵਿਦਿਅਕ ਤੇ ਧਾਰਮਕ ਅਦਾਰਿਆਂ ਦੀਆ ਝਲਕੀਆ, ਇਸ ਪਰੇਡ ਦੀ ਵਿਸ਼ੇਸ਼ ਖਿੱਚ ਸਨ। ਫ਼ੌਜ ਦੀਆਂ ਜੀਪਾਂ, ਫਾਇਰ ਟਰੱਕ, ਮੋਟਰਸਾਈਕਲ, ਅਣਗਿਣਤ ਵਾਹਨ ਇਸ ਪਰੇਡ ਦਾ ਹਿੱਸਾ ਸਨ। ਪਰੇਡ ਵਿਚ ਬਹੁਤ ਸਾਰੇ ਵਾਹਨਾਂ ਉੱਪਰ ਇੱਥੋਂ ਦੇ ਸ਼ਹੀਦਾਂ ਦੀਆਂ ਤਸਵੀਰਾਂ ਪੋਸਟਰਾਂ 'ਤੇ ਲਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ। ਸੜਕਾਂ ਕੰਢੇ ਹਜ਼ਾਰਾਂ ਲੋਕ ਪ੍ਰਵਾਰ ਸਮੇਤ ਅਮਰੀਕਾ ਦੇ ਝੰਡੇ ਦੇ ਰੰਗ ਨਾਲ ਮੇਚ ਕਰਦੇ ਲਾਲ, ਚਿੱਟੇ, ਅਤੇ ਨੀਲੇ ਕੱਪੜੇ ਪਾ ਕੇ ਇਨ੍ਹਾਂ ਦੇ ਸੁਆਗਤ ਲਈ ਬੈਠੇ ਸਨ।
ਅਮਰੀਕਨ ਝੰਡਿਆਂ, ਬੈਨਰਾਂ, ਪੋਸਟਰਾਂ ਨਾਲ ਸਜਾਈਆਂ ਸਿੱਖ ਝਾਕੀਆਂ ਵੀ ਇਸ ਪਰੇਡ ਵਿੱਚ ਖਿੱਚ ਦਾ ਕੇਂਦਰ ਰਹੀ। ਇਹਨਾਂ ਉੱਪਰ ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਬਾਰੇ ਜਾਣਕਾਰੀ ਦਿੱਤੀ ਗਈ, ਤਸਵੀਰਾਂ ਦਾ ਪ੍ਰਦਰਸ਼ਨ ਤੇ ਸ਼ੁਭ- ਕਾਮਨਾਵਾਂ ਭੇਟ ਕੀਤੀਆਂ ਗਈਆਂ। ਇਹ ਪਰੇਡ ਜੱਦ ਬਜਾਰਾਂ ਵਿੱਚੋਂ ਲੰਘੀ, ਤਾਂ ਹਮੇਸ਼ਾਂ ਦੀ ਤਰ੍ਹਾਂ ਸਿੱਖ ਝਾਕੀ ਦਾ ਸੜ੍ਹਕ ਕੰਢੇ ਖੜੇ ਅਤੇ ਬੈਠੇ ਹਜ਼ਾਰਾਂ ਸ਼ਹਿਰੀਆਂ ਨੇ ਹੱਥਾਂ ਵਿੱਚ ਅਮਰੀਕੀ ਝੰਡੇ ਲੈ ਕੇ ਹੱਥ ਹਿਲਾ ਕੇ ਨਿੱਘਾ ਸਵਾਗਤ ਕੀਤਾ ਅਤੇ ਉਹ ‘ਮਿਸਟਰ ਸਿੰਘ, ਹੈਪੀ ਮੈਮੋਰੀਅਲ ਡੇਅ’ ਵੀ ਕਹਿ ਰਹੇ ਸਨ।
ਪਿਛਲੇ 25 ਸਾਲਾਂ ਤੋਂ ਸਪਰਿੰਗਫੀਲਡ ਦੇ ਸਮਾਜ ਸੇਵੀ ਅਵਤਾਰ ਸਿੰਘ, ਉਹਨਾਂ ਦੀ ਪਤਨੀ ਸਰਬਜੀਤ ਕੌਰ ਤੇ ਬੱਚੇ ਲਗਾਤਾਰ ਇਸ ਪਰੇਡ ਦਾ ਹਿੱਸਾ ਬਣਦੇ ਆ ਰਹੇ ਹਨ। ਉਹਨਾਂ ਵਲੋਂ ਕਈ ਵਰ੍ਹਿਆਂ ਪਹਿਲਾਂ ਕੀਤੇ ਗਏ ਇਸ ਉਦਮ ਨਾਲ ਹੁਣ ਸਿੱਖ ਸੋਸਾਇਟੀ ਆਫ ਡੇਟਨ ਦੀ ਸੰਗਤ, ਨਾਲ ਲੱਗਦੇ ਸ਼ਹਿਰ ਸਿਨਸਿਨਾਟੀ, ਕੋਲੰਬਸ ਅਤੇ ਇੰਡੀਆਣਾ ਸੂਬੇ ਤੋਂ ਵੀ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਵੀ ਇਸ ਵਿੱਚ ਭਾਗ ਲੈਂਦਾ ਹੈ।
ਸਰਬਜੀਤ ਕੌਰ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਪਹਿਲੀ ਵਾਰ 1999 ਵਿਚ ਪਰਿਵਾਰ ਸਮੇਤ ਇਸ ਪਰੇਡ ਵਿੱਚ ਸ਼ਾਮਲ ਹੋਏ ਸਨ ਤੇ ਉਹਨਾਂ ਨੂੰ ਇਸ ਕਮਿਉਨਟੀ ਦਾ ਹਿੱਸਾ ਹੋਣ ਤੇ ਮਾਣ ਹੈ। ਉਹਨਾਂ ਕਿਹਾ ਕਿ ਪਰੇਡ ਵਿੱਚ ਸ਼ਮੂਲੀਅਤ ਸਾਨੂੰ ਵਿਸ਼ਵ ਯੁਧਾਂ ਵਿਚ ਸ਼ਹੀਦ ਹੋਏ ਸਿੱਖ ਅਤੇ ਅਮਰੀਕੀ ਫੋਜੀਆਂ ਨੂੰ ਸ਼ਰਧਾਂਜਲੀ ਭੇਟ ਕਰਣ ਤੇ ਅਮਰੀਕੀ ਲੋਕਾਂ ਨੂੰ ਸਿੱਖਾਂ ਵਲੋਂ ਵਿਸ਼ਵ ਅਤੇ ਹੋਰਨਾਂ ਯੁਧਾਂ ਵਿਚ ਦਿੱਤੀਆਂ ਗਈਆਂ ਕੁਰਬਾਨੀਆਂ ਬਾਰੇ ਜਾਣਕਾਰੀ ਦੇਣ ਦਾ ਮੌਕਾ ਦਿੰਦੀ ਹੈ।
ਕਮਿਉਨਿਟੀ ਕਾਰਕੁੰਨ ਸਮੀਪ ਸਿੰਘ ਗੁਮਟਾਲਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਸ ਪਰੇਡ ਅਤੇ ਹੋਰਨਾਂ ਕਮਿਉਨਿਟੀ ਸਮਾਗਮਾਂ ਵਿੱਚ ਸ਼ਮੂਲੀਅਤ ਕਰ ਰਹੇ ਹਨ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਸਤੰਬਰ 2001 ਦੇ ਹਮਲੇ ਤੋਂ ਬਾਦ ਸਿੱਖਾਂ ਨੂੰ ਬਹੁਤ ਸਾਰੇ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ ਸੀ। ਇਸ ਲਈ ਇਹ ਹੋਰ ਵੀ ਜਰੂਰੀ ਹੋ ਗਿਆ ਕਿ ਅਸੀਂ ਇਹਨਾਂ ਪ੍ਰੋਗਰਾਮਾਂ ਵਿਚ ਭਾਗ ਲਈਏ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸਿੱਖਾਂ ਬਾਰੇ ਜਾਣਕਾਰੀ ਮਿਲ ਸਕੇ। ਅਮਰੀਕਨਾਂ ਨੂੰ ਇਹ ਦੇਖ ਕੇ ਅਹਿਸਾਸ ਹੋਵੇ ਕਿ ਸਿੱਖ ਵੀ ਸਾਡੀ ਕਮਿਉਨਿਟੀ ਦਾ ਹਿੱਸਾ ਹਨ।
ਅਮਰੀਕਨ ਲੋਕਾਂ ਨੂੰ ਸਿੱਖਾਂ ਦੀ ਨਿਵੇਕਲੀ ਪਛਾਣ ਤੋਂ ਜਾਣੂ ਕਰਵਾਉਣ ਲਈ ਪੈਂਫਲੈਟ ਵੰਡੇ ਗਏ। ਪਰੇਡ ਦੀਆਂ ਅਨਮੋਲ ਯਾਦਾਂ ਨੂੰ ਕੈਮਰਾਬੰਦ ਕਰਨ ਦੀ ਸੇਵਾ ਡੇਟਨ ਤੋਂ ਏ.ਐਂਡ.ਏ. ਫੋਟੋਗ੍ਰਾਫੀ ਦੇ ਸੁਨੀਲ ਮੱਲੀ ਵਲੋਂ ਕੀਤੀ ਗਈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)