ਇੰਗਲੈਂਡ ਨੇ ਕਾਹਲੀ ਨਾਲ ਅਫ਼ਗ਼ਾਨਿਸਤਾਨ ’ਚੋਂ ਕੱਢੀ ਫੌਜ
ਬੋਰਿਸ ਜੌਨਸਨ ਨੇ ਇਹ ਵੀ ਕਿਹਾ,'' ਫੌਜ ਦੀ ਵਾਪਸੀ ਤੋਂ ਬਾਅਦ ਵੀ ਅਫਗਾਨਿਸਤਾਨ ਦੇ ਭਵਿੱਖ ਬਾਰੇ ਸਾਡੀ ਨਜ਼ਰ ਨਹੀਂ ਬਦਲੀ ਹੈ।
Afghanistn Crisis: ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੇ ਮੌਜੂਦ ਇੰਗਲੈਂਡ ਦੇ ਬਾਕੀ ਰਹਿੰਦੇ ਸਾਰੇ ਫੌਜੀ ਜਵਾਨਾਂ ਨੇ ਵਾਪਸੀ ਕਰ ਲਈ ਹੈ। ਬ੍ਰਿਟੇਨ ਦੇ ਫੌਜੀ ਗੜਬੜਗ੍ਰਸਤ ਅਫਗਾਨਿਸਤਾਨ ਵਿੱਚ ਲਗਪਗ ਦੋ ਸਾਲਾਂ ਤੋਂ ਮੌਜੂਦ ਸਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਔਖੇ ਹਾਲਾਤ ਵਿੱਚੋਂ ਬਹੁਤ ਸਾਰੇ ਨਾਗਰਿਕਾਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ ਹੈ। ਭਾਵੇਂ ਬ੍ਰਿਟੇਨ ਸਰਕਾਰ ਪਹਿਲਾਂ ਇਸ ਗੱਲ ਉੱਤੇ ਅਫ਼ਸੋਸ ਪ੍ਰਗਟਾ ਚੁੱਕੀ ਹੈ ਕਿ ਅਫਗਾਨਿਸਤਾਨ ਤੋਂ ਬਾਹਰ ਨਿੱਕਲਣ ਲਈ ਸੋਚ ਰਹੇ ਹਰੇਕ ਵਿਅਕਤੀ ਨੂੰ ਉੱਥੋਂ ਕੱਢਣਾ ਸੰਭਵ ਨਹੀਂ ।
ਬੋਰਿਸ ਜੌਨਸਨ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਬ੍ਰਿਟਿਸ਼ ਫੌਜ ਦੀ ਬਹੁਤ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਆਪਣੇ ਫੌਜੀਆਂ ਨੂੰ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਦੇ ਉਨ੍ਹਾਂ ਦੇ ਮਿਸ਼ਨ 'ਆਪਰੇਸ਼ਨ ਪਿਟਿੰਗ' (Operation Pitting) ਦੀ ਸਫਲਤਾ 'ਤੇ ਵਧਾਈ ਦਿੱਤੀ। ਬੋਰਿਸ ਜਾਨਸਨ ਨੇ ਆਪਣੀ ਫੌਜ ਨੂੰ ਕਿਹਾ, "ਤੁਹਾਨੂੰ ਆਪਣੀ ਬਹਾਦਰੀ 'ਤੇ ਮਾਣ ਹੋਣਾ ਚਾਹੀਦਾ ਹੈ।"
ਆਖਰੀ ਉਡਾਣ ਕੱਲ੍ਹ ਰਾਤੀਂ ਕਾਬੁਲ ਤੋਂ ਹੋਈ ਰਵਾਨਾ
ਕਾਬੁਲ ਹਵਾਈ ਅੱਡੇ ਤੋਂ ਬ੍ਰਿਟਿਸ਼ ਫੌਜੀਆਂ ਅਤੇ ਕੂਟਨੀਤਕਾਂ ਨੂੰ ਲੈ ਕੇ ਆਖਰੀ ਉਡਾਣ ਸਨਿੱਚਰਵਾਰ ਦੇਰ ਰਾਤੀਂ ਰਵਾਨਾ ਹੋਈ। ਅਫਗਾਨਿਸਤਾਨ ਤੋਂ ਆਪਣੇ ਨਾਗਰਿਕਾਂ ਨੂੰ ਲੈ ਕੇ ਇੰਗਲੈਂਡ ਦੀ ਆਖਰੀ ਉਡਾਣ ਵੀ ਇਸ ਤੋਂ ਕੁਝ ਘੰਟੇ ਪਹਿਲਾਂ ਰਵਾਨਾ ਹੋਈ ਸੀ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ, “ਸਾਡੀ ਫੌਜ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਅਫਗਾਨਿਸਤਾਨ ਵਿੱਚ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਜਿਸ ਤੋਂ ਬਾਅਦ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ। ਅੱਜ ਉੱਥੋਂ ਸਾਡੀ ਫੌਜ ਦੇ ਆਖਰੀ ਸਿਪਾਹੀਆਂ ਦੀ ਵਾਪਸੀ ਇਸ ਤੱਥ ਦਾ ਜਿਉਂਦਾ ਜਾਗਦਾ ਸਬੂਤ ਹੈ।
ਅਫਗਾਨਿਸਤਾਨ ਦੇ ਬਿਹਤਰ ਭਵਿੱਖ ਲਈ ਲੜਦੇ ਰਹਾਂਗੇ
ਬੋਰਿਸ ਜੌਨਸਨ ਨੇ ਇਹ ਵੀ ਕਿਹਾ,'' ਫੌਜ ਦੀ ਵਾਪਸੀ ਤੋਂ ਬਾਅਦ ਵੀ ਅਫਗਾਨਿਸਤਾਨ ਦੇ ਭਵਿੱਖ ਬਾਰੇ ਸਾਡੀ ਨਜ਼ਰ ਨਹੀਂ ਬਦਲੀ ਹੈ। ਅਸੀਂ ਹੁਣ ਅਫਗਾਨ ਲੋਕਾਂ ਦੇ ਬਿਹਤਰ ਭਵਿੱਖ ਲਈ ਲੜਨ ਲਈ ਹਰ ਪ੍ਰਕਾਰ ਦੇ ਰਾਜਨੀਤਿਕ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਦੀ ਵਰਤੋਂ ਕਰਾਂਗੇ। ”
ਅਫਗਾਨਿਸਤਾਨ ਦੇ ਲੋਕਾਂ ਨੂੰ ਵੀ ਸ਼ਾਂਤੀ ਨਾਲ ਰਹਿਣ ਦਾ ਅਧਿਕਾਰ
ਤੁਹਾਨੂੰ ਦੱਸ ਦੇਈਏ ਕਿ, ਅਮਰੀਕਾ ਨੂੰ ਛੱਡ ਕੇ, ਜ਼ਿਆਦਾਤਰ ਦੇਸ਼ਾਂ ਨੇ ਅਫਗਾਨਿਸਤਾਨ ਤੋਂ ਨਾਗਰਿਕਾਂ ਅਤੇ ਉਨ੍ਹਾਂ ਦੀ ਫੌਜ ਨੂੰ ਵਾਪਸ ਬੁਲਾਉਣ ਦੇ ਮਿਸ਼ਨ ਨੂੰ ਪੂਰਾ ਕਰਨ ਦੀ ਗੱਲ ਕਹੀ ਹੈ। ਯੂਕੇ ਦੇ ਰੱਖਿਆ ਮੰਤਰਾਲੇ ਅਨੁਸਾਰ, ਦੋ ਹਫਤਿਆਂ ਤੋਂ ਵੀ ਘੱਟ ਸਮੇਂ ਵਿੱਚ 14,000 ਲੋਕਾਂ ਨੂੰ ਕਾਬੁਲ ਤੋਂ ਬਾਹਰ ਕੱਢਿਆ ਗਿਆ ਹੈ। ਅਫਗਾਨਿਸਤਾਨ ਵਿੱਚ ਬ੍ਰਿਟੇਨ ਦੀ ਰਾਜਦੂਤ ਲੌਰੀ ਬ੍ਰਿਸਟੋ ਨੇ ਉੱਥੋਂ ਰਵਾਨਾ ਹੁੰਦਿਆਂ ਕਿਹਾ,"ਹੁਣ ਇਸ ਕਾਰਵਾਈ ਦੇ ਇਸ ਪੜਾਅ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ।"
ਇਸ ਦੇ ਨਾਲ ਹੀ ਉਨ੍ਹਾਂ ਨੇ ਟਵਿੱਟਰ 'ਤੇ ਇਕ ਵੀਡੀਓ ਪੋਸਟ ਕਰਦੇ ਹੋਏ ਕਿਹਾ,''ਅਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਭੁੱਲੇ, ਜੋ ਹਾਲੇ ਵੀ ਅਫਗਾਨਿਸਤਾਨ ਤੋਂ ਬਾਹਰ ਨਿਕਲਣ ਦੀ ਉਡੀਕ ਕਰ ਰਹੇ ਹਨ। ਅਸੀਂ ਉਨ੍ਹਾਂ ਨੂੰ ਬਾਹਰ ਕੱਢਣ ਲਈ ਆਪਣੇ ਵੱਲੋਂ ਹਰ ਸੰਭਵ ਸਹਾਇਤਾ ਕਰਾਂਗੇ। ਅਸੀਂ ਅਫਗਾਨਿਸਤਾਨ ਦੇ ਬਹਾਦਰ ਤੇ ਨਿਰਦੋਸ਼ ਲੋਕਾਂ ਨੂੰ ਵੀ ਨਹੀਂ ਭੁੱਲੇ। ਉਨ੍ਹਾਂ ਨੂੰ ਸ਼ਾਂਤੀ ਅਤੇ ਸੁਰੱਖਿਆ ਨਾਲ ਰਹਿਣ ਦਾ ਪੂਰਾ ਅਧਿਕਾਰ ਹੈ।”