ਅਫਗਾਨਿਸਤਾਨ 'ਤੇ ਕਬਜ਼ੇ ਤੋਂ ਬਾਅਦ ਅੱਜ ਦੋਹਾ ਤੋਂ ਕਾਬੁਲ ਪਹੁੰਚਣਗੇ ਤਾਲਿਬਾਨ ਲੀਡਰ, ਇਹ ਹੋ ਸਕਦਾ ਨਵਾਂ ਰਾਸ਼ਟਰਪਤੀ
ਅਫਗਾਨਿਸਤਾਨ ਦੇ ਨਵੇਂ ਰਾਸ਼ਟਰਪਤੀ ਅਹੁਦੇ ਲਈ ਤਾਲਿਬਾਨ ਨੇ ਜਿਸ ਮੁੱਲਾ ਅਬਦੁਲ ਗਨੀ ਬਰਾਦਰ ਦਾ ਨਾਂਅ ਅੱਗੇ ਕੀਤਾ ਹੈ ਉਹ ਵੀ ਦੋਹਾ 'ਚ ਹੀ ਮੌਜੂਦ ਹੈ।
ਕਾਬੁਲ: ਅਫਗਾਨਿਸਤਾਨ 'ਚ ਜੋ ਹੋਇਆ ਦੁਨੀਆਂ ਭਰ 'ਚ ਇਹ ਕਲਪਨਾ ਕਿਸੇ ਨੇ ਨਹੀਂ ਕੀਤੀ ਸੀ। ਦੋ ਸਾਲ ਤਕ ਜਿੱਥੇ ਦੁਨੀਆਂ ਦੀ ਸਭ ਤੋਂ ਵੱਡੀ ਮਹਾਂਸ਼ਕਤੀ ਦੀਆਂ ਫੌਜਾਂ ਰਹੀਆਂ ਹੋਣ ਉਸ ਕਿਲ੍ਹੇ ਨੂੰ ਤਾਲਿਬਾਨ ਨੇ ਚੁਟਕੀ 'ਚ ਮਸਲ ਦਿੱਤਾ। ਅਫਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਾ ਹੈ, ਕਾਬੁਲ 'ਚ ਹਫੜਾ ਦਫੜੀ ਦੀਆਂ ਤਸਵੀਰਾਂ ਦੁਨੀਆਂ ਸਾਹਮਣੇ ਹਨ। ਪਰ ਕਾਬੁਲ ਨੂੰ ਲੈਕੇ ਇਕ ਮੰਥਨ ਕਤਰ ਦੇ ਦੋਹਾ 'ਚ ਵੀ ਚੱਲ ਰਿਹਾ ਹੈ। ਤਾਲਿਬਾਨ ਦੇ ਵੱਡੇ ਲੀਡਰ ਅਫਗਾਨਿਸਤਾਨ 'ਚ ਸਰਕਾਰ ਬਣਾਉਣ ਨੂੰ ਲੈਕੇ ਅੱਜ ਕੋਈ ਐਲਾਨ ਕਰ ਸਕਦੇ ਹਨ।
ਅਫਗਾਨਿਸਤਾਨ ਦੇ ਨਵੇਂ ਰਾਸ਼ਟਰਪਤੀ ਅਹੁਦੇ ਲਈ ਤਾਲਿਬਾਨ ਨੇ ਜਿਸ ਮੁੱਲਾ ਅਬਦੁਲ ਗਨੀ ਬਰਾਦਰ ਦਾ ਨਾਂਅ ਅੱਗੇ ਕੀਤਾ ਹੈ ਉਹ ਵੀ ਦੋਹਾ 'ਚ ਹੀ ਮੌਜੂਦ ਹੈ। ਅਜਿਹੀਆਂ ਖ਼ਬਰਾਂ ਹਨ ਕਿ ਅੱਜ ਤਾਲਿਬਾਨ ਦੇ ਵੱਡੇ ਲੀਡਰ ਦੋਹਾ ਤੋਂ ਕਾਬੁਲ ਆਕੇ ਨਵੀਂ ਸਰਕਾਰ ਨੂੰ ਲੈਕੇ ਕੋਈ ਐਲਾਨ ਕਰ ਸਕਦੇ ਹਨ। ਅਫਗਾਨਿਸਤਾਨ 'ਚ ਬਦਲਦੀ ਸੱਤਾ ਨੇ ਦੁਨੀਆਂ ਦੇ ਸਮੀਕਰਨ ਵੀ ਕਾਫੀ ਹੱਦ ਤਕ ਬਦਲ ਕੇ ਰੱਖ ਦਿੱਤੇ ਹਨ।
ਚੀਨ, ਰੂਸ, ਤੁਰਕੀ ਤੇ ਪਾਕਿਸਤਾਨ ਨਵੀਂ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਗੱਲ ਕਹਿ ਚੁੱਕੇ ਹਨ। ਇਸ ਦੇ ਨਾਲ ਹੀ ਮੌਜੂਦਾ ਹਾਲਾਤ ਲਈ ਸਾਰੇ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਚੀਨ, ਰੂਸ ਤੇ ਪਾਕਿਸਾਨ ਨੇ ਤਾਂ ਕਾਬੁਲ 'ਚ ਆਪਣੀ ਏਜੰਸੀ ਵੀ ਨਾ ਖਾਲੀ ਕਰਨ ਦਾ ਐਲਾਨ ਕਰ ਦਿੱਤਾ ਹੈ।
ਅਫਗਾਨਿਸਤਾਨ 'ਚ ਤਾਲਿਬਾਨ ਦੀ ਜਿੱਤ ਤੇ ਚੀਨ ਨੇ ਤਾਲਿਬਾਨ ਦੇ ਸ਼ਾਸਨ ਦੇ ਸਥਾਈ ਰਹਿਣ ਦੀ ਉਮੀਦ ਜਤਾਈ ਹੈ ਤੇ ਅਮਰੀਕਾ ਦੇ ਵਿਰੋਧੀ ਇਰਾਨ ਨੇ ਕਿਹਾ ਕਿ ਅਮਰੀਕਾ ਦੀ ਹਾਰ ਨਾਲ ਸ਼ਾਂਤੀ ਦੀ ਉਮੀਦ ਜਾਗੀ ਹੈ। ਪਾਕਿਸਤਾਨ ਨੇ ਕਿਹਾ ਕਿ ਅਫਗਾਨਿਸਤਾਨ ਨੇ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਦਿੱਤੀਆਂ ਹਨ।
ਤਾਲਿਬਾਨ ਸਰਕਾਰ ਨੂੰ ਲੈਕੇ ਦੁਨੀਆਂ ਦੇ ਦੇਸ਼ ਆਪਣੀ ਰਾਜਨੀਤੀ ਦੇ ਹਿਸਾਬ ਨਾਲ ਦੋ ਖੇਮਿਆਂ 'ਚ ਨਜ਼ਰ ਆ ਰਹੇ ਹਨ। ਅਫਗਾਨਿਸਤਾਨ ਦੀ ਬਦਲਦੀ ਸੂਰਤ 'ਚ ਦੋਹਾ ਦੀ ਭੂਮਿਕਾ ਕਾਫੀ ਅਹਿਮ ਰਹੀ ਹੈ। ਅਮਰੀਕਾ ਤੇ ਤਾਲਿਬਾਨ ਦੇ ਵਿਚ ਦੋਹਾ 'ਚ 2018 ਤੋਂ ਹੀ ਸ਼ਾਂਤੀ ਵਾਰਤਾ ਚੱਲ ਰਹੀ ਹੈ। ਇਸ ਦੌਰਾਨ ਅਮਰੀਕਾ ਨੇ ਤਾਲਿਬਾਨ ਦੇ ਸਾਹਮਣੇ ਕਈ ਸ਼ਰਤਾਂ ਰੱਖੀਆਂ।
ਤਾਲਿਬਾਨ ਤੇ ਅਮਰੀਕਾ ਨੂੰ ਲੈਕੇ ਗੱਲਬਾਤ ਦੋਹਾਂ 'ਚ ਹੀ ਹੁੰਦੀ ਰਹੀ ਹੈ। ਹੁਣ ਨਵੀਂ ਸਰਕਾਰ ਨੂੰ ਸ਼ਕਲ ਦੇਣ ਦਾ ਕੰਮ ਵੀ ਦੋਹਾ 'ਚ ਚੱਲ ਰਿਹਾ ਹੈ। ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਵੀ ਤਾਲਿਬਾਨ ਦੀ ਨਵੀਂ ਸਰਕਾਰ ਨੂੰ ਲੈਕੇ ਦੁਨੀਆਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਹੈ।
ਜੇਕਰ ਦੋਹਾ 'ਚ ਸਰਕਾਰ ਦੀ ਰਚਨਾ, ਚਿਹਰੇ 'ਤੇ ਨਾਂਅ ਨੂੰ ਲੈਕੇ ਕੋਈ ਗੱਲ ਤੈਅ ਹੋ ਜਾਂਦੀ ਹੈ ਤਾਂ ਅੱਜ ਹੀ ਬਰਾਦਰ ਸਮੇਤ ਤਾਲਿਬਾਨ ਦੇ ਵੱਡੇ ਲੀਡਰ ਕਾਬੁਲ ਜਾਕੇ ਇਸ ਦਾ ਐਲਾਨ ਕਰ ਸਕਦੇ ਹਨ। ਤਾਲਿਬਾਨ ਦਾ ਦਾਅਵਾ ਹੈ ਕਿ ਨਵੀਂ ਸਰਕਾਰ ਨੂੰ ਲੈਕੇ ਸੰਗਠਨ ਦੇ ਨਾਲ-ਨਾਲ ਅੰਤਰ-ਰਾਸ਼ਟਰੀ ਲੀਡਰਾਂ ਨਾਲ ਵੀ ਗੱਲਬਾਤ ਜਾਰੀ ਹੈ।