Russia Ukraine War: ਯੁੱਧ ਦੇ ਵਿਚਕਾਰ ਅਮਰੀਕਾ ਦਾ ਵੱਡਾ ਐਲਾਨ, ਯੂਕਰੇਨ ਨੂੰ ਫਿਰ ਮਿਲੇਗੀ 725 ਮਿਲੀਅਨ ਡਾਲਰ ਦੀ ਫ਼ੌਜੀ ਸਹਾਇਤਾ
US on Ukraine War: ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ 14 ਅਕਤੂਬਰ ਨੂੰ ਇੱਕ ਮੈਮੋਰੰਡਮ ਵਿੱਚ ਯੂਕਰੇਨ ਨੂੰ ਸਹਾਇਤਾ ਦਾ ਐਲਾਨ ਕੀਤਾ। ਪੈਕੇਜ ਵਿੱਚ ਹਥਿਆਰ ਅਤੇ ਫ਼ੌਜੀ ਵਾਹਨ ਸ਼ਾਮਲ ਹੋਣ ਦੀ ਉਮੀਦ ਹੈ।
US Military Assistance To Ukraine: ਰੂਸ ਅਤੇ ਯੂਕਰੇਨ ਵਿਚਾਲੇ ਲਗਾਤਾਰ ਜੰਗ ਜਾਰੀ ਹੈ। ਯੂਕਰੇਨ ਰੂਸੀ ਫੌਜਾਂ ਦਾ ਮੁਕਾਬਲਾ ਕਰਨ ਲਈ ਅਮਰੀਕਾ ਤੋਂ ਲਗਾਤਾਰ ਆਧੁਨਿਕ ਹਥਿਆਰਾਂ ਦੀ ਮੰਗ ਕਰ ਰਿਹਾ ਹੈ। ਇਸ ਦੌਰਾਨ ਅਮਰੀਕਾ ਨੇ ਯੂਕਰੇਨ ਨੂੰ 725 ਮਿਲੀਅਨ ਡਾਲਰ ਦੀ ਫ਼ੌਜੀ ਸਹਾਇਤਾ ਭੇਜਣ ਦਾ ਐਲਾਨ ਕੀਤਾ ਹੈ। ਵਿਦੇਸ਼ ਵਿਭਾਗ ਅਤੇ ਪੈਂਟਾਗਨ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਸੰਯੁਕਤ ਰਾਜ ਯੂਕਰੇਨ ਨੂੰ 725 ਮਿਲੀਅਨ ਡਾਲਰ ਦੀ ਫ਼ੌਜੀ ਸਹਾਇਤਾ ਭੇਜੇਗਾ।
ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ 14 ਅਕਤੂਬਰ ਨੂੰ ਇੱਕ ਮੈਮੋਰੰਡਮ ਵਿੱਚ ਯੂਕਰੇਨ ਨੂੰ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। ਪੈਕੇਜ ਵਿੱਚ ਹਥਿਆਰ ਅਤੇ ਫ਼ੌਜੀ ਵਾਹਨ ਸ਼ਾਮਲ ਹੋਣ ਦੀ ਉਮੀਦ ਹੈ।
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇੱਕ ਬਿਆਨ 'ਚ ਕਿਹਾ ਕਿ ਇਹ ਸਹਾਇਤਾ ਯੂਕਰੇਨ 'ਚ ਨਾਗਰਿਕਾਂ 'ਤੇ ਰੂਸੀ ਮਿਜ਼ਾਈਲ ਹਮਲਿਆਂ ਅਤੇ ਰੂਸੀ ਫ਼ੌਜ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਦੇ ਮੱਦੇਨਜ਼ਰ ਦਿੱਤੀ ਜਾ ਰਹੀ ਹੈ। ਬਲਿੰਕੇਨ ਨੇ ਕਿਹਾ ਕਿ ਅਸੀਂ ਯੂਕਰੇਨ ਨੂੰ 725 ਮਿਲੀਅਨ ਡਾਲਰ ਮੁੱਲ ਦੇ ਹਥਿਆਰ ਅਤੇ ਉਪਕਰਨ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਯੂਕਰੇਨ ਦੇ ਬਚਾਅ ਕਰਨ ਵਾਲਿਆਂ ਨੇ ਰੂਸੀ ਫ਼ੌਜਾਂ ਨੂੰ ਪਿੱਛੇ ਧੱਕ ਦਿੱਤਾ ਹੈ ਅਤੇ ਅਮਰੀਕਾ ਯੂਕਰੇਨ ਦੇ ਨਾਲ ਖੜ੍ਹਾ ਹੈ।
ਅਮਰੀਕੀ ਰੱਖਿਆ ਮੰਤਰੀ ਨੇ ਕੀ ਕਿਹਾ?
ਰੱਖਿਆ ਵਿਭਾਗ ਨੇ ਇੱਕ ਵੱਖਰੇ ਬਿਆਨ ਵਿੱਚ ਕਿਹਾ ਕਿ ਇਸ ਪੈਕੇਜ ਵਿੱਚ HIMARS ਰਾਕੇਟ ਪ੍ਰਣਾਲੀ ਲਈ ਹੋਰ ਗੋਲਾ-ਬਾਰੂਦ ਸ਼ਾਮਲ ਹੈ। ਇਸ ਤੋਂ ਪਹਿਲਾਂ ਯੂਕਰੇਨ ਵਿੱਚ ਜੰਗ ਦੌਰਾਨ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਬੁੱਧਵਾਰ (12 ਅਕਤੂਬਰ) ਨੂੰ ਕਿਹਾ ਸੀ ਕਿ ਅਸੀਂ ਯੂਕਰੇਨ ਨੂੰ ਹਥਿਆਰ ਭੇਜਣ ਲਈ ਵਚਨਬੱਧ ਹਾਂ। ਇਸ ਹਫਤੇ ਲਗਭਗ 50 ਰੱਖਿਆ ਨੇਤਾਵਾਂ ਨਾਲ ਹੋਈ ਬੈਠਕ ਵਿੱਚ ਯੂਕਰੇਨ ਨੂੰ ਹੋਰ ਹਵਾਈ ਰੱਖਿਆ ਹਥਿਆਰ ਭੇਜਣ ਅਤੇ ਯੂਕਰੇਨੀ ਫ਼ੌਜ ਨੂੰ ਸਿਖਲਾਈ ਦੇਣ ਦੀਆਂ ਯੋਜਨਾਵਾਂ 'ਤੇ ਵੀ ਚਰਚਾ ਕੀਤੀ ਗਈ।
ਅਮਰੀਕਾ ਯੂਕਰੇਨ ਨੂੰ ਹੋਰ ਆਧੁਨਿਕ ਹਥਿਆਰ ਦੇਵੇਗਾ
ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਕਿਹਾ ਕਿ ਯੂਕਰੇਨ ਨੂੰ ਅਜੇ ਵੀ ਲੰਬੀ ਦੂਰੀ ਦੇ ਹਥਿਆਰਾਂ, ਹਵਾਈ ਰੱਖਿਆ ਪ੍ਰਣਾਲੀਆਂ ਅਤੇ ਤੋਪਖਾਨੇ ਦੇ ਨਾਲ-ਨਾਲ ਕਈ ਹੋਰ ਹਥਿਆਰਾਂ ਦੀ ਲੋੜ ਹੈ। ਅਮਰੀਕਾ ਨੇ ਪਹਿਲਾਂ ਹੀ 20 ਐਡਵਾਂਸਡ ਆਰਟਿਲਰੀ ਰਾਕੇਟ ਸਿਸਟਮ (HIMARS) ਦਿੱਤੇ ਹਨ। ਅਮਰੀਕਾ ਯੂਕਰੇਨ ਨੂੰ ਪਹਿਲੇ ਦੋ ਨੈਸ਼ਨਲ ਐਡਵਾਂਸਡ ਸਰਫੇਸ-ਟੂ-ਏਅਰ ਮਿਜ਼ਾਈਲ ਸਿਸਟਮ (NASAMS) ਦੇਵੇਗਾ, ਜਿਸ ਦੀ ਜ਼ੇਲੇਂਸਕੀ ਸਰਕਾਰ ਲੰਬੇ ਸਮੇਂ ਤੋਂ ਮੰਗ ਕਰ ਰਹੀ ਸੀ। ਬਿਡੇਨ ਪ੍ਰਸ਼ਾਸਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕਰੇਨ ਨੂੰ ਕੁੱਲ ਅਮਰੀਕੀ ਫੌਜੀ ਸਹਾਇਤਾ $ 18.3 ਬਿਲੀਅਨ ਤੱਕ ਪਹੁੰਚ ਗਈ ਹੈ।