(Source: ECI/ABP News/ABP Majha)
ਭਾਰਤ ’ਚ ਬੈਠੇ ਖੋਲ੍ਹੋ ਅਮਰੀਕਾ ਦੇ ਬੈਂਕ 'ਚ ਆਪਣਾ ਖਾਤਾ, ਸਿਰਫ ਇਸ ਦਸਤਾਵੇਜ਼ ਦੀ ਲੋੜ
ਰੋਜ਼ਾਨਾ ‘ਦ ਮਿੰਟ’ ਵੱਲੋਂ ਪ੍ਰਕਾਸ਼ਿਤ ਤਿਨੇਸ਼ ਭਸੀਨ ਦੀ ਰਿਪੋਰਟ ਅਨੁਸਾਰ ‘ਐਲਡ੍ਰਾ’ ਦਰਅਸਲ ਇੱਕ ਨਵ-ਬੈਂਕ (Neo-Bank) ਹੈ; ਜਿਸ ਦਾ ਮਤਲਬ ਹੈ ਕਿ ਇਸ ਕੰਪਨੀ ਕੋਲ ਬੈਂਕਿੰਗ ਦਾ ਕੋਈ ਲਾਇਸੈਂਸ ਤਾਂ ਨਹੀਂ ਹੈ ਪਰ ਇਹ ਇੱਕ ਸਥਾਪਤ ਬੈਂਕ ਨਾਲ ਮਿਲ ਕੇ ਬੈਂਕਿੰਗ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਤੁਸੀਂ ਹੁਣ ਭਾਰਤ ’ਚ ਬੈਠਿਆਂ ਅਮਰੀਕਾ ਦੇ ਕਿਸੇ ਵੀ ਬੈਂਕ ਵਿੱਚ ਆਪਣਾ ਖਾਤਾ ਖੋਲ੍ਹ ਸਕਦੇ ਹੋ। ਬੱਸ ਤੁਹਾਡੇ ਕੋਲ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ। ਇਸ ਲਈ ਸਿਰਫ਼ ਇੱਕ ਐਪ ਦੀ ਵਰਤੋਂ ਕਰਨੀ ਪੈਂਦੀ ਹੈ। ਦਰਅਸਲ, ਅਮਰੀਕਾ ਦੀ ਵਿੱਤੀ ਮਾਮਲਿਆਂ ਨਾਲ ਸਿੱਝਣ ਵਾਲੀ ਨਵੀਂ ਕੰਪਨੀ ‘ਐਲਡ੍ਰਾ’ (Aeldra) ਨੇ ਭਾਰਤ ਦੇ ਨਾਗਰਿਕਾਂ ਨੂੰ ਅਮਰੀਕਾ ’ਚ ਬੈਂਕ ਖਾਤੇ ਖੋਲ੍ਹਣ ਦੀ ਪੇਸ਼ਕਸ਼ ਕੀਤੀ ਹੈ। ਇਸ ਲਈ ਤੁਹਾਨੂੰ ਅਮਰੀਕਾ ਦੇ ਕਿਸੇ ਰਿਹਾਇਸ਼ੀ ਜਾਂ ਦਫ਼ਤਰੀ ਪਤੇ ਜਾਂ ‘ਸੋਸ਼ਲ ਸਕਿਓਰਿਟੀ ਨੰਬਰ’ ਦੀ ਵੀ ਜ਼ਰੂਰਤ ਨਹੀਂ ਹੈ।
ਕੰਪਨੀ ਐਡ੍ਰਾ ਦੇ ਬਾਨੀ ਤੇ ਸੀਈਓ ਸੁਕੀਰਤ ਸ਼ੰਕਰ ਨੇ ਦੱਸਿਆ ਕਿ ਭਾਰਤੀ ਪਾਸਪੋਰਟ ਤੇ ਹੋਰ ਸਥਾਨਕ ਦਸਤਾਵੇਜ਼ਾਂ ਦੇ ਆਧਾਰ ਉੱਤੇ ਹੁਣ KYC (ਨੋਅ ਯੂਅਰ ਕਲਾਇੰਟ) ਕੀਤੀ ਜਾ ਸਕਦੀ ਹੈ। ‘ਅਸੀਂ ਬੀਟਾ ਦੌਰ ’ਚ ਹਾਂ ਅਤੇ ਰੋਜ਼ਲਾਂ 30 ਕੁ ਖਾਤੇ ਖੋਲ੍ਹ ਰਹੇ ਹਾਂ। ਸਾਡੇ ਕੋਲ 5,000 ਗਾਹਕਾਂ ਦੀ ਵੇਟਿੰਗ ਲਿਸਟ ਹੈ, ਜੋ ਭਾਰਤ ’ਚ ਰਹਿੰਦਿਆਂ ਅਮਰੀਕਾ ’ਚ ਇੱਕ ਬੈਂਕ ਖਾਤਾ ਚਾਹ ਰਹੇ ਹਨ।’
ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਬੈਂਕ ਖਾਤੇ ਨਾਲ ‘ਫ਼ੈਡਰਲ ਡਿਪਾਜ਼ਿਟ ਇੰਸ਼ਓਰੈਂਸ ਕਾਰਪੋਰੇਸ਼ਨ’ ਵੱਲੋਂ 2,50,000 ਡਾਲਰ ਦਾ ਬੀਮਾ ਅਤੇ ਇੱਕ ਮਾਸਟਰਕਾਰਡ ਡੇਬਿਟ ਕਾਰਡ ਮਿਲਦਾ ਹੈ। ‘ਐਲਡ੍ਰਾ’ ਨਾਂ ਦੀ ਕੰਪਨੀ ਕਿਸੇ ਵੀ ਬੈਂਕ ਖਾਤੇ ਦੇ ਰੱਖ-ਰਖਾਅ, ਮੋਬਾਇਲ ਬੈਂਕਿੰਗ, ਡੇਬਿਟ ਕਾਰਡ ਤੇ ਅਜਿਹੀਆਂ ਹੋਰ ਸੇਵਾਵਾਂ ਲਈ ਕੋਈ ਕੋਈ ਫ਼ੀਸ ਵੀ ਨਹੀਂ ਲੈ ਰਹੀ।
ਰੋਜ਼ਾਨਾ ‘ਦ ਮਿੰਟ’ ਵੱਲੋਂ ਪ੍ਰਕਾਸ਼ਿਤ ਤਿਨੇਸ਼ ਭਸੀਨ ਦੀ ਰਿਪੋਰਟ ਅਨੁਸਾਰ ‘ਐਲਡ੍ਰਾ’ ਦਰਅਸਲ ਇੱਕ ਨਵ-ਬੈਂਕ (Neo-Bank) ਹੈ; ਜਿਸ ਦਾ ਮਤਲਬ ਹੈ ਕਿ ਇਸ ਕੰਪਨੀ ਕੋਲ ਬੈਂਕਿੰਗ ਦਾ ਕੋਈ ਲਾਇਸੈਂਸ ਤਾਂ ਨਹੀਂ ਹੈ ਪਰ ਇਹ ਇੱਕ ਸਥਾਪਤ ਬੈਂਕ ਨਾਲ ਮਿਲ ਕੇ ਬੈਂਕਿੰਗ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ।
ਇਹ ਨਵ-ਬੈਂਕ ਰਵਾਇਤੀ ਬੈਂਕਾਂ ਦੇ ਮੁਕਾਬਲੇ ਟੈਕਨੋਲੋਜੀ (ਆਰਟੀਫ਼ੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ) ਦੀ ਵਰਤੋਂ ਕਰਦਿਆਂ ਬਿਹਤਰ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ‘ਐਲਡ੍ਰਾ’ ਨੇ ਬੈਂਕਿੰਗ ਸੇਵਾਵਾਂ ਲਈ ‘ਬਲੂ ਰਿੱਜ ਬੈਂਕ’ ਨਾਲ ਸਮਝੌਤਾ ਕੀਤਾ ਹੈ।
ਅਮਰੀਕਾ ਤੋਂ ਬਾਅਦ ਐਲਡ੍ਰਾ ਬਿਲਕੁਲ ਅਜਿਹੀਆਂ ਸੇਵਾਵਾਂ ਕੈਨੇਡਾ, ਇੰਗਲੈਂਡ ਤੇ ਆਸਟ੍ਰੇਲੀਆ ਦੇ ਬੈਂਕ ਖਾਤਿਆਂ ਲਈ ਵੀ ਦੇਣ ਜਾ ਰਹੀ ਹੈ। ਤਦ ਭਾਰਤ ਦੇ ਨਾਗਰਿਕ ਇਨ੍ਹਾਂ ’ਚੋਂ ਕਿਸੇ ਵੀ ਦੇਸ਼ ਵਿੱਚ ਆਪਣਾ ਬੈਂਕ ਖਾਤਾ ਖੋਲ੍ਹ ਸਕਣਗੇ।
‘ਐਲਡ੍ਰਾ’ ਕੰਪਨੀ ਦਰਅਸਲ ਕੁਝ ਅਜਿਹੇ ਅਮੀਰ ਗਾਹਕਾਂ ਦੀ ਭਾਲ ’ਚ ਵੀ ਹੈ, ਜਿਹੜੇ ਭਵਿੱਖ ਵਿੱਚ ਅਮਰੀਕਾ ਵਿੱਚ ਆਪਣਾ ਸਰਮਾਇਆ ਲਾਉਣ ਤੇ ਵਧੇਰੇ ਮੁਨਾਫ਼ਾ ਕਮਾਉਣ। ਉਨ੍ਹਾਂ ਗਾਹਕਾਂ ਨੂੰ ਅਮਰੀਕੀ ਬੈਂਕ ’ਚ ਪੈਸੇ ਜਮ੍ਹਾ ਕਰਵਾ ਕੇ ਵੀ ‘ਚੋਖਾ ਆਰਥਿਕ ਲਾਭ ਹੋਵੇਗਾ’।
ਇੱਥੇ ਇਹ ਵੀ ਦੱਸ ਦੇਈਏ ਕਿ ਭਾਰਤੀ ਰਿਜ਼ਰਵ ਬੈਂਕ (RBI) ਦਾ ਨਿਯਮ ਹੈ ਕਿ ਕੋਈ ਵੀ ਭਾਰਤੀ ਨਾਗਰਿਕ ਇੱਕ ਵਿੱਤੀ ਵਰ੍ਹੇ ਦੌਰਾਨ 2,50,000 ਡਾਲਰ ਤੋਂ ਵੱਧ ਦੀ ਰਕਮ ਵਿਦੇਸ਼ ’ਚ ਨਹੀਂ ਭੇਜ ਸਕਦਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ