Maldives : ਮਾਲਦੀਵ 'ਚ ਸਕੂਟੀ 'ਤੇ ਜਾ ਰਹੇ ਮੰਤਰੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਭੱਜ ਕੇ ਬਚਾਈ ਆਪਣੀ ਜਾਨ
Attack on Maldives Minister: ਮਾਲਦੀਵ (Maldives) ਦੇ ਵਾਤਾਵਰਣ ਮੰਤਰੀ ਅਲੀ ਸੋਲਿਹ (Ali Solih) 'ਤੇ ਸੋਮਵਾਰ ਦੁਪਹਿਰ ਨੂੰ ਜਾਨਲੇਵਾ ਹਮਲਾ ਹੋਇਆ।
Attack on Maldives Minister: ਮਾਲਦੀਵ (Maldives) ਦੇ ਵਾਤਾਵਰਣ ਮੰਤਰੀ ਅਲੀ ਸੋਲਿਹ (Ali Solih) 'ਤੇ ਸੋਮਵਾਰ ਦੁਪਹਿਰ ਨੂੰ ਜਾਨਲੇਵਾ ਹਮਲਾ ਹੋਇਆ। ਮਾਲਦੀਵ ਦੀ ਰਾਜਧਾਨੀ ਮਾਲੇ ਦੇ ਉੱਤਰ ਵੱਲ ਇੱਕ ਸੜਕ 'ਤੇ ਇੱਕ ਵਿਅਕਤੀ ਨੇ ਉਹਨਾਂ ਨੂੰ ਚਾਕੂ ਮਾਰ ਦਿੱਤਾ, ਪਰ ਮੰਤਰੀ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਏ। ਚਾਕੂ ਲੱਗਣ ਕਾਰਨ ਉਹਨਾਂ ਦੇ ਖੱਬੇ ਹੱਥ ਵਿੱਚ ਸੱਟ ਲੱਗੀ ਹੈ।
ਸੋਲਿਹ 'ਤੇ ਇਹ ਜਾਨਲੇਵਾ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਆਪਣੀ ਸਕੂਟੀ 'ਤੇ ਹੁੱਲਹੁਮਾਲੇ ਦੀ ਇਕ ਸੜਕ 'ਤੇ ਜਾ ਰਹੇ ਸਨ। ਹਮਲਾਵਰ ਨੇ ਮੰਤਰੀ ਦੇ ਗਲੇ ਕੋਲ ਤੇਜ਼ਧਾਰ ਹਥਿਆਰ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਹਮਲੇ 'ਚ ਉਹ ਬਚਣ 'ਚ ਕਾਮਯਾਬ ਹੋ ਗਏ ਪਰ ਚਾਕੂ ਲੱਗਣ ਕਾਰਨ ਉਹਨਾਂ ਦਾ ਖੱਬਾ ਹੱਥ ਜ਼ਖਮੀ ਹੋ ਗਿਆ।
ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹਮਲਾਵਰ
ਇਸ ਦੇ ਨਾਲ ਹੀ ਅਲੀ ਸੋਲਿਹ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ 15 ਦਿਨਾਂ ਦੇ ਰਿਮਾਂਡ 'ਤੇ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 43 ਸਾਲਾ ਵਿਅਕਤੀ ਨੂੰ ਹੁੱਲਹੁਮਾਲੇ ਅਦਾਲਤ ਨੇ 15 ਦਿਨਾਂ ਲਈ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਵਿਅਕਤੀ ਨੇ ਸੋਲਿਹ ਦੀ ਗਰਦਨ 'ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋ ਸਕਿਆ। ਹਾਲਾਂਕਿ, ਸੋਲਿਹ ਦੇ ਖੱਬੇ ਹੱਥ 'ਤੇ ਸੱਟ ਲੱਗੀ ਹੈ। ਉਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸ਼ੱਕੀ ਉਹੀ ਵਿਅਕਤੀ ਹੈ ਜੋ ਪਿਛਲੇ ਮਹੀਨੇ ਜੁਲਾਈ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਲੋਗੋ ਵਾਲੇ ਕੱਪੜੇ ਪਾ ਕੇ ਮਸਜਿਦ 'ਚ ਦਾਖਲ ਹੋਇਆ ਸੀ। ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਉਸੇ ਦਿਨ ਰਿਹਾਅ ਕਰ ਦਿੱਤਾ।
ਮਾਲਦੀਵ ਦੇ ਰਾਸ਼ਟਰਪਤੀ 'ਤੇ ਵੀ ਕੀਤਾ ਗਿਆ ਸੀ ਹਮਲਾ
ਪਿਛਲੇ ਸਾਲ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ 'ਤੇ ਵੀ ਰਾਜਧਾਨੀ ਮਾਲੇ 'ਚ ਹਮਲਾ ਹੋਇਆ ਸੀ ਅਤੇ ਉਹ ਇਸ ਹਮਲੇ 'ਚ ਵਾਲ-ਵਾਲ ਬਚ ਗਏ ਸਨ। ਹਮਲਾਵਰਾਂ ਨੇ ਉਹਨਾਂ ਦੇ ਘਰ ਦੇ ਬਾਹਰ ਬੰਬ ਧਮਾਕਾ ਕੀਤਾ ਸੀ। ਵਿਸਫੋਟਕ ਉਹਨਾਂ ਦੀ ਕਾਰ ਦੇ ਕੋਲ ਖੜੀ ਬਾਈਕ ਵਿੱਚ ਲਾਇਆ ਗਿਆ ਸੀ। ਜਿਸ ਨਾਲ ਧਮਾਕਾ ਹੋ ਗਿਆ। ਬਾਅਦ ਵਿਚ ਉਹਨਾਂ ਨੂੰ ਇਲਾਜ ਲਈ ਜਰਮਨੀ ਲਿਜਾਇਆ ਗਿਆ।