India Vs Canada: ਭਾਰਤ ਕੈਨੇਡਾ ਸਬੰਧਾਂ ਇੱਕ ਹੋਰ ਝਟਕਾ, ਡਿਪਲੋਮੈਟ ਵਾਪਸ ਬਲਾਉਣ ਮਗਰੋਂ ਨਵੀਂ ਐਡਵਾਈਜ਼ਰੀ ਜਾਰੀ
India Canada Issue: ਕੈਨੇਡਾ ਵੱਲੋਂ ਜਾਰੀ ਆਪਣੀ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਜਿਹੜੇ ਕੈਨੇਡੀਅਨ ਭਾਰਤ ਵਿੱਚ ਹਨ ਉਨ੍ਹਾਂ ਨੂੰ ਕੈਨੇਡਾ ਵਿਰੋਧੀ ਪ੍ਰਦਰਸ਼ਨਾਂ ਤੋਂ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ ਤੇ ਨਾਲ ਹੀ ਕਿਹਾ ਹੈ ਕਿ ਕੈਨੇਡੀਅਨ ਨਾਗਰਿਕਾਂ ਨੂੰ ਧਮਕਾਉਣ ਜਾਂ ਪ੍ਰੇਸ਼ਾਨ ਕਰਨ ਦੀ ਵੀ ਸੰਭਾਵਨਾ ਹੋ ਸਕਦੀ ਹੈ। ਇਸ ਲਈ ਸਾਡੇ ਨਾਗਰਿਕ ਇਸ ਤੋਂ ਬਚ ਕੇ ਰਹਿਣ।
Canada warns Citizens : ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਵਿਗੜੇ ਸਬੰਧਾਂ ਵਿਚਾਲੇ ਦੋ ਵੱਡੀਆਂ ਖ਼ਬਰਾਂ ਆ ਰਹੀਆਂ ਹਨ। ਪਹਿਲੀ ਖ਼ਬਰ ਹੈ ਕਿ ਕੈਨੇਡਾ ਨੇ ਭਾਰਤ ਵਿੱਚ ਆਪਣੇ ਨਾਗਰਿਕਾਂ ਲਈ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਦੂਜੀ ਖ਼ਬਰ ਹੈ ਕਿ ਕੈਨੇਡਾ ਨੇ ਭਾਰਤ 'ਚੋਂ ਆਪਣੇ ਰਾਜਦੂਤ ਵਾਪਸ ਬੁਲਾ ਲਏ ਹਨ।
ਕੈਨੇਡਾ ਦਾ ਫੈਸਲਾ
ਕੈਨੇਡੀਅਨ ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਭਾਰਤ ਵਿੱਚ ਤਾਇਨਾਤ ਉਨ੍ਹਾਂ ਦੇ 41 ਡਿਪਲੋਮੈਟ ਵਾਪਸ ਕੈਨੇਡਾ ਆ ਗਏ ਹਨ। ਹਾਲਾਂਕਿ, 21 ਰਾਜਦੂਤ ਅਜੇ ਵੀ ਨਵੀਂ ਦਿੱਲੀ ਵਿੱਚ ਰਹਿਣਗੇ। ਭਾਰਤ ਨੇ ਕੈਨੇਡੀਅਨ ਸਰਕਾਰ ਨੂੰ ਆਪਣੇ ਦੂਤਾਵਾਸਾਂ ਵਿੱਚ ਅਧਿਕਾਰੀਆਂ ਦੀ ਗਿਣਤੀ ਘਟਾਉਣ ਲਈ ਕਿਹਾ ਸੀ। ਹਾਲਾਂਕਿ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਕਿਹਾ ਕਿ ਉਹ ਭਾਰਤ ਨੂੰ ਕੈਨੇਡਾ ਵਿੱਚ ਆਪਣੇ ਡਿਪਲੋਮੈਟਾਂ ਦੀ ਗਿਣਤੀ ਘਟਾਉਣ ਲਈ ਨਹੀਂ ਕਹਿਣਗੇ।
ਜੋਲੀ ਨੇ ਕਿਹਾ, "ਭਾਰਤ ਨੇ 20 ਅਕਤੂਬਰ ਤੱਕ ਦਿੱਲੀ ਵਿੱਚ 21 ਕੈਨੇਡੀਅਨ ਡਿਪਲੋਮੈਟਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਛੱਡ ਕੇ ਸਾਰਿਆਂ ਦੀ ਡਿਪਲੋਮੈਟਿਕ ਛੋਟ ਨੂੰ ਖ਼ਤਮ ਕਰਨ ਦਾ ਰਸਮੀ ਤੌਰ 'ਤੇ ਐਲਾਨ ਕੀਤਾ ਹੈ। ਸਾਡੇ ਡਿਪਲੋਮੈਟਾਂ ਦੀ ਸੁਰੱਖਿਆ ਦੇ ਮੱਦੇਨਜ਼ਰ, ਅਸੀਂ ਭਾਰਤ ਤੋਂ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਇਆ ਹੈ। ਸਾਡੇ ਡਿਪਲੋਮੈਟ ਤੇ ਉਨ੍ਹਾਂ ਦੇ ਪਰਿਵਾਰ ਹੁਣ ਵਾਪਸ ਆ ਗਏ ਹਨ ਤੇ ਆਪਣੇ-ਆਪਣੇ ਘਰਾਂ ਨੂੰ ਜਾ ਰਹੇ ਹਨ।"
ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦਾ ਫੈਸਲਾ ਇਕਪਾਸੜ ਸੀ। ਉਨ੍ਹਾਂ ਕਿਹਾ, ਕੂਟਨੀਤਕ ਵਿਸ਼ੇਸ਼ ਅਧਿਕਾਰਾਂ ਦੀ ਇੱਕਤਰਫਾ ਸਮਾਪਤੀ ਅੰਤਰਰਾਸ਼ਟਰੀ ਕਾਨੂੰਨ ਦੇ ਉਲਟ ਹੈ। ਇਹ ਕੂਟਨੀਤਕ ਸਬੰਧਾਂ 'ਤੇ ਵਿਆਨਾ ਕਨਵੈਨਸ਼ਨ ਦੀ ਵੀ ਉਲੰਘਣਾ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਛੋਟ ਨੂੰ ਖੋਹਣਾ ਧੱਕੇਸ਼ਾਹੀ ਦੇ ਬਰਾਬਰ ਹੈ। ਇਹ ਡਿਪਲੋਮੈਟਾਂ ਨੂੰ ਬਦਲੇ ਜਾਂ ਗ੍ਰਿਫਤਾਰੀ ਦੇ ਡਰ ਤੋਂ ਬਿਨਾਂ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ।
ਕੈਨੇਡਾ ਦੀ ਨਵੀਂ ਐਡਵਾਈਜ਼ਰੀ
ਕੈਨੇਡਾ ਵੱਲੋਂ ਜਾਰੀ ਆਪਣੀ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਜਿਹੜੇ ਕੈਨੇਡੀਅਨ ਭਾਰਤ ਵਿੱਚ ਹਨ ਉਨ੍ਹਾਂ ਨੂੰ ਕੈਨੇਡਾ ਵਿਰੋਧੀ ਪ੍ਰਦਰਸ਼ਨਾਂ ਤੋਂ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ ਤੇ ਨਾਲ ਹੀ ਕਿਹਾ ਹੈ ਕਿ ਕੈਨੇਡੀਅਨ ਨਾਗਰਿਕਾਂ ਨੂੰ ਧਮਕਾਉਣ ਜਾਂ ਪ੍ਰੇਸ਼ਾਨ ਕਰਨ ਦੀ ਵੀ ਸੰਭਾਵਨਾ ਹੋ ਸਕਦੀ ਹੈ। ਇਸ ਲਈ ਸਾਡੇ ਨਾਗਰਿਕ ਇਸ ਤੋਂ ਬਚ ਕੇ ਰਹਿਣ।
ਇਸ ਤੋਂ ਬਾਅਦ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਬੈਂਗਲੁਰੂ, ਚੰਡੀਗੜ੍ਹ ਤੇ ਮੁੰਬਈ ਵਿੱਚ ਕੈਨੇਡਾ ਦੇ ਕੌਂਸਲੇਟ ਜਨਰਲ ਵਿਅਕਤੀਗਤ ਤੌਰ 'ਤੇ ਕੰਮਕਾਜ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੇ ਗਏ ਹਨ। ਨਾਗਰਿਕ ਨਵੀਂ ਦਿੱਲੀ ਵਿੱਚ ਕੈਨੇਡਾ ਦੇ ਹਾਈ ਕਮਿਸ਼ਨ ਤੋਂ ਕੌਂਸਲਰ ਸਹਾਇਤਾ ਤੇ ਹੋਰ ਕੌਂਸਲਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ 18 ਸਤੰਬਰ ਨੂੰ ਹਾਊਸ ਆਫ ਕਾਮਨਜ਼ 'ਚ ਦਿੱਤੇ ਗਏ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿਗੜ ਗਏ ਹਨ। ਭਾਰਤੀ ਏਜੰਟ ਤੇ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਸੰਭਾਵਿਤ ਸਬੰਧ ਹੋਣ ਦੇ ਦੋਸ਼ ਲਾਏ ਗਏ ਸਨ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ।