ਪ੍ਰਧਾਨ ਮੰਤਰੀ ਬਦਲਣ ਮਗਰੋਂ ਵੀ ਨਹੀਂ ਮਿਲੇ ਅਮਰੀਕਾ ਤੇ ਪਾਕਿਸਤਾਨ ਦੇ ਸੁਰ
ਇਸਲਾਮਾਬਾਦ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਮਪੀਓ ਦੀ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਫੋਨ 'ਤੇ ਹੋਈ ਗੱਲਬਾਤ 'ਤੇ ਦੋਵਾਂ ਦੇਸ਼ਾਂ ਦੇ ਬਿਆਨ ਇੱਕ-ਦੂਜੇ ਤੋਂ ਉਲਟ ਹਨ। ਜਿੱਥੇ ਅਮਰੀਕਾ ਦਾ ਕਹਿਣਾ ਹੈ ਕਿ ਦੋਵਾਂ ਦਰਮਿਆਨ ਅੱਤਵਾਦ ਦੇ ਮੁੱਦੇ 'ਤੇ ਗੱਲਬਾਤ ਹੋਈ ਹੈ, ਉੱਥੇ ਹੀ ਪਾਕਿਸਤਾਨ ਦਾ ਕਹਿਣਾ ਹੈ ਕਿ ਅੱਤਵਾਦ ਗੱਲਬਾਤ ਦਾ ਹਿੱਸਾ ਨਹੀਂ ਸੀ। ਪਾਕਿਸਤਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਗੱਲਬਾਤ 'ਚ ਦੋਵਾਂ ਦੇਸ਼ਾਂ ਦਰਮਿਆਨ ਪਾਕਿਸਤਾਨੀ ਜ਼ਮੀਨ 'ਤੇ ਅੱਤਵਾਦ ਹੋਣ ਦੀ ਕੋਈ ਗੱਲ ਹੀ ਨਹੀਂ ਹੈ।
ਅਮਰੀਕਾ ਨੇ ਕਿਹਾ ਅੱਤਵਾਦ 'ਤੇ ਹੋਈ ਗੱਲ: ਅਮਰੀਕਾ 'ਚ ਜਦੋਂ ਪੋਮਪੀਓ ਤੇ ਖਾਨ ਦਰਮਿਆਨ ਗੱਲਬਾਤ ਦੀ ਪੂਰੀ ਜਾਣਕਾਰੀ ਪ੍ਰੈੱਸ ਨਾਲ ਸਾਂਝੀ ਕੀਤੀ ਉਸ ਵੇਲੇ ਉਨ੍ਹਾਂ ਕਿਹਾ ਕਿ ਇਮਰਾਨ ਖਾਨ ਨਾਲ ਅੱਤਵਾਦ ਮੁੱਦੇ 'ਤੇ ਵੀ ਗੱਲਬਾਤ ਹੋਈ ਹੈ। ਇਸ ਦੌਰਾਨ ਅਮਰੀਕਾ ਨੇ ਪਾਕਿਸਤਾਨ ਦੀ ਉਸ ਭੂਮਿਕਾ ਦੀ ਤਾਰੀਫ ਕੀਤੀ ਹੈ ਜੋ ਉਸ ਨੇ ਅੱਤਵਾਦ ਖਿਲਾਫ ਤੇ ਅਫਗਾਨਿਸਤਾਨ ਨਾਲ ਸ਼ਾਂਤੀ ਵਾਰਤਾ 'ਚ ਨਿਭਾਈ ਹੈ।
ਪਾਕਿਸਤਾਨ ਨੇ ਕਿਹਾ ਅੱਤਵਾਦ 'ਤੇ ਨਹੀਂ ਹੋਈ ਗੱਲ:
ਦੂਜੇ ਪਾਸੇ ਪਾਕਿਸਤਾਨ ਨੇ ਦੋਵਾਂ ਦੇਸ਼ਾਂ ਦਰਮਿਆਨ ਅੱਤਵਾਦ ਦੇ ਮੁੱਦੇ 'ਤੇ ਹੋਈ ਗੱਲਬਾਤ ਤੋਂ ਸਾਫ ਇਨਕਾਰ ਕੀਤਾ ਹੈ। ਦਰਅਸਲ ਪਾਕਿਸਤਾਨ ਨੂੰ ਅਮਰੀਕਾ ਦੀ ਇਸ ਗੱਲ 'ਤੇ ਨਾਰਾਜ਼ਗੀ ਹੈ ਜੋ ਪੋਮਪੀਓ ਤੇ ਖਾਨ ਦਰਮਿਆਨ ਹੋਈ ਗੱਲਬਾਤ ਨੂੰ ਜਨਤਕ ਕੀਤਾ ਗਿਆ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਬੁਲਾਰੇ ਮੋਹੰਮਦ ਫੈਜ਼ਲ ਨੇ ਕਿਹਾ ਕਿ ਗੱਲਬਾਤ 'ਚ ਪਾਕਿਸਤਾਨੀ ਜ਼ਮੀਨ ਤੇ ਅੱਤਵਾਦ ਹੋਣ ਦੀ ਕੋਈ ਗੱਲ ਨਹੀਂ ਆਖੀ ਗਈ। ਇਸ ਨੂੰ ਤੁਰੰਤ ਠੀਕ ਕੀਤਾ ਜਾਣਾ ਚਾਹੀਦਾ ਹੈ। ਓਧਰ ਪਾਕਿਸਤਾਨ ਦੇ ਇਸ ਬਿਆਨ ਤੋਂ ਬਾਅਦ ਵੀ ਅਮਰੀਕਾ ਇਸ ਗੱਲ 'ਤੇ ਦ੍ਰਿੜ੍ਹ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਅੱਤਵਾਦ 'ਤੇ ਗੱਲ ਹੋਈ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਪੋਮਪੀਓ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕਰਨ ਪਾਕਿਸਤਾਨ ਜਾ ਸਕਦੇ ਹਨ। ਉਨ੍ਹਾਂ ਦਾ ਇਹ ਦੌਰਾ ਸਤੰਬਰ ਦੇ ਪਹਿਲੇ ਹਫਤੇ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਫਿਰ ਤੋਂ ਗਰਮਜੋਸ਼ੀ ਲਿਆਉਣ 'ਤੇ ਗੱਲ ਹੋਣ ਦੀ ਸੰਭਾਵਨਾ ਹੈ ਜਿਸ ਤਹਿਤ ਅਮਰੀਕਾ ਪਾਕਿਸਤਾਨ ਨਾਲ ਅਫਗਾਨਿਸਤਾਨ ਸ਼ਾਂਤੀ ਵਾਰਤਾ ਨੂੰ ਅੱਗੇ ਵਧਾਉਣ 'ਚ ਉਸ ਦੀ ਮਦਦ ਮੰਗ ਸਕਦਾ ਹੈ।