ਪੰਨੂ ਦੀ ਧਮਕੀ ਕਾਰਨ ਕੈਨੇਡਾ 'ਚ ਕੌਂਸਲਰ ਕੈਂਪ ਰੱਦ, ਭਾਰਤੀ ਡਿਪਲੋਮੈਟਾਂ ਤੇ ਮੋਦੀ ਖਿਲਾਫ ਮੰਦਰਾਂ ਬਾਹਰ ਹੋਏਗਾ ਪ੍ਰਦਰਸ਼ਨ, ਸੁਰੱਖਿਆ ਦੇਣ ਤੋਂ ਪੁਲਿਸ ਦਾ ਜਵਾਬ
ਪੰਨੂ ਨੇ ਦੋਸ਼ ਲਾਇਆ ਹੈ ਕਿ ਮੋਦੀ ਅਤੇ ਅਮਿਤ ਸ਼ਾਹ ਦੀ ਸਰਕਾਰ ਦੇ ਸਮਰਥਨ ਵਾਲੀਆਂ ਜਥੇਬੰਦੀਆਂ ਆਰਐਸਐਸ, ਬਜਰੰਗ ਦਲ ਅਤੇ ਸ਼ਿਵ ਸੈਨਾ ਨੇ ਕੈਨੇਡਾ ਦੇ ਗੁਰਦੁਆਰਿਆਂ ’ਤੇ ਹਮਲੇ ਦੀ ਕੋਸ਼ਿਸ਼ ਕੀਤੀ ਹੈ।
Khalisan News:ਖਾਲਿਸਤਾਨ ਪੱਖੀ ਸੰਗਠਨ ਸਿੱਖ ਫਾਰ ਜਸਟਿਸ (SFJ) ਕੈਨੇਡਾ ਵਿੱਚ ਹਿੰਦੂ ਮੰਦਰਾਂ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਿਹਾ ਹੈ। ਕੈਨੇਡਾ ਦੇ ਬਰੈਂਪਟਨ 'ਚ ਹਿੰਦੂ ਮੰਦਰਾਂ ਦੇ ਬਾਹਰ 16 ਅਤੇ 17 ਨਵੰਬਰ ਨੂੰ ਭਾਰਤੀ ਡਿਪਲੋਮੈਟਾਂ ਤੇ ਮੋਦੀ ਸਰਕਾਰ ਦੇ ਸਮਰਥਕਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਖਾਲਿਸਤਾਨੀ ਸੰਗਠਨ ਦੀ ਇਸ ਧਮਕੀ ਤੋਂ ਬਾਅਦ ਬਰੈਂਪਟਨ ਦੀ ਪੀਲ ਪੁਲਿਸ ਨੇ ਸੁਰੱਖਿਆ ਦੇਣ ਤੋਂ ਅਸਮਰੱਥਾ ਪ੍ਰਗਟਾਈ ਹੈ। ਇਸ ਦੇ ਚੱਲਦਿਆਂ ਪੀਲ ਪੁਲਿਸ ਦੀ ਬੇਨਤੀ 'ਤੇ 17 ਨਵੰਬਰ ਨੂੰ ਮੰਦਿਰ 'ਚ ਲੱਗਣ ਵਾਲਾ ਕੌਸਲਰ ਕੈਂਪ ਰੱਦ ਕਰ ਦਿੱਤਾ ਗਿਆ ਹੈ |
ਖਾਲਿਸਤਾਨ ਸਮਰਥਕਾਂ ਨੇ ਖਾਸ ਤੌਰ 'ਤੇ 16 ਨਵੰਬਰ ਨੂੰ ਮਿਸੀਸਾਗਾ ਦੇ ਕਾਲੀਬਾੜੀ ਮੰਦਿਰ ਅਤੇ 17 ਨਵੰਬਰ ਨੂੰ ਬਰੈਂਪਟਨ ਦੇ ਤ੍ਰਿਵੇਣੀ ਮੰਦਿਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਈ ਹੈ। ਇਸ ਵਿਰੋਧ ਨੂੰ ਲੈ ਕੇ ਅੱਤਵਾਦੀ ਗੁਰਪਤਵੰਤ ਪੰਨੂ ਨੇ ਵੀਡੀਓ ਸੰਦੇਸ਼ ਭੇਜਿਆ ਹੈ।
ਉਹ ਕਹਿੰਦਾ ਹੈ ਕਿ ਜੇ ਭਾਰਤੀ ਹਿੰਦੂ ਸੰਗਠਨ ਤੇ ਡਿਪਲੋਮੈਟ ਕੈਨੇਡਾ ਵਿੱਚ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਦੇ ਹਨ, ਤਾਂ ਖਾਲਿਸਤਾਨ ਸਮਰਥਕ "ਅਯੁੱਧਿਆ ਦੀ ਨੀਂਹ ਨੂੰ ਹਿਲਾ ਦੇਣਗੇ", ਜੋ ਕਿ 1992 ਤੋਂ "ਹਿੰਦੂਤਵ ਵਿਚਾਰਧਾਰਾ" ਦਾ ਪ੍ਰਤੀਕ ਹੈ।
ਪੰਨੂ ਨੇ ਦੋਸ਼ ਲਾਇਆ ਹੈ ਕਿ ਮੋਦੀ ਅਤੇ ਅਮਿਤ ਸ਼ਾਹ ਦੀ ਸਰਕਾਰ ਦੇ ਸਮਰਥਨ ਵਾਲੀਆਂ ਜਥੇਬੰਦੀਆਂ ਆਰਐਸਐਸ, ਬਜਰੰਗ ਦਲ ਅਤੇ ਸ਼ਿਵ ਸੈਨਾ ਨੇ ਕੈਨੇਡਾ ਦੇ ਗੁਰਦੁਆਰਿਆਂ ’ਤੇ ਹਮਲੇ ਦੀ ਕੋਸ਼ਿਸ਼ ਕੀਤੀ ਹੈ।
ਪੰਨੂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਦਾ ਵਿਰੋਧ ਜਾਰੀ ਰਹੇਗਾ। ਖਾਸ ਤੌਰ 'ਤੇ ਜਿੱਥੇ 'ਲਾਈਫ ਸਰਟੀਫਿਕੇਟ ਕੈਂਪ' ਲਗਾਏ ਜਾ ਰਹੇ ਹਨ। SFJ ਨੇ ਭਾਰਤੀ ਡਿਪਲੋਮੈਟਾਂ 'ਤੇ ਕੈਨੇਡਾ ਦੇ ਸਿੱਖ ਭਾਈਚਾਰੇ ਦੀ ਜਾਸੂਸੀ ਕਰਨ ਦਾ ਦੋਸ਼ ਲਗਾਇਆ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰਸੀਐਮਪੀ) ਨੇ ਇਸ ਨੂੰ ਸਵੀਕਾਰ ਕਰ ਲਿਆ ਹੈ।
ਇਸ ਵਿਰੋਧ ਪ੍ਰਦਰਸ਼ਨ ਵਿੱਚ SFJ ਨੇ ਮੋਦੀ ਸਮਰਥਕਾਂ ਅਤੇ ਕੈਨੇਡਾ ਵਿੱਚ ਰਹਿੰਦੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਕੈਨੇਡਾ ਪ੍ਰਤੀ ਵਫ਼ਾਦਾਰ ਰਹਿਣ ਦੀ ਚੇਤਾਵਨੀ ਦਿੱਤੀ ਹੈ। ਜੇ ਉਹ ਭਾਰਤੀ ਰਾਸ਼ਟਰਵਾਦੀ ਵਿਚਾਰਧਾਰਾ ਦਾ ਸਮਰਥਨ ਕਰਦੇ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਕੈਨੇਡਾ ਛੱਡ ਦੇਣਾ ਚਾਹੀਦਾ ਹੈ। SFJ ਨੇ ਹਿੰਦੂ ਸਭਾ ਮੰਦਰ ਦੇ ਸਮਰਥਕਾਂ 'ਤੇ "ਘਰ ਵਿਚ ਘੁਸ ਕੇ ਮਰੇਂਗੇ" ਵਰਗੇ ਨਾਅਰੇ ਲਗਾਉਣ ਤੇ ਖਾਲਿਸਤਾਨ ਸਮਰਥਕਾਂ ਵਿਰੁੱਧ ਹਿੰਸਾ ਭੜਕਾਉਣ ਦਾ ਵੀ ਦੋਸ਼ ਲਗਾਇਆ ਹੈ।
SFJ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਭਾਰਤੀ ਝੰਡੇ ਨਾਲ ਦੇਖਿਆ ਗਿਆ ਤਾਂ ਉਨ੍ਹਾਂ ਨੂੰ "ਸਿੱਖਾਂ ਅਤੇ ਕੈਨੇਡਾ ਦੇ ਦੁਸ਼ਮਣ" ਵਜੋਂ ਦੇਖਿਆ ਜਾਵੇਗਾ। ਇਸ ਬਿਆਨ ਰਾਹੀਂ SFJ ਨੇ ਸਪੱਸ਼ਟ ਕੀਤਾ ਹੈ ਕਿ ਇਹ ਟਕਰਾਅ ਭਾਰਤ ਦੀ ਮੋਦੀ ਸਰਕਾਰ ਅਤੇ ਖਾਲਿਸਤਾਨ ਸਮਰਥਕਾਂ ਵਿਚਕਾਰ ਹੈ ਅਤੇ ਭਾਰਤੀ-ਕੈਨੇਡੀਅਨ ਭਾਈਚਾਰੇ ਦੇ ਲੋਕਾਂ ਨੂੰ ਇਸ ਟਕਰਾਅ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।