Corona Third Wave: WHO ਚੀਫ਼ ਨੇ ਕਿਹਾ- ਕੋਰੋਨਾ ਦੀ ਤੀਜੀ ਲਹਿਰ ਦੇ ਸ਼ੁਰੂਆਤੀ ਦੌਰ ਨੇ ਦਿੱਤੀ ਦਸਤਕ
WHO ਮੁਖੀ ਨੇ ਕਿਹਾ, 'ਇਹ ਦੁਖਦਾਈ ਹੈ ਪਰ ਅਸੀਂ ਕੋਰੋਨਾ ਦੀ ਤੀਜੀ ਲਹਿਰ ਦੇ ਸ਼ੁਰੂਆਤੀ ਦੌਰ 'ਚ ਪਹੁੰਚ ਗਏ ਹਾਂ।
Corona Third Wave: ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਅਦਹਾਨੋਮ ਗੇਬ੍ਰੇਯੇਸਸ ਨੇ ਦੁਨੀਆਂ ਭਰ ਦੇ ਦੇਸ਼ਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਦੀ ਸ਼ੁਰੂਆਤੀ ਸਟੇਜ ਆ ਚੁੱਕੀ ਹੈ। ਉਨ੍ਹਾਂ ਦੁਨੀਆਂ ਭਰ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਦੇ ਡੈਲਟਾ ਵੇਰੀਏਂਟ ਨੂੰ ਧਿਆਨ 'ਚ ਰੱਖਦਿਆਂ ਇਹ ਗੱਲ ਕਹੀ। ਇਸ ਦੇ ਨਾਲ ਹੀ ਟੇਡ੍ਰੋਸ ਨੇ ਕਿਹਾ ਕਿ ਇਹ ਵਾਇਰਸ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ। ਜਿਸ ਦੇ ਚੱਲਦਿਆਂ ਇਹ ਹੋਰ ਜ਼ਿਆਦਾ ਇਨਫੈਕਟਡ ਹੁੰਦਾ ਜਾ ਰਿਹਾ ਹੈ।
WHO ਮੁਖੀ ਨੇ ਕਿਹਾ, 'ਇਹ ਦੁਖਦਾਈ ਹੈ ਪਰ ਅਸੀਂ ਕੋਰੋਨਾ ਦੀ ਤੀਜੀ ਲਹਿਰ ਦੇ ਸ਼ੁਰੂਆਤੀ ਦੌਰ 'ਚ ਪਹੁੰਚ ਗਏ ਹਾਂ। ਇਸ ਤੋਂ ਪਹਿਲਾਂ ਉਨ੍ਹਾਂ ਬੁੱਧਵਾਰ ਵੀ ਕੋਵਿਡ-19 ਦੇ ਡੈਲਟਾ ਵੇਰੀਏਂਟ ਨੂੰ ਲੈਕੇ ਵੱਡੀ ਗੱਲ ਕਹੀ ਸੀ। ਉਨ੍ਹਾਂ ਕਿਹਾ ਕਿ ਡੈਲਟਾ ਵੇਰੀਏਂਟ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਲੋਕਾਂ ਨੇ ਇਸ ਤੋਂ ਬਚਾਅ 'ਚ ਵੀ ਲਾਪਰਵਾਹੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਜਿਸ ਦੇ ਚੱਲਦਿਆਂ ਨਾ ਸਿਰਫ਼ ਕੋਰੋਨਾ ਦੇ ਮਾਮਲੇ ਵਧੇ ਹਨ ਬਲਕਿ ਮੌਤ ਦਰ 'ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਡੈਲਟਾ ਬਣ ਸਕਦਾ ਸਭ ਤੋਂ ਹਾਵੀ
ਟੇਡ੍ਰੋਸ ਅਦਹਾਨੋਮ ਨੇ ਕਿਹਾ ਕਿ ਡੈਲਟਾ ਵੇਰੀਏਂਟ 111 ਤੋਂ ਜ਼ਿਆਦਾ ਦੇਸ਼ਾਂ ਤਕ ਪਹੁੰਚ ਗਿਆ ਹੈ। ਇਸ ਦੇ ਜਲਦ ਹੀ ਪੂਰੀ ਦੁਨੀਆਂ 'ਚ ਕੋਰੋਨਾ ਵਾਇਰਸ ਦੇ ਸਭ ਤੋਂ ਖਤਰਨਾਕ ਵੇਰੀਏਂਟ ਬਣਨ ਦਾ ਖਦਸ਼ਾ ਹੈ। ਦੱਸ ਦੇਈਏ ਕਿ ਪਿਛਲੇ ਚਾਰ ਹਫ਼ਤਿਆਂ ਤੋਂ ਵਿਸ਼ਵ ਭਰ 'ਚ ਕੋਵਿਡ-19 ਦੇ ਮਾਮਲੇ ਵਧਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। WHO ਦੇ ਛੇ ਖੇਤਰਾਂ 'ਚੋਂ ਇਕ ਨੂੰ ਛੱਡ ਕੇ ਹੋਰ ਸਭ 'ਚ ਮਾਮਲੇ ਵਧੇ ਹਨ। ਉਨ੍ਹਾਂ ਕਿਹਾ ਕਿ 10 ਹਫ਼ਤਿਆਂ ਤਕ ਮਾਮਲਿਆਂ 'ਚ ਕਮੀ ਆਉਣ ਤੋਂ ਬਾਅਦ ਇਸ ਤਰ੍ਹਾਂ ਦੇ ਮਾਮਲੇ ਵਧਣ ਨਾਲ ਚਿੰਤਾ ਵਧ ਗਈ।
ਵੈਕਸੀਨ ਨੂੰ ਲੈਕੇ ਕਹੀ ਇਹ ਗੱਲ
ਟੇਡ੍ਰੋਸ ਅਦਹਾਨੋਮ ਨੇ ਦੁਨੀਆਂ ਦੇ ਭਰ ਦੇ ਲੋਕਾਂ 'ਚ ਵੈਕਸੀਨ ਦੀ ਵੰਡ 'ਚ ਅਸਮਾਨਤਾ ਨੂੰ ਲੈਕੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਇਸ ਨਾਲ ਮਹਾਮਾਰੀ ਦੋ ਵੱਖ-ਵੱਖ ਟ੍ਰੈਕ 'ਤੇ ਕੰਮ ਕਰਨ ਲੱਗੀ ਹੈ। ਇਕ ਪਾਸੇ ਉਹ ਦੇਸ਼ ਹਨ ਜਿੱਥੇ ਲੋੜੀਂਦਾ ਵੈਕਸੀਨ ਸਟੌਕ ਹੈ ਤੇ ਇਹ ਦੇਸ਼ ਲਗਾਤਾਰ ਪਾਬੰਦੀਆਂ ਹਟਾ ਰਹੇ ਹਨ। ਦੂਜੇ ਪਾਸੇ ਉਹ ਦੇਸ਼ ਹਨ ਜੋ ਵੈਕਸੀਨ ਦੀ ਕਮੀ ਨਾਲ ਜੂਝ ਰਹੇ ਹਨ ਤੇ ਇੱਥੇ ਵਾਇਰਸ 'ਤੇ ਕਾਬੂ ਪਾਉਣ 'ਚ ਮੁਸ਼ਕਿਲ ਹੋ ਰਹੀ ਹੈ।