ਕੋਰੋਨਾ ਵੈਕਸੀਨ 'ਤੇ ਅਮਰੀਕਾ ਦੀ ਨਵੀਂ ਚੇਤਾਵਨੀ: ਨਾੜੀ ਤੰਤਰ 'ਚ ਨੁਕਸ ਪੈਣ ਦਾ ਖ਼ਦਸ਼ਾ
Guillain-Barre ਸਿੰਡਰੋਮ ਨਾਲ ਪੀੜਤ ਹੋਣ ਨਾਲ ਵਿਅਕਤੀ ਦੇ ਚਿਹਰੇ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਨਾਲ ਹੀ ਸਰੀਰ ਵਿੱਚ ਕਮਜ਼ੋਰੀ, ਹੱਥਾਂ-ਪੈਰਾਂ ਦਾ ਅੰਸ਼ਕ ਤੌਰ 'ਤੇ ਸੁੰਨ ਹੋਣਾ ਤੇ ਦਿਲ ਦੀ ਧੜਕਨ ਦੀ ਬੇਤਰਬੀ ਹੋ ਸਕਦੀ ਹੈ।
ਰਮਨਦੀਪ ਕੌਰ ਦੀ ਰਿਪੋਰਟ
Corona Vaccine: ਅਮਰੀਕਾ ਦੇ ਖੁਰਾਕ ਤੇ ਦਵਾਈਆਂ ਵਿਭਾਗ ਨੇ ਜੌਨਸਨ ਐਂਡ ਜੌਨਸਨ ਦੀ ਕੋਵਿਡ ਵੈਕਸੀਨ ਦੀ ਵਰਤੋਂ ਸਬੰਧੀ ਨਵੀਂ ਚੇਤਾਵਨੀ ਜਾਰੀ ਕੀਤੀ ਹੈ। ਜਾਣਕਾਰੀ ਮੁਤਾਬਕ ਇਸ ਟੀਕੇ ਦੀ ਵਰਤੋਂ ਨਾਲ ਨਾੜੀ ਤੰਤਰ ਵਿੱਚ ਨੁਕਸ ਪੈਣ ਦਾ ਖ਼ਤਰਾ ਵੱਧ ਸਕਦਾ ਹੈ। ਰਿਪੋਰਟ ਮੁਤਾਬਕ ਵੈਕਸੀਨ ਦੀਆਂ ਦਿੱਤੀਆਂ ਗਈਆਂ ਤਕਰੀਬਨ ਸਵਾ ਕਰੋੜ ਖੁਰਾਕਾਂ ਹਾਸਲ ਕਰਨ ਵਾਲੇ ਲੋਕਾਂ ਵਿੱਚੋਂ 100 ਨੂੰ Guillain-Barre ਨਾਮੀ ਨਿਊਰੋਲੌਜੀਕਲ ਡਿਸਆਰਡਰ ਪਾਇਆ ਗਿਆ।
ਫੈਡਰਲ ਵੈਕਸੀਨ ਸੁਰੱਖਿਆ ਨਿਗਰਾਨ ਸਿਸਟਮ ਦੀ ਜਾਂਚ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਜਿਨ੍ਹਾਂ 100 ਮਾਮਲਿਆਂ ਵਿੱਚ ਵੈਕਸੀਨ ਤੋਂ ਬਾਅਦ ਗੂਲੀਅਨ-ਬਾਰ ਨਾਮੀਂ ਨਾੜੀ ਤੰਤਰ ਰੋਗ ਪਾਇਆ ਗਿਆ, ਇਨ੍ਹਾਂ ਵਿੱਚੋਂ 95 ਮਰੀਜ਼ਾਂ ਦੀ ਹਾਲਤ ਖਾਸੀ ਗੰਭੀਰ ਸੀ ਅਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਨ ਦੀ ਲੋੜ ਪਈ। ਹੁਣ ਤੱਕ ਇਸ ਰੋਗ ਨਾਲ ਇੱਕ ਮੌਤ ਹੋਣ ਦੀ ਵੀ ਪੁਸ਼ਟੀ ਹੋਈ ਹੈ।
ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਵੈਕਸੀਨ ਦੇ ਅਨੁਪਾਤ ਦੇ ਹਿਸਾਬ ਨਾਲ ਇਸ ਬਿਮਾਰੀ ਦੇ ਹੋਣ ਦੀ ਦਰ ਕਾਫੀ ਘੱਟ ਹੈ। ਜੌਨ ਹੌਪਕਿੰਜ਼ ਯੂਨੀਵਰਸਿਟੀ ਵਿੱਚ ਟੀਕਾ ਸੁਰੱਖਿਆ ਅਦਾਰੇ ਦੇ ਨਿਰਦੇਸ਼ਨ ਡੇਨੀਅਲ ਸਾਲਮੋਨ ਮੁਤਾਬਕ, "ਡੇਟਾ ਤੋਂ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਟੀਕੇ ਨਾਲ Guillain-Barre ਸਿੰਡਰੋਮ ਹੋ ਸਕਦਾ ਹੈ, ਪਰ ਇਸ ਦੇ ਹੋਣ ਦੇ ਰਿਸਕ ਕਾਫੀ ਘੱਟ ਹਨ।" ਉਨ੍ਹਾਂ ਇਹ ਵੀ ਕਿਹਾ ਕਿ ਕੁਝ ਮਾਮਲਿਆਂ ਵਿੱਚ ਇਹ ਬਿਮਾਰੀ ਕਿਓਂ ਪੈਦਾ ਹੋਈ, ਇਸ ਬਾਰੇ ਹਾਲੇ ਤੱਕ ਕੋਈ ਠੋਸ ਨਤੀਜਾ ਨਹੀਂ ਬਣਿਆ ਹੈ, ਜੋ ਕਿ ਨਿਰਾਸ਼ਾਜਨਕ ਗੱਲ ਹੈ।
ਕੀ ਹੈ Guillain-Barre ਸਿੰਡਰੋਮ
ਗੂਲੀਅਨ-ਬਾਰ ਸਿੰਡਰੋਮ ਇੱਕ ਦੁਰਲੱਭ ਬਿਮਾਰੀ ਹੈ, ਜਿਸ ਵਿੱਚ ਇਮਿਊਨ ਸਿਸਟਮ ਦੇ ਨਾਲ-ਨਾਲ ਨਾੜੀ ਤੰਤਰ ਵਿੱਚ ਮੌਜੂਦ ਤੰਦਰੁਸਤ ਤੰਤੂ ਨੁਕਸਾਨੇ ਜਾਂਦੇ ਹਨ। ਇਸ ਰੋਗ ਨਾਲ ਪੀੜਤ ਹੋਣ ਨਾਲ ਵਿਅਕਤੀ ਦੇ ਚਿਹਰੇ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਨਾਲ ਹੀ ਸਰੀਰ ਵਿੱਚ ਕਮਜ਼ੋਰੀ, ਹੱਥਾਂ-ਪੈਰਾਂ ਦਾ ਅੰਸ਼ਕ ਤੌਰ 'ਤੇ ਸੁੰਨ ਹੋਣਾ ਤੇ ਦਿਲ ਦੀ ਧੜਕਨ ਦੀ ਬੇਤਰਬੀ ਹੋ ਸਕਦੀ ਹੈ।
ਦੱਸਣਾ ਬਣਦਾ ਹੈ ਕਿ ਭਾਰਤ ਵਿੱਚ ਵੀ ਕੋਵੀਸ਼ੀਲਡ ਵੈਕਸੀਨ ਲਵਾਉਣ ਵਾਲੇ ਕੁਝ ਲੋਕਾਂ ਵਿੱਚ Guillain-Barre ਸਿੰਡਰੋਮ ਦੇ ਲੱਛਣ ਮਿਲੇ ਸਨ। ਨਿਊਰੋਲੌਜੀ ਦੇ ਮਸ਼ਹੂਰ ਰਸਾਲੇ ਵਿੱਚ ਪ੍ਰਕਾਸ਼ਿਤ ਖੋਜ ਮੁਤਾਬਕ ਜਿਨ੍ਹਾਂ ਵਿਅਕਤੀਆਂ ਨੂੰ ਇਹ ਬਿਮਾਰੀ ਹੋਈ ਹੈ, ਉਨ੍ਹਾਂ ਦੇ ਚਿਹਰੇ ਕਮਜ਼ੋਰੀ ਕਾਰਨ ਲਟਕ ਗਏ। ਹਾਲਾਂਕਿ, ਬਿਮਾਰ ਲੋਕਾਂ ਵਿੱਚੋਂ ਸਿਰਫ 20 ਫ਼ੀਸਦ ਤੋਂ ਵੀ ਘੱਟ ਮਾਮਲਿਆਂ ਵਿੱਚ ਅਜਿਹੀ ਸਥਿਤੀ ਪੈਦਾ ਹੁੰਦੀ ਹੈ। ਮਾਹਰਾਂ ਮੁਤਾਬਕ ਕੋਰੋਨਾ ਵੈਕਸੀਨ ਆਮ ਤੌਰ 'ਤੇ ਸੁਰੱਖਿਅਤ ਹੈ ਪਰ ਜੇਕਰ ਟੀਕਾ ਲਗਵਾਉਣ ਮਗਰੋਂ Guillain-Barre ਸਿੰਡਰੋਮ ਦਾ ਕੋਈ ਵੀ ਲੱਛਣ ਦਿਖਾਈ ਦੇਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।