Layoffs in USAID: ਗੈਰ ਕਾਨੂੰਨੀ ਪਰਵਾਸੀਆਂ ਨੂੰ ਦੇਸ਼ 'ਚੋਂ ਕੱਢਣ ਮਗਰੋਂ ਟਰੰਪ ਦਾ ਵੱਡਾ ਐਕਸ਼ਨ, ਹਜ਼ਾਰਾਂ ਲੋਕਾਂ ਦੀਆਂ ਜਾਣਗੀਆਂ ਨੌਕਰੀਆਂ
USAID: ਗੈਰ ਕਾਨੂੰਨੀ ਪਰਵਾਸੀਆਂ ਨੂੰ ਦੇਸ਼ 'ਚੋਂ ਕੱਢਣ ਦੀ ਪ੍ਰਕ੍ਰਿਆ ਸ਼ੁਰੂ ਕਰਦਿਆਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਇਸ ਤਹਿਤ ਗਲੋਬਲ ਮਾਨਵਤਾਵਾਦੀ ਸਹਾਇਤਾ ਏਜੰਸੀ USAID ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ।

USAID: ਗੈਰ ਕਾਨੂੰਨੀ ਪਰਵਾਸੀਆਂ ਨੂੰ ਦੇਸ਼ 'ਚੋਂ ਕੱਢਣ ਦੀ ਪ੍ਰਕ੍ਰਿਆ ਸ਼ੁਰੂ ਕਰਦਿਆਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਇਸ ਤਹਿਤ ਗਲੋਬਲ ਮਾਨਵਤਾਵਾਦੀ ਸਹਾਇਤਾ ਏਜੰਸੀ USAID ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ। ਸੂਤਰਾਂ ਮੁਤਾਬਕ USAID ਦੇ 10,000 ਕਰਮਚਾਰੀਆਂ ਵਿੱਚੋਂ ਸਿਰਫ਼ 294 ਹੀ ਬਾਕੀ ਰਹਿਣਗੇ। ਸਰਕਾਰ ਦੇ ਇਸ ਫੈਸਲੇ ਕਾਰਨ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਖ਼ਤਰੇ ਵਿੱਚ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਪ੍ਰਸ਼ਾਸਨ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (USAID) ਵਿੱਚ ਵੱਡੇ ਪੱਧਰ 'ਤੇ ਛਾਂਟੀ ਦੀ ਯੋਜਨਾ ਬਣਾ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਏਜੰਸੀ ਦੇ 10,000 ਤੋਂ ਵੱਧ ਕਰਮਚਾਰੀਆਂ ਵਿੱਚੋਂ ਸਿਰਫ਼ 294 ਲੋਕ ਹੀ ਆਪਣੀਆਂ ਨੌਕਰੀਆਂ ਬਰਕਰਾਰ ਰੱਖਣਗੇ। ਹਾਸਲ ਜਾਣਕਾਰੀ ਅਨੁਸਾਰ ਅਫਰੀਕਾ ਤੇ ਏਸ਼ੀਆ ਬਿਊਰੋ ਵਿੱਚ ਬਹੁਤ ਘੱਟ ਕਰਮਚਾਰੀ ਬਚਣਗੇ।
ਰਾਇਟਰਜ਼ ਦੀ ਰਿਪੋਰਟ ਅਨੁਸਾਰ ਇਸ ਫੈਸਲੇ ਨਾਲ ਅਫਰੀਕਾ ਬਿਊਰੋ ਵਿੱਚ ਸਿਰਫ਼ 12 ਕਰਮਚਾਰੀ ਤੇ ਏਸ਼ੀਆ ਬਿਊਰੋ ਵਿੱਚ ਸਿਰਫ਼ ਅੱਠ ਕਰਮਚਾਰੀ ਰਹਿ ਜਾਣਗੇ। ਇਹ ਯੋਜਨਾ ਐਲੋਨ ਮਸਕ ਦੀ ਅਗਵਾਈ ਵਾਲੇ ਸਰਕਾਰ ਦੇ ਪੁਨਰਗਠਨ ਪ੍ਰੋਗਰਾਮ ਦਾ ਹਿੱਸਾ ਹੈ। ਜਦੋਂਕਿ ਯੂਐਸਏਆਈਡੀ ਦੇ ਸਾਬਕਾ ਮੁਖੀ ਜੇ. ਬ੍ਰਾਇਨ ਐਟਵੁੱਡ ਨੇ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਦੀ ਸਖ਼ਤ ਆਲੋਚਨਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੂੰ ਹਟਾਉਣ ਨਾਲ ਦੁਨੀਆ ਭਰ ਦੇ ਲੱਖਾਂ ਲੋਕਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇੱਕ ਰਿਪੋਰਟ ਅਨੁਸਾਰ ਸੈਂਕੜੇ ਠੇਕਾ ਕਾਮਿਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ਤੇ ਕਈ ਜੀਵਨ ਬਚਾਉਣ ਵਾਲੀਆਂ ਯੋਜਨਾਵਾਂ ਰੁਕ ਗਈਆਂ ਹਨ। ਸਰਕਾਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਸਾਰੇ ਕਰਮਚਾਰੀਆਂ ਨੂੰ ਛੁੱਟੀ 'ਤੇ ਭੇਜ ਦਿੱਤਾ ਜਾਵੇਗਾ ਤੇ ਵਿਦੇਸ਼ਾਂ ਵਿੱਚ ਤਾਇਨਾਤ ਹਜ਼ਾਰਾਂ ਕਰਮਚਾਰੀਆਂ ਨੂੰ ਵਾਪਸ ਬੁਲਾਇਆ ਜਾਵੇਗਾ।
USAID ਬਾਰੇ ਟਰੰਪ ਦੀ ਕੀ ਯੋਜਨਾ?
ਹਾਸਲ ਜਾਣਕਾਰੀ ਅਨੁਸਾਰ, ਟਰੰਪ ਪ੍ਰਸ਼ਾਸਨ USAID ਨੂੰ ਵਿਦੇਸ਼ ਵਿਭਾਗ ਨਾਲ ਮਿਲਾਉਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਨੂੰ ਹੁਣ ਮਾਰਕੋ ਰੂਬੀਓ ਚਲਾ ਰਹੇ ਹਨ। ਹਾਲਾਂਕਿ, ਇਹ ਰਲੇਵਾਂ ਤਾਂ ਹੀ ਸੰਭਵ ਹੋਵੇਗਾ ਜੇਕਰ ਅਮਰੀਕੀ ਸੰਸਦ (ਕਾਂਗਰਸ) ਇਸ ਨੂੰ ਮਨਜ਼ੂਰੀ ਦੇ ਦਿੰਦੀ ਹੈ। ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ 130 ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਪ੍ਰਭਾਵਿਤ ਹੋਵੇਗੀ, ਜਿਸ ਵਿੱਚ USAID ਹਰ ਸਾਲ ਲਗਪਗ 40 ਬਿਲੀਅਨ ਡਾਲਰ ਦੀ ਸਹਾਇਤਾ ਵੰਡਦਾ ਹੈ।
ਇਹ ਯੂਕਰੇਨ, ਇਥੋਪੀਆ, ਜਾਰਡਨ, ਕਾਂਗੋ, ਸੋਮਾਲੀਆ, ਯਮਨ ਤੇ ਅਫਗਾਨਿਸਤਾਨ ਵਰਗੇ ਸੰਘਰਸ਼ਗ੍ਰਸਤ ਦੇਸ਼ਾਂ ਲਈ ਬਹੁਤ ਮਦਦਗਾਰ ਸੀ। ਹੁਣ ਇਨ੍ਹਾਂ ਦੇਸ਼ਾਂ ਦੀ ਆਰਥਿਕ ਤੇ ਮਾਨਵਤਾਵਾਦੀ ਸਹਾਇਤਾ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋ ਸਕਦੀ ਹੈ। ਸੂਤਰਾਂ ਅਨੁਸਾਰ ਕੁਝ ਕਰਮਚਾਰੀਆਂ ਨੂੰ ਬਰਖਾਸਤਗੀ ਦੇ ਨੋਟਿਸ ਮਿਲੇ ਹਨ। USAID ਦੀ ਵੈੱਬਸਾਈਟ ਦੇ ਅਨੁਸਾਰ, ਸਾਰੇ ਕਰਮਚਾਰੀ 7 ਫਰਵਰੀ ਦੀ ਰਾਤ 12 ਵਜੇ ਤੋਂ ਪ੍ਰਸ਼ਾਸਕੀ ਛੁੱਟੀ 'ਤੇ ਹੋਣਗੇ, ਸਿਰਫ਼ ਕੁਝ ਚੋਣਵੇਂ ਲੋਕ ਹੀ ਆਪਣੇ ਅਹੁਦਿਆਂ 'ਤੇ ਰਹਿਣਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
