ਟਰੰਪ ਦੇ ਤੇਵਰ ਸਖ਼ਤ, ਇਰਾਨ 'ਤੇ ਲਾਈ ਨਵੀਂ ਪਾਬੰਧੀ
ਅਮਰੀਕਾ ਤੇ ਇਰਾਨ ਵਿਚਾਲੇ ਸਬੰਧ ਹੋਰ ਤਣਾਅਪੂਰਨ ਹੁੰਦੇ ਜਾ ਰਹੇ ਹਨ। ਟਰੰਪ ਪ੍ਰਸ਼ਾਸਨ ਨੇ ਵੀਰਵਾਰ ਨੂੰ ਇਰਾਨ ਦੇ ਸਰਕਾਰੀ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਅਮਰੀਕਾ ਵਿੱਚ ਐਂਟਰੀ 'ਤੇ ਪਾਬੰਦੀ ਲਾ ਦਿੱਤੀ ਹੈ। ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਇਰਾਨੀ ਅਧਿਕਾਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਈ ਸਾਲਾਂ ਤੋਂ ਚੁੱਪ-ਚਾਪ ਅਮਰੀਕਾ ਦੀ ਆਜ਼ਾਦੀ ਤੇ ਖੁਸ਼ਹਾਲੀ ਦਾ ਫਾਇਦਾ ਲੈ ਰਹੇ ਹਨ।
ਵਾਸ਼ਿੰਗਟਨ: ਅਮਰੀਕਾ ਤੇ ਇਰਾਨ ਵਿਚਾਲੇ ਸਬੰਧ ਹੋਰ ਤਣਾਅਪੂਰਨ ਹੁੰਦੇ ਜਾ ਰਹੇ ਹਨ। ਟਰੰਪ ਪ੍ਰਸ਼ਾਸਨ ਨੇ ਵੀਰਵਾਰ ਨੂੰ ਇਰਾਨ ਦੇ ਸਰਕਾਰੀ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਅਮਰੀਕਾ ਵਿੱਚ ਐਂਟਰੀ 'ਤੇ ਪਾਬੰਦੀ ਲਾ ਦਿੱਤੀ ਹੈ। ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਇਰਾਨੀ ਅਧਿਕਾਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਈ ਸਾਲਾਂ ਤੋਂ ਚੁੱਪ-ਚਾਪ ਅਮਰੀਕਾ ਦੀ ਆਜ਼ਾਦੀ ਤੇ ਖੁਸ਼ਹਾਲੀ ਦਾ ਫਾਇਦਾ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਇਰਾਨੀ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਅਮਰੀਕਾ ਵਿੱਚ ਸਿੱਖਿਆ, ਰੁਜ਼ਗਾਰ, ਮਨੋਰੰਜਨ ਤੇ ਸੱਭਿਆਚਾਰਕ ਮੌਕਿਆਂ ਦਾ ਲਾਭ ਲਿਆ। ਹੁਣ ਕੋਈ ਵੀ ਨਾਗਰਿਕ ਅਮਰੀਕਾ ਦੇ ਸੁਤੰਤਰ ਸਮਾਜ ਵਿੱਚ ਮੌਕਿਆਂ ਦਾ ਲਾਭ ਨਹੀਂ ਲੈ ਸਕੇਗਾ। ਇਰਾਨ ਦੇ ਲੋਕ ਆਪਣੇ ਰਾਜ ਦੇ ਭ੍ਰਿਸ਼ਟਾਚਾਰ ਤੇ ਮਾੜੇ ਪ੍ਰਬੰਧਾਂ ਤੋਂ ਪ੍ਰੇਸ਼ਾਨ ਹਨ।
ਅਮਰੀਕਾ ਨੇ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਤੇ ਅਧਿਕਾਰੀਆਂ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੇ 74ਵੇਂ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਅਸਥਾਈ ਵੀਜ਼ਾ ਦਿੱਤੇ ਜਾਣ ਤੋਂ ਬਾਅਦ ਇਹ ਐਲਾਨ ਕੀਤਾ। ਸ਼ੁਰੂ ਵਿੱਚ ਇਹ ਸਪਸ਼ਟ ਨਹੀਂ ਹੋਇਆ ਸੀ ਕਿ ਇਰਾਨ ਦੇ ਨੇਤਾਵਾਂ ਨੂੰ ਸੈਸ਼ਨ ਦੇ ਸਮੇਂ ਅਮਰੀਕਾ ਵਿੱਚ ਦਾਖਲ ਹੋਣ ਦਾ ਅਧਿਕਾਰ ਦਿੱਤਾ ਜਾਵੇਗਾ ਜਾਂ ਨਹੀਂ।
ਇਸ ਤੋਂ ਪਹਿਲਾਂ, ਯੂਐਸ ਤੇ ਹੋਰ ਦੇਸ਼ਾਂ ਨੇ ਸਾਊਦੀ ਅਰਬ ਵਿੱਚ ਤੇਲ ਕੰਪਨੀ ਉੱਤੇ ਹੋਏ ਹਮਲੇ ਲਈ ਇਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਦੇ ਨਾਲ ਹੀ ਇਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮਨੇਈ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਉਦੋਂ ਤੱਕ ਕਿਸੇ ਵੀ ਹਾਲਾਤ ਵਿੱਚ ਟਰੰਪ ਪ੍ਰਸ਼ਾਸਨ ਨਾਲ ਗੱਲਬਾਤ ਨਹੀਂ ਕਰੇਗੀ ਜਦੋਂ ਤੱਕ ਸਾਡੇ ਉੱਤੇ ਲਾਈਆਂ ਪਾਬੰਦੀਆਂ ਹਟ ਨਹੀਂ ਜਾਂਦੀਆਂ।