ਭਾਰਤ 'ਤੇ 50 ਫੀਸਦੀ ਟੈਰਿਫ ਲਗਾਉਣ ਤੋਂ ਬਾਅਦ ਵੀ ਆਕੜ 'ਚ ਟਰੰਪ, ਕਿਹਾ – ‘ਗੱਲ ਤਦ ਹੋਵੇਗੀ, ਜਦੋਂ…’
ਭਾਰਤ ਅਤੇ ਅਮਰੀਕਾ ਵਿਚਕਾਰ ਤਣਾਅ ਦੀ ਸਥਿਤੀ ਬਣੀ ਹੋਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ 'ਤੇ ਪਹਿਲਾਂ 25 ਫ਼ੀਸਦੀ ਟੈਰਿਫ਼ ਲਗਾਇਆ ਸੀ, ਪਰ ਇਸ ਤੋਂ ਬਾਅਦ ਹੋਰ 25 ਫ਼ੀਸਦੀ ਟੈਰਿਫ਼ ਵਧਾ ਦਿੱਤਾ। ਜਿਸ ਤੋਂ ਬਾਅਦ ਦੋਵਾਂ ਦੇਸ਼ਾਂ 'ਚ ਤਣਾਅ..

ਭਾਰਤ ਅਤੇ ਅਮਰੀਕਾ ਵਿਚਕਾਰ ਤਣਾਅ ਦੀ ਸਥਿਤੀ ਬਣੀ ਹੋਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ 'ਤੇ ਪਹਿਲਾਂ 25 ਫ਼ੀਸਦੀ ਟੈਰਿਫ਼ ਲਗਾਇਆ ਸੀ, ਪਰ ਇਸ ਤੋਂ ਬਾਅਦ ਹੋਰ 25 ਫ਼ੀਸਦੀ ਟੈਰਿਫ਼ ਵਧਾ ਦਿੱਤਾ। ਇਸ ਤਰ੍ਹਾਂ ਕੁੱਲ 50 ਫ਼ੀਸਦੀ ਟੈਰਿਫ਼ ਹੋ ਗਿਆ। ਟਰੰਪ ਨਾਲ ਪੱਤਰਕਾਰਾਂ ਨੇ ਭਾਰਤ ਨਾਲ ਗੱਲਬਾਤ ਨੂੰ ਲੈ ਕੇ ਸਵਾਲ ਕੀਤਾ। ਰਾਇਟਰਜ਼ ਮੁਤਾਬਕ, ਇਸ ਦੇ ਜਵਾਬ ਵਿੱਚ ਟਰੰਪ ਨੇ ਸਖ਼ਤ ਰਵੱਈਆ ਅਖ਼ਤਿਆਰ ਕਰਦੇ ਹੋਏ ਕਿਹਾ ਕਿ ਮਸਲਾ ਹੱਲ ਹੋਣ ਤੱਕ ਕੋਈ ਗੱਲਬਾਤ ਨਹੀਂ ਹੋਵੇਗੀ।
ਭਾਰਤ ਸਣੇ ਬ੍ਰਾਜ਼ੀਲ 'ਤੇ ਲਗਾਇਆ ਸਭ ਤੋਂ ਵੱਧ ਟੈਰਿਫ
ਟਰੰਪ ਨੇ ਭਾਰਤ ਅਤੇ ਬ੍ਰਾਜ਼ੀਲ 'ਤੇ ਸਭ ਤੋਂ ਵੱਧ ਟੈਰਿਫ਼ ਲਗਾਇਆ ਹੈ। ਇਹ ਦੋਵੇਂ ਹੀ ਦੇਸ਼ 50-50 ਫ਼ੀਸਦੀ ਟੈਰਿਫ਼ ਦਾ ਬੋਝ ਝੱਲਣ ਲਈ ਲਗਭਗ ਤਿਆਰ ਹਨ। ਟਰੰਪ ਤੋਂ ਪੁੱਛਿਆ ਗਿਆ ਕਿ ਕੀ ਹੁਣ ਭਾਰਤ ਨਾਲ ਵਪਾਰਕ ਸਮਝੌਤੇ ਨੂੰ ਲੈ ਕੇ ਗੱਲਬਾਤ ਵਿੱਚ ਤੇਜ਼ੀ ਆ ਸਕਦੀ ਹੈ? ਇਸ ਦੇ ਜਵਾਬ ਵਿੱਚ ਟਰੰਪ ਨੇ ਕਿਹਾ, "ਨਹੀਂ, ਜਦ ਤੱਕ ਅਸੀਂ ਇਹ ਮਸਲਾ ਹੱਲ ਨਹੀਂ ਕਰ ਲੈਂਦੇ, ਤਦ ਤੱਕ ਗੱਲ ਨਹੀਂ ਹੋਵੇਗੀ।"
ਭਾਰਤ-ਅਮਰੀਕਾ ਦੀ ਟਰੇਡ ਡੀਲ ਕਿਉਂ ਅਟਕੀ ਹੋਈ ਹੈ
ਟਰੰਪ ਭਾਰਤ 'ਤੇ ਟਰੇਡ ਡੀਲ ਨੂੰ ਲੈ ਕੇ ਕਾਫ਼ੀ ਦਬਾਅ ਬਣਾ ਰਹੇ ਸਨ। ਉਹ ਚਾਹੁੰਦੇ ਹਨ ਕਿ ਭਾਰਤ ਖੇਤੀਬਾੜੀ ਅਤੇ ਡੇਅਰੀ ਸੈਕਟਰ ਨੂੰ ਲੈ ਕੇ ਸਮਝੌਤਾ ਕਰੇ ਅਤੇ ਅਮਰੀਕਾ ਦੇ ਡੇਅਰੀ ਉਤਪਾਦਾਂ ਲਈ ਭਾਰਤੀ ਬਜ਼ਾਰ ਖੋਲ੍ਹ ਦਿੱਤਾ ਜਾਵੇ, ਪਰ ਭਾਰਤ ਇਸ ਲਈ ਤਿਆਰ ਨਹੀਂ ਹੈ। ਇਸ ਮਾਮਲੇ 'ਤੇ ਭਾਰਤ ਵੱਲੋਂ ਸਪੱਸ਼ਟ ਸੁਨੇਹਾ ਦੇ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਯਾਨੀਕਿ 7 ਅਗਸਤ ਨੂੰ ਕਿਹਾ ਕਿ ਦੇਸ਼ ਲਈ ਕਿਸਾਨ ਸਭ ਤੋਂ ਪਹਿਲਾਂ ਹਨ ਅਤੇ ਉਨ੍ਹਾਂ ਨਾਲ ਸੰਬੰਧਿਤ ਮਸਲਿਆਂ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਕਿਸਾਨਾਂ ਦੇ ਨਾਲ ਮਜ਼ਬੂਤੀ ਦੇ ਨਾਲ ਖੜ੍ਹੇ ਹਨ।
ਭਾਰਤ ਪ੍ਰਤੀ ਟਰੰਪ ਕਿਉਂ ਦਿਖਾ ਰਹੇ ਹਨ ਸਖ਼ਤ ਰਵੱਈਆ
ਟਰੰਪ ਦੀ ਨਾਰਾਜ਼ਗੀ ਟਰੇਡ ਡੀਲ ਤੋਂ ਸ਼ੁਰੂ ਹੋਈ ਅਤੇ ਇਸ ਤੋਂ ਬਾਅਦ ਉਹ ਰੂਸ ਦਾ ਨਾਮ ਲੈ ਕੇ ਸਖ਼ਤ ਰਵੱਈਆ ਦਿਖਾਉਣ ਲੱਗੇ। ਟਰੰਪ ਸਰਕਾਰ ਵੱਲੋਂ ਕਿਹਾ ਗਿਆ ਕਿ ਭਾਰਤ, ਰੂਸ ਤੋਂ ਤੇਲ ਖਰੀਦਦਾ ਹੈ ਅਤੇ ਇਸ ਕਾਰਨ ਟਰੰਪ ਨਾਰਾਜ਼ ਹਨ। ਅਮਰੀਕਾ ਦਾ ਕਹਿਣਾ ਹੈ ਕਿ ਰੂਸ ਆਪਣੇ ਪੈਸੇ ਦਾ ਇਸਤੇਮਾਲ ਜੰਗ ਲਈ ਕਰ ਰਿਹਾ ਹੈ।






















