ਨਹੀਂ ਰਹੇ ਮਸ਼ਹੂਰ ਫੈਸ਼ਨ ਡਿਜ਼ਾਈਨਰ Giorgio Armani! ਅਰਮਾਨੀ ਛੱਡ ਗਏ ਕਿੰਨੀ ਸੰਪਤੀ? ਮੌਤ ਤੋਂ ਬਾਅਦ ਕੌਣ ਬਣੇਗਾ ਵਾਰਿਸ, ਅਟਕਲਾਂ ਤੇਜ਼
ਦੁਨੀਆ ਦੇ ਸਭ ਤੋਂ ਮਸ਼ਹੂਰ ਫੈਸ਼ਨ ਡਿਜ਼ਾਈਨਰਾਂ ਵਿੱਚੋਂ ਇੱਕ ਜਾਰਜਿਓ ਅਰਮਾਨੀ ਜੋ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਫੈਸ਼ਨ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਦੁਨੀਆ ਦੇ ਸਭ ਤੋਂ ਮਸ਼ਹੂਰ ਫੈਸ਼ਨ ਡਿਜ਼ਾਈਨਰਾਂ ਵਿੱਚੋਂ ਇੱਕ ਜਾਰਜਿਓ ਅਰਮਾਨੀ (Giorgio Armani) ਦਾ 91 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹਨਾਂ ਦੇ ਦਿਹਾਂਤ ਤੋਂ ਬਾਅਦ ਫੈਸ਼ਨ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੁਨੀਆ ਭਰ ਵਿੱਚ ਮਸ਼ਹੂਰ ਬ੍ਰਾਂਡ Armani ਦੇ ਪਿੱਛੇ ਜਿਸ ਸ਼ਖ਼ਸ ਦੀ ਸੋਚ ਅਤੇ ਮਿਹਨਤ ਸੀ, ਹੁਣ ਉਹ ਸਾਡੇ ਵਿਚ ਨਹੀਂ ਰਹੇ।
ਅਰਮਾਨੀ ਦੇ ਦਿਹਾਂਤ ਨਾਲ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੋ ਗਿਆ ਹੈ ਕਿ ਲਗਭਗ 12.1 ਬਿਲੀਅਨ ਡਾਲਰ (ਕਰੀਬ 10 ਲੱਖ ਕਰੋੜ ਰੁਪਏ) ਦੀ ਸੰਪਤੀ ਅਤੇ ਉਹਨਾਂ ਦੇ ਫੈਸ਼ਨ ਸਾਮਰਾਜ ਦਾ ਵਾਰਸ ਕੌਣ ਹੋਵੇਗਾ, ਕਿਉਂਕਿ ਉਹਨਾਂ ਨੇ ਕਦੇ ਵਿਆਹ ਨਹੀਂ ਕੀਤਾ ਅਤੇ ਨਾ ਹੀ ਉਹਨਾਂ ਦੀ ਕੋਈ ਸੰਤਾਨ ਹੈ।
ਮੈਡੀਕਲ ਤੋਂ ਫੈਸ਼ਨ ਤੱਕ ਦਾ ਸਫਰ: ਇੱਕ ਸਧਾਰਣ ਲੜਕਾ ਕਿਵੇਂ ਬਣਿਆ ਗਲੋਬਲ ਬ੍ਰਾਂਡ?
ਜਾਰਜਿਓ ਅਰਮਾਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮੈਡੀਕਲ ਕਾਲਜ ਤੋਂ ਕੀਤੀ ਸੀ, ਪਰ ਉਹਨਾਂ ਨੂੰ ਇਹ ਰਾਹ ਪਸੰਦ ਨਹੀਂ ਆਇਆ। ਇਸ ਕਰਕੇ ਉਹਨਾਂ ਨੇ ਵਿਚਕਾਰ ਹੀ ਪੜ੍ਹਾਈ ਛੱਡ ਦਿੱਤੀ ਅਤੇ ਕੁਝ ਸਮੇਂ ਲਈ ਇਟਲੀ ਦੀ ਫੌਜ ਵਿੱਚ ਵੀ ਸੇਵਾ ਨਿਭਾਈ। ਇਸ ਤੋਂ ਬਾਅਦ ਉਹਨਾਂ ਨੇ ਲੇ ਰਿਨਾਸ਼ੇਨਤੇ ਨਾਮਕ ਇੱਕ ਡਿਪਾਰਟਮੈਂਟਲ ਸਟੋਰ ਵਿੱਚ ਵਿੰਡੋ ਡ੍ਰੈਸਰ ਵਜੋਂ ਕੰਮ ਕੀਤਾ। ਇਥੋਂ ਤੋਂ ਹੀ ਉਹਨਾਂ ਦਾ ਰੁਝਾਨ ਫੈਸ਼ਨ ਵੱਲ ਮੁੜਨਾ ਸ਼ੁਰੂ ਹੋ ਗਿਆ।
1980 ਵਿੱਚ ਮਿਲਿਆ ਪਹਿਲਾ ਵੱਡਾ ਬ੍ਰੇਕ: ਰਿਚਰਡ ਗੇਅਰ ਦੀ ਵਜ੍ਹਾ ਨਾਲ ਚਮਕਿਆ ਨਸੀਬ
ਸਾਲ 1980 ਵਿੱਚ ਹਾਲੀਵੁੱਡ ਫਿਲਮ “American Gigolo” ਵਿੱਚ ਅਦਾਕਾਰ ਰਿਚਰਡ ਗੇਅਰ ਨੇ ਅਰਮਾਨੀ ਵੱਲੋਂ ਡਿਜ਼ਾਈਨ ਕੀਤਾ ਹੋਇਆ ਸੂਟ ਪਹਿਨਿਆ। ਇਸ ਫਿਲਮ ਤੋਂ ਬਾਅਦ ਹੀ Armani ਬ੍ਰਾਂਡ ਨੂੰ ਅੰਤਰਰਾਸ਼ਟਰੀ ਪਹਿਚਾਣ ਮਿਲੀ। ਇਸ ਤੋਂ ਬਾਅਦ ਹਾਲੀਵੁੱਡ ਤੋਂ ਲੈ ਕੇ ਹਾਈ-ਪ੍ਰੋਫ਼ਾਈਲ ਬਿਜ਼ਨਸ ਕਲਾਇੰਟਸ ਤੱਕ, ਸਾਰੇ ਹੀ ਅਰਮਾਨੀ ਦੇ ਦਿਵਾਨੇ ਹੋ ਗਏ।
ਫੈਸ਼ਨ ਤੋਂ ਹੋਟਲ ਤੇ ਖੇਡਾਂ ਤੱਕ: ਇੰਝ ਬਣਿਆ ਅਰਬਾਂ ਡਾਲਰ ਦਾ ਸਾਮਰਾਜ
ਜਾਰਜਿਓ ਅਰਮਾਨੀ ਨੇ ਆਪਣੇ ਆਪ ਨੂੰ ਸਿਰਫ ਕੱਪੜਿਆਂ ਤੱਕ ਸੀਮਿਤ ਨਹੀਂ ਰੱਖਿਆ। ਉਹਨਾਂ ਨੇ ਆਪਣੇ ਬ੍ਰਾਂਡ ਨੂੰ ਫੈਸ਼ਨ, ਸਪੋਰਟਸਵੇਅਰ, ਪਰਫਿਊਮ, ਮਿਊਜ਼ਿਕ, ਰੀਅਲ ਐਸਟੇਟ ਅਤੇ ਲਗਜ਼ਰੀ ਹੋਟਲਾਂ ਤੱਕ ਵਧਾਇਆ। ਇਤਨਾ ਹੀ ਨਹੀਂ, ਉਹਨਾਂ ਨੇ ਇਟਲੀ ਦੀ ਮਸ਼ਹੂਰ ਬਾਸਕਟਬਾਲ ਟੀਮ ‘ਓਲੰਪੀਆ ਮਿਲਾਨੋ’ ਵੀ ਖਰੀਦੀ।
ਕੋਈ ਸੰਤਾਨ ਨਹੀਂ, ਪਰਿਵਾਰਕ ਮੈਂਬਰਾਂ ਅਤੇ ਸਹਿਯੋਗੀਆਂ 'ਤੇ ਟਿਕੀਆਂ ਉਮੀਦਾਂ
ਜਾਰਜਿਓ ਅਰਮਾਨੀ ਨੇ ਕਦੇ ਵਿਆਹ ਨਹੀਂ ਕੀਤਾ ਅਤੇ ਉਹਨਾਂ ਦੀ ਕੋਈ ਸੰਤਾਨ ਨਹੀਂ ਹੈ। ਹਾਲਾਂਕਿ ਉਹ ਆਪਣੀ ਭਤੀਜੀ ਰੋਬਰਟਾ ਅਰਮਾਨੀ ਦੇ ਬਹੁਤ ਨੇੜੇ ਸਨ। ਪਰ ਰੋਬਰਟਾ ਨੇ ਫਿਲਮਾਂ ਵਿੱਚ ਕਰੀਅਰ ਬਣਾਉਣ ਲਈ ਅਰਮਾਨੀ ਗਰੁੱਪ ਵਿੱਚ ਪੂਰਨਕਾਲੀਨ ਭੂਮਿਕਾ ਨਿਭਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸਦੇ ਬਾਵਜੂਦ, ਉਹ ਹੁਣ ਵੀ ਕੰਪਨੀ ਨਾਲ ਬ੍ਰਾਂਡ ਐਮਬੈਸਡਰ ਵਜੋਂ ਅਤੇ ਕੁਝ ਰਣਨੀਤਿਕ ਮਾਮਲਿਆਂ ਵਿੱਚ ਜੁੜੀ ਰਹੀ।
ਕੌਣ ਬਣ ਸਕਦਾ ਹੈ ਅਰਮਾਨੀ ਦਾ ਉਤਰਾਧਿਕਾਰੀ?
ਜਾਰਜਿਓ ਅਰਮਾਨੀ ਨੇ ਪਹਿਲਾਂ ਹੀ ਆਪਣੇ ਉਤਰਾਧਿਕਾਰੀ ਨੂੰ ਲੈ ਕੇ ਰਣਨੀਤੀ ਤਿਆਰ ਕਰ ਲਈ ਸੀ। ਕੰਪਨੀ ਨੇ 2016 ਵਿੱਚ ਹੀ ਇੱਕ ਫਾਊਂਡੇਸ਼ਨ (Giorgio Armani Foundation) ਦੀ ਸਥਾਪਨਾ ਕੀਤੀ ਸੀ, ਜਿਸਦਾ ਮਕਸਦ ਕੰਪਨੀ ਨੂੰ ਪਰਿਵਾਰ ਦੇ ਨਿਯੰਤਰਣ ਹੇਠ ਰੱਖਣਾ ਅਤੇ ਇਸਦੀ ਆਜ਼ਾਦੀ ਯਕੀਨੀ ਬਣਾਉਣਾ ਸੀ।
ਸੰਭਾਵੀ ਉਤਰਾਧਿਕਾਰੀਆਂ ਵਿੱਚ ਇਹ ਨਾਮ ਚਰਚਾ ਵਿੱਚ ਹਨ:
ਜੌਨ ਡੈਲ’ਆਰਕੋ (John Dell’Orco):
ਅਰਮਾਨੀ ਦੇ ਸਭ ਤੋਂ ਨੇੜਲੇ ਸਹਿਯੋਗੀਆਂ ਵਿੱਚੋਂ ਇੱਕ। ਕੰਪਨੀ ਦੇ ਕਈ ਮਹੱਤਵਪੂਰਨ ਫ਼ੈਸਲਿਆਂ ਵਿੱਚ ਉਹਨਾਂ ਦੀ ਭੂਮਿਕਾ ਰਹੀ ਹੈ।
ਸਿਲਵਾਨਾ ਅਰਮਾਨੀ (Silvana Armani):
ਜਾਰਜਿਓ ਦੀ ਭੈਣ ਦੀ ਧੀ, ਜੋ ਲੰਮੇ ਸਮੇਂ ਤੋਂ ਕੰਪਨੀ ਵਿੱਚ ਸਰਗਰਮ ਹੈ ਅਤੇ ਫੈਸ਼ਨ ਲਾਈਨ ਵਿੱਚ ਉਸਦੀ ਅਹਿਮ ਭੂਮਿਕਾ ਰਹੀ ਹੈ।
ਗਿਉਸੇਪੇ ਅਰਡਿਤੋ (Giuseppe Ardito):
ਫਾਇਨੈਂਸ ਨਾਲ ਸਬੰਧਤ ਮਾਮਲਿਆਂ ਵਿੱਚ ਅਰਮਾਨੀ ਦੇ ਭਰੋਸੇਮੰਦ ਸਲਾਹਕਾਰ ਮੰਨੇ ਜਾਂਦੇ ਹਨ।
ਜਾਰਜਿਓ ਅਰਮਾਨੀ ਨੇ ਫੈਸ਼ਨ ਨੂੰ ਕਲਾਸ ਅਤੇ ਸਾਦਗੀ ਨਾਲ ਜੋੜ ਦਿੱਤਾ। ਉਹਨਾਂ ਦੇ ਡਿਜ਼ਾਈਨ ਸਾਦਗੀ ਵਿੱਚ ਵੀ ਸ਼ਾਨ ਦਿਖਾਉਂਦੇ ਸਨ। ਉਹ ਸਿਰਫ਼ ਇੱਕ ਫੈਸ਼ਨ ਡਿਜ਼ਾਈਨਰ ਨਹੀਂ ਸਨ, ਸਗੋਂ ਇੱਕ ਯੁੱਗ ਦੀ ਪਛਾਣ ਸਨ। ਅਰਮਾਨੀ ਦਾ ਦਿਹਾਂਤ ਫੈਸ਼ਨ ਜਗਤ ਲਈ ਵੱਡਾ ਨੁਕਸਾਨ ਹੈ, ਪਰ ਉਹਨਾਂ ਦੀ ਬਣਾਈ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।





















