BCCI vs PCB: ਇਮਰਾਨ ਖ਼ਾਨ ਨੇ BCCI 'ਤੇ ਲਾਏ ਤਾਨਾਸ਼ਾਹੀ ਦੇ ਦੋਸ਼ , ਪਾਕਿ ਖਿਡਾਰੀਆਂ ਦੇ IPL ਨਾ ਖੇਡਣ 'ਤੇ ਦਿੱਤਾ ਬਿਆਨ
Imran Khan: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕ੍ਰਿਕਟਰ ਇਮਰਾਨ ਖ਼ਾਨ ਦਾ ਮੰਨਣਾ ਹੈ ਕਿ ਬੀਸੀਸੀਆਈ ਕ੍ਰਿਕਟ ਜਗਤ ਵਿੱਚ ਤਾਨਾਸ਼ਾਹੀ ਰਵੱਈਆ ਰੱਖ ਰਿਹਾ ਹੈ।
Imran Khan on BCCI: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕ੍ਰਿਕਟਰ ਇਮਰਾਨ ਖ਼ਾਨ ਨੇ ਭਾਰਤੀ ਕ੍ਰਿਕਟ ਬੋਰਡ (BCCI) 'ਤੇ ਤਾਨਾਸ਼ਾਹੀ ਦਾ ਦੋਸ਼ ਲਗਾਇਆ ਹੈ। ਉਸ ਨੇ ਕਿਹਾ ਹੈ ਕਿ ਬੀਸੀਸੀਆਈ ਕ੍ਰਿਕਟ ਜਗਤ ਵਿੱਚ ਇੱਕ ਮਹਾਂਸ਼ਕਤੀ ਵਾਂਗ ਵਿਵਹਾਰ ਕਰ ਰਿਹਾ ਹੈ, ਜੋ ਕਿ ਬਹੁਤ ਹੰਕਾਰੀ ਅਤੇ ਗ਼ਲਤ ਹੈ। ਇਮਰਾਨ ਖ਼ਾਨ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਭਾਰਤੀ ਬੋਰਡ ਦਾ ਪਾਕਿਸਤਾਨੀ ਖਿਡਾਰੀਆਂ ਨੂੰ ਆਈਪੀਐਲ ਵਿੱਚ ਨਾ ਖੇਡਣ ਦੇਣ ਦਾ ਫੈਸਲਾ ਹੈਰਾਨੀਜਨਕ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਵਿਚਾਲੇ ਏਸ਼ੀਆ ਕੱਪ ਦੀ ਮੇਜ਼ਬਾਨੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਪੀਸੀਬੀ ਕਿਸੇ ਵੀ ਕੀਮਤ 'ਤੇ ਏਸ਼ੀਆ ਕੱਪ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ, ਜਦਕਿ ਬੀਸੀਸੀਆਈ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਏਸ਼ੀਆ ਕੱਪ ਪਾਕਿਸਤਾਨ 'ਚ ਹੁੰਦਾ ਹੈ ਤਾਂ ਭਾਰਤੀ ਟੀਮ ਉਥੇ ਨਹੀਂ ਜਾਵੇਗੀ। ਬੀਸੀਸੀਆਈ ਦੇ ਇਸ ਰਵੱਈਏ ਕਾਰਨ ਭਾਰਤੀ ਟੀਮ ਦੇ ਏਸ਼ੀਆ ਕੱਪ ਦੇ ਸਾਰੇ ਮੈਚ ਪਾਕਿਸਤਾਨ ਤੋਂ ਬਾਹਰ ਕਰਵਾਏ ਜਾਣ ਦੀ ਸੰਭਾਵਨਾ ਹੈ। ਫਿਲਹਾਲ ਇਸ 'ਤੇ ਅਧਿਕਾਰਤ ਬਿਆਨ ਆਉਣਾ ਬਾਕੀ ਹੈ ਪਰ ਇਸ ਸਭ ਦੇ ਵਿਚਕਾਰ ਇਮਰਾਨ ਖ਼ਾਨ ਨੇ ਬੀਸੀਸੀਆਈ ਨੂੰ ਕੋਸਿਆ ਹੈ।
ਤਾਨਾਸ਼ਾਹ ਵਾਂਗ ਵਿਵਹਾਰ ਕਰ ਰਿਹਾ ਹੈ ਬੀ.ਸੀ.ਸੀ.ਆਈ.
'ਟਾਈਮਜ਼ ਰੇਡੀਓ' ਨਾਲ ਗੱਲਬਾਤ ਦੌਰਾਨ ਇਮਰਾਨ ਖ਼ਾਨ ਨੇ ਕਿਹਾ, 'ਪਾਕਿਸਤਾਨ ਅਤੇ ਭਾਰਤ ਦੇ ਸਬੰਧ ਬਹੁਤ ਦੁਖਦਾਈ ਅਤੇ ਮੰਦਭਾਗੇ ਹਨ। ਜਿਸ ਤਰ੍ਹਾਂ ਭਾਰਤ ਕ੍ਰਿਕਟ ਦੀ ਦੁਨੀਆ ਵਿੱਚ ਇੱਕ ਮਹਾਂਸ਼ਕਤੀ ਵਾਂਗ ਵਿਵਹਾਰ ਕਰ ਰਿਹਾ ਹੈ, ਇਹ ਬਹੁਤ ਗਲਤ ਅਤੇ ਹੰਕਾਰੀ ਰਵੱਈਆ ਹੈ। ਉਹ ਕ੍ਰਿਕਟ ਖੇਡਣ ਵਾਲੇ ਦੂਜੇ ਦੇਸ਼ਾਂ ਨਾਲੋਂ ਜ਼ਿਆਦਾ ਫੰਡ ਇਕੱਠੇ ਕਰਦੇ ਹਨ, ਇਸ ਲਈ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਵਤੀਰਾ ਤਾਨਾਸ਼ਾਹ ਵਰਗਾ ਹੋ ਗਿਆ ਹੈ ਕਿ ਉਨ੍ਹਾਂ ਨੂੰ ਕਿਸ ਨਾਲ ਖੇਡਣਾ ਹੈ ਅਤੇ ਕਿਸ ਨਾਲ ਨਹੀਂ।
IPL 'ਤੇ ਪਾਕਿ ਖਿਡਾਰੀਆਂ 'ਤੇ ਪਾਬੰਦੀ 'ਤੇ ਇਮਰਾਨ ਨੇ ਕੀ ਕਿਹਾ?
ਇਮਰਾਨ ਖ਼ਾਨ ਨੇ ਕਿਹਾ ਕਿ ਮੈਨੂੰ ਪਾਕਿਸਤਾਨੀ ਖਿਡਾਰੀਆਂ ਦੇ ਆਈਪੀਐਲ ਖੇਡਣ 'ਤੇ ਪਾਬੰਦੀ ਲਗਾਉਣ ਦਾ ਮਾਮਲਾ ਵੀ ਹੈਰਾਨੀਜਨਕ ਲੱਗਦਾ ਹੈ। ਇਹ ਉਸਦੀ ਹਉਮੈ ਹੀ ਹੈ। ਜੇਕਰ ਭਾਰਤ ਪਾਕਿਸਤਾਨੀ ਖਿਡਾਰੀਆਂ ਨੂੰ ਆਈ.ਪੀ.ਐੱਲ. ਵਿਚ ਖੇਡਣ ਦੀ ਇਜਾਜ਼ਤ ਨਹੀਂ ਦਿੰਦਾ ਹੈ ਤਾਂ ਪਾਕਿਸਤਾਨ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਪਾਕਿਸਤਾਨ ਵਿੱਚ ਬਹੁਤ ਕਾਬਲ ਨੌਜਵਾਨ ਕ੍ਰਿਕਟਰ ਹਨ।
ਦੱਸ ਦੇਈਏ ਕਿ IPL ਦੇ ਪਹਿਲੇ ਸੀਜ਼ਨ 'ਚ ਪਾਕਿਸਤਾਨੀ ਕ੍ਰਿਕਟਰਾਂ ਨੂੰ ਦੇਖਿਆ ਗਿਆ ਸੀ ਪਰ ਉਸੇ ਸਾਲ 26/11 ਦੇ ਮੁੰਬਈ ਹਮਲੇ ਤੋਂ ਬਾਅਦ ਭਾਰਤੀ ਕ੍ਰਿਕਟ ਬੋਰਡ ਨੇ ਪਾਕਿਸਤਾਨੀ ਖਿਡਾਰੀਆਂ 'ਤੇ IPL ਖੇਡਣ 'ਤੇ ਪਾਬੰਦੀ ਲਗਾ ਦਿੱਤੀ ਸੀ।