India Canada Tension: ਕੈਨੇਡਾ ਆਪਣੇ ਸਟੈਂਡ ਤੋਂ ਪਿੱਛੇ ਹਟਣੋਂ ਇਨਕਾਰੀ, ਟਰੂਡੋ ਨੇ ਖਾਲਿਸਤਾਨੀ ਨਿੱਝਰ ਦੀ ਹੱਤਿਆ ਬਾਰੇ ਫਿਰ ਕੀਤਾ ਵੱਡਾ ਦਾਅਵਾ
India Canada Tension: ਟਰੂਡੋ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਨਿਆਂ ਯਕੀਨੀ ਬਣਾਉਣ ਤੇ ਸੱਚਾਈ ਸਾਹਮਣੇ ਲਿਆਉਣ ਲਈ ਕੈਨੇਡਾ ਨਾਲ ਮਿਲ ਕੇ ਕੰਮ ਕਰੇ।
India-Canada Conflict: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁੜ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ‘ਪ੍ਰਮਾਣਿਕ ਦੋਸ਼’ ਲਾਏ ਹਨ ਤੇ ਇਨ੍ਹਾਂ ਨੂੰ ‘ਬੇਹੱਦ ਸੰਜੀਦਗੀ’ ਨਾਲ ਲਿਆ ਜਾਣਾ ਚਾਹੀਦਾ ਹੈ। ਟਰੂਡੋ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਨਿਆਂ ਯਕੀਨੀ ਬਣਾਉਣ ਤੇ ਸੱਚਾਈ ਸਾਹਮਣੇ ਲਿਆਉਣ ਲਈ ਕੈਨੇਡਾ ਨਾਲ ਮਿਲ ਕੇ ਕੰਮ ਕਰੇ।
ਭਾਰਤ ਤੇ ਕੈਨੇਡਾ ਵਿਚਾਲੇ ਬਣੇ ਕੂਟਨੀਤਕ ਟਕਰਾਅ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਟਰੂਡੋ ਨੇ ਕਿਹਾ, ‘‘ਅਸੀਂ ਭਾਰਤ ਸਰਕਾਰ ਨੂੰ ਸੱਦਾ ਦਿੰਦੇ ਹਾਂ ਕਿ ਉਹ ਇਸ ਮਸਲੇ ਨੂੰ ਗੰਭੀਰਤਾ ਨਾਲ ਲਏ ਤੇ ਸਾਡੇ ਨਾਲ ਮਿਲ ਕੇ ਕੰਮ ਕਰੇ ਤਾਂ ਕਿ ਪਾਰਦਰਸ਼ਤਾ, ਜਵਾਬਦੇਹੀ ਤੇ ਨਿਆਂ ਯਕੀਨੀ ਬਣਾਇਆ ਜਾ ਸਕੇ।’’
ਭਾਰਤ ਵੱਲੋਂ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕੀਤੇ ਜਾਣ ਮਗਰੋਂ ਉਨ੍ਹਾਂ ਦੀ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਜਵਾਬੀ ਕਾਰਵਾਈ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਟਰੂਡੋ ਨੇ ਕਿਹਾ, ‘‘ਸਾਡੇ ਮੁਲਕ ਵਿੱਚ ਕਾਨੂੰਨ ਦਾ ਰਾਜ ਹੈ। ਕੈਨੇਡੀਅਨਾਂ ਦੀ ਸੁਰੱਖਿਆ ਤੇ ਆਪਣੀਆਂ ਕਦਰਾਂ ਕੀਮਤਾਂ ਤੇ ਕੌਮਾਂਤਰੀ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਅਸੀਂ ਕੰਮ ਕਰਦੇ ਰਹਾਂਗੇ। ਇਸ ਵੇਲੇ ਸਾਡਾ ਸਾਰਾ ਧਿਆਨ ਇਸੇ ਪਾਸੇ ਹੈ।’’ ਟਰੂਡੋ ਨੇ ਕਿਹਾ, ‘‘ਸਾਡੇ ਕੋਲ ਦੋਸ਼ਾਂ ਬਾਰੇ ਪ੍ਰਮਾਣਿਕ ਜਾਣਕਾਰੀ ਹੈ, ਜਿਸ ਨੂੰ ਸਾਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ।’’ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾ ਤਾਂ ਕਿਸੇ ਨੂੰ ਉਕਸਾ ਰਹੀ ਸੀ ਤੇ ਨਾ ਕੋਈ ਮੁਸ਼ਕਲ ਖੜ੍ਹੀ ਕਰਨੀ ਚਾਹੁੰਦੀ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ, ‘‘ਇਸ ਵਿਚ ਕੋਈ ਦੋ ਰਾਏ ਨਹੀਂ ਕਿ ਭਾਰਤ ਦੀ ਮਹੱਤਤਾ ਵਧਦੀ ਜਾ ਰਹੀ ਹੈ ਤੇ ਉਹ ਅਜਿਹਾ ਮੁਲਕ ਹੈ ਜਿਸ ਨਾਲ ਸਾਨੂੰ ਕੰਮ ਕਰਦੇ ਰਹਿਣ ਦੀ ਲੋੜ ਹੈ, ਨਾ ਸਿਰਫ਼ ਖਿੱਤੇ ਵਿੱਚ ਬਲਕਿ ਕੁੱਲ ਆਲਮ ਵਿੱਚ। ਅਸੀਂ ਨਾ ਕਿਸੇ ਨੂੰ ਉਕਸਾ ਰਹੇ ਹਾਂ ਤੇ ਨਾ ਹੀ ਕੋਈ ਸਮੱਸਿਆ ਖੜ੍ਹੀ ਕਰਨਾ ਚਾਹੁੰਦੇ ਹਾਂ ਪਰ ਅਸੀਂ ਕਾਨੂੰਨ ਦੇ ਰਾਜ ਤੇ ਕੈਨੇਡੀਅਨਾਂ ਦੀ ਸੁਰੱਖਿਆ ਦੀ ਮਹੱਤਤਾ ਬਾਰੇ ਸਪਸ਼ਟ ਹਾਂ। ਇਹੀ ਵਜ੍ਹਾ ਹੈ ਕਿ ਅਸੀਂ ਭਾਰਤ ਸਰਕਾਰ ਨੂੰ ਸੱਦਾ ਦਿੰਦੇ ਹਾਂ ਕਿ ਉਹ ਸੱਚਾਈ ਸਾਹਮਣੇ ਲਿਆਉਣ ਲਈ ਸਾਡੇ ਨਾਲ ਮਿਲ ਕੇ ਕੰਮ ਕਰੇ ਤਾਂ ਕਿ ਨਿਆਂ ਤੇ ਜਵਾਬਦੇਹੀ ਯਕੀਨੀ ਬਣੇ।’