India Pakistan Ceasefire: ਜੰਗਬੰਦੀ ਤੋੜਨ ਤੋਂ ਬਾਅਦ ਪਾਕਿਸਤਾਨੀ PM ਸ਼ਾਹਬਾਜ਼ ਨੇ ਮੁੜ ਦਿੱਤੀ ਧਮਕੀ, ਕਿਹਾ- ਹੁਣ ਅਸੀਂ ਜੰਗ ਦੇ ਮੈਦਾਨ ਵਿੱਚ ਮਿਲਾਂਗੇ
ਪਾਕਿਸਤਾਨ ਨੇ ਭਾਰਤ ਨਾਲ ਜੰਗਬੰਦੀ ਦੀ ਗੱਲ ਕੀਤੀ ਪਰ ਕੁਝ ਘੰਟਿਆਂ ਵਿੱਚ ਹੀ ਇਸਨੂੰ ਤੋੜ ਦਿੱਤਾ। ਸ਼ਾਹਬਾਜ਼ ਸ਼ਰੀਫ ਦਾ ਬਿਆਨ ਉਨ੍ਹਾਂ ਦੀ ਨਿਰਾਸ਼ਾ ਅਤੇ ਬੇਵਸੀ ਨੂੰ ਦਰਸਾਉਂਦਾ ਹੈ।

India Pakistan Ceasefire: ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ ਦੇ ਚਾਰ ਦਿਨਾਂ ਦੇ ਤਣਾਅ ਤੋਂ ਬਾਅਦ ਜਿਵੇਂ ਹੀ ਜੰਗਬੰਦੀ ਦਾ ਐਲਾਨ ਕੀਤਾ ਗਿਆ। ਪੂਰੀ ਦੁਨੀਆ ਇਸ ਨੂੰ ਸ਼ਾਂਤੀ ਵੱਲ ਇੱਕ ਮਹੱਤਵਪੂਰਨ ਕਦਮ ਮੰਨਦੀ ਸੀ, ਪਰ ਪਾਕਿਸਤਾਨ ਦਾ ਦੋਹਰਾ ਚਿਹਰਾ ਇੱਕ ਵਾਰ ਫਿਰ ਬੇਨਕਾਬ ਹੋ ਗਿਆ ਜਦੋਂ ਉਸਨੇ ਜੰਗਬੰਦੀ ਦਾ ਐਲਾਨ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਇਸਦੀ ਉਲੰਘਣਾ ਕਰ ਦਿੱਤੀ। ਇਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਪਾਕਿਸਤਾਨ ਨਾ ਤਾਂ ਸ਼ਾਂਤੀ ਚਾਹੁੰਦਾ ਹੈ ਤੇ ਨਾ ਹੀ ਸਮਝੌਤਿਆਂ ਦਾ ਸਤਿਕਾਰ ਕਰਦਾ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲੋਂ ਸ਼ਨੀਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਦਿੱਤੇ ਗਏ ਬਿਆਨ ਤੋਂ ਉਨ੍ਹਾਂ ਦੀ ਨਿਰਾਸ਼ਾ ਅਤੇ ਰਣਨੀਤਕ ਉਲਝਣ ਸਾਫ਼ ਝਲਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਨੇ ਪਹਿਲਗਾਮ ਹਮਲੇ ਨੂੰ ਬਹਾਨੇ ਵਜੋਂ ਵਰਤ ਕੇ ਜੰਗ ਥੋਪ ਦਿੱਤੀ ਸੀ ਤੇ ਉਨ੍ਹਾਂ ਦੀ ਫੌਜ ਨੇ ਢੁਕਵਾਂ ਜਵਾਬ ਦਿੱਤਾ ਸੀ। ਸ਼ਾਹਬਾਜ਼ ਸ਼ਰੀਫ਼ ਦਾ ਇਹ ਦੋਸ਼ ਕਿ ਭਾਰਤ ਨੇ ਰਿਹਾਇਸ਼ੀ ਇਲਾਕਿਆਂ 'ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਹਨ, ਜੋ ਕੀ ਹਕੀਕਤ ਤੋਂ ਪਰੇ ਹੈ। ਭਾਰਤੀ ਫੌਜ ਨੇ ਸਿਰਫ਼ ਅੱਤਵਾਦੀ ਟਿਕਾਣਿਆਂ ਅਤੇ ਲਾਂਚ ਪੈਡਾਂ ਨੂੰ ਨਿਸ਼ਾਨਾ ਬਣਾਇਆ, ਜੋ ਸਾਲਾਂ ਤੋਂ ਭਾਰਤ ਵਿਰੁੱਧ ਹਮਲਿਆਂ ਦਾ ਕੇਂਦਰ ਰਹੇ ਸਨ।
ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੋ ਮੀਟਿੰਗ ਇੱਕ ਮੇਜ਼ 'ਤੇ ਹੁੰਦੀ ਸੀ, ਉਹ ਹੁਣ ਜੰਗ ਦੇ ਮੈਦਾਨ ਵਿੱਚ ਹੋਵੇਗੀ। ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਭਾਰਤ ਨੇ ਪਾਕਿਸਤਾਨ ਦੇ ਸ਼ਹਿਰੀ ਇਲਾਕਿਆਂ 'ਤੇ ਹਮਲਾ ਕੀਤਾ ਤੇ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਤੇ ਬੱਚਿਆਂ ਨੂੰ ਮਾਰਿਆ। ਹਾਲਾਂਕਿ, ਭਾਰਤ ਨੇ ਹਮੇਸ਼ਾ ਕਿਹਾ ਹੈ ਕਿ ਫੌਜ ਨੇ ਜੋ ਵੀ ਹਮਲਾ ਕੀਤਾ, ਉਹ ਸੰਜਮ ਨਾਲ ਕੀਤਾ ਗਿਆ ਸੀ ਤੇ ਸਿਰਫ਼ ਅੱਤਵਾਦੀ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਸੀ।
ਦਿਲਚਸਪ ਗੱਲ ਇਹ ਹੈ ਕਿ ਉਹੀ ਪਾਕਿਸਤਾਨ ਜਿਸਨੇ ਪਹਿਲਾਂ ਜੰਗਬੰਦੀ ਦੀ ਅਪੀਲ ਕੀਤੀ ਸੀ, ਨੇ ਵੀ ਜੰਗਬੰਦੀ ਤੋੜ ਦਿੱਤੀ। ਆਪਣੇ ਭਾਸ਼ਣ ਵਿੱਚ, ਸ਼ਾਹਬਾਜ਼ ਨੇ ਡੋਨਾਲਡ ਟਰੰਪ, ਸਾਊਦੀ ਅਰਬ, ਯੂਏਈ, ਤੁਰਕੀ, ਕਤਰ ਅਤੇ ਖਾਸ ਕਰਕੇ ਚੀਨ ਦਾ ਧੰਨਵਾਦ ਕੀਤਾ। ਉਨ੍ਹਾਂ ਚੀਨ ਨੂੰ "ਬਹੁਤ ਪਿਆਰਾ, ਬਹੁਤ ਭਰੋਸੇਮੰਦ ਦੋਸਤ" ਦੱਸਿਆ ਅਤੇ ਕਿਹਾ ਕਿ ਉਹ ਪਿਛਲੇ ਪੰਜ ਦਹਾਕਿਆਂ ਤੋਂ ਹਰ ਸੰਕਟ ਵਿੱਚ ਪਾਕਿਸਤਾਨ ਦੇ ਨਾਲ ਖੜ੍ਹਾ ਰਿਹਾ ਹੈ।






















