India-Pakistan War: ਜੰਗ ਰੁਕਣ ਮਗਰੋਂ ਪਾਕਿਸਤਾਨ ਵੱਲੋਂ ਵੱਡਾ ਐਲਾਨ, ਹਰ ਸਾਲ 10 ਮਈ ਨੂੰ ਮਨਾਇਆ ਜਾਏਗਾ ਜਸ਼ਨ
ਭਾਰਤੀ ਫੌਜ ਨੇ ਬੇਸ਼ੱਕ ਪਾਕਿਸਤਾਨ ਨੂੰ ਲੋਹੇ ਦੇ ਚਨੇ ਚੁਬਾਉਣ ਦਾ ਦਾਅਵਾ ਕੀਤਾ ਹੈ ਪਰ ਗੁਆਂਢੀ ਮੁਲਕ ਇੰਨਾ ਨੁਕਸਾਨ ਕਰਵਾਉਣ ਮਗਰੋਂ ਵੀ ਲੁੱਡੀਆਂ ਪਾ ਰਿਹਾ ਹੈ। ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਹਰ ਸਾਲ 10 ਮਈ ਨੂੰ ਜਸ਼ਨ ਮਨਾਇਆ ਜਾਇਆ ਕਰੇਗਾ

India-Pakistan War: ਭਾਰਤੀ ਫੌਜ ਨੇ ਬੇਸ਼ੱਕ ਪਾਕਿਸਤਾਨ ਨੂੰ ਲੋਹੇ ਦੇ ਚਨੇ ਚੁਬਾਉਣ ਦਾ ਦਾਅਵਾ ਕੀਤਾ ਹੈ ਪਰ ਗੁਆਂਢੀ ਮੁਲਕ ਇੰਨਾ ਨੁਕਸਾਨ ਕਰਵਾਉਣ ਮਗਰੋਂ ਵੀ ਲੁੱਡੀਆਂ ਪਾ ਰਿਹਾ ਹੈ। ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਹਰ ਸਾਲ 10 ਮਈ ਨੂੰ ਜਸ਼ਨ ਮਨਾਇਆ ਜਾਇਆ ਕਰੇਗਾ। ਏਪੀਪੀ ਦੀ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਭਾਰਤ ਵਿਰੁੱਧ ਆਪ੍ਰੇਸ਼ਨ ਬੁਨਿਆਨ-ਉਨ-ਮਰਸੂਸ ਨੂੰ ਸਫਲ ਐਲਾਨਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰ ਸਾਲ 10 ਮਈ ਨੂੰ ਯੌਮ-ਏ-ਮਰਕਾ-ਏ-ਹੱਕ ਮਨਾਉਣ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਭਾਰਤੀ ਫੌਜ ਨੇ ਦਾਅਵਾ ਕੀਤਾ ਹੈ ਕਿ ਤਿੱਖੇ ਹਮਲਿਆਂ ਨੇ ਪਾਕਿਸਤਾਨ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਇਸ ਲਈ ਹੀ ਗੁਆਂਢੀ ਮੁਲਕ ਨੇ ਸੁਲ੍ਹਾ ਦੀ ਗੁਹਾਰ ਲਾਈ। ਦੂਜੇ ਪਾਸੇ ਪਾਕਿਸਤਾਨ ਦੇ ਲੋਕ ਆਪਣੀ ਫੌਜ ਦੇ ਟੈਂਕਾਂ ਉਪਰ ਫੁੱਲਾਂ ਦੀ ਵਰਗਾ ਕਰਦੇ ਤੇ ਸੜਕਾਂ ਉਪਰ ਨੱਚਦੇ ਦਿਖਾਈ ਦਿੱਤੇ। ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਵੀ ਆਪਣੇ ਜਿੱਤੇ ਦੇ ਦਾਅਵੇ ਠੋਕ ਰਹੀ ਹੈ।
ਇਸ ਦੇ ਨਾਲ ਹੀ ਪਾਕਿਸਤਾਨੀ ਫੌਜ ਨੇ ਇਹ ਗੱਲ ਮੰਨੀ ਹੈ ਕਿ ਭਾਰਤ ਵੱਲੋਂ ਕੀਤੇ ਗਏ ਹਮਲਿਆਂ ਵਿੱਚ ਉਸ ਦੇ 11 ਸੈਨਿਕ ਮਾਰੇ ਗਏ। ਮ੍ਰਿਤਕ ਸੈਨਿਕਾਂ ਵਿੱਚੋਂ 6 ਫੌਜ ਦੇ ਤੇ 5 ਹਵਾਈ ਸੈਨਾ ਦੇ ਸਨ। ਪਾਕਿਸਤਾਨੀ ਮੀਡੀਆ ਡਾਨ ਦੀ ਰਿਪੋਰਟ ਅਨੁਸਾਰ 78 ਸੈਨਿਕ ਜ਼ਖਮੀ ਹੋਏ ਹਨ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵੱਲੋਂ ਕੀਤੇ ਗਏ ਹਮਲੇ ਵਿੱਚ 40 ਨਾਗਰਿਕਾਂ ਦੀ ਵੀ ਮੌਤ ਹੋਈ ਹੈ ਤੇ 121 ਨਾਗਰਿਕ ਜ਼ਖਮੀ ਹੋਏ ਹਨ।
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਭਾਰਤ ਨਾਲ ਟਕਰਾਅ ਦੌਰਾਨ ਮਾਰੇ ਗਏ ਪਾਕਿਸਤਾਨੀ ਸੈਨਿਕਾਂ ਦੇ ਪਰਿਵਾਰਾਂ ਲਈ ਮਰਕਾ-ਏ-ਹੱਕ ਨਾਮਕ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸ ਵਿੱਚ ਆਪਣੀ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜ਼ਖਮੀਆਂ ਨੂੰ 10 ਤੋਂ 20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਪਹਿਲਗਾਮ ਘਟਨਾ ਵਿੱਚ ਪਾਕਿਸਤਾਨ ਸ਼ਾਮਲ ਨਹੀਂ-ਅਤਾਉੱਲਾ ਤਰਾਰ
ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਕਿਹਾ ਹੈ ਕਿ ਭਾਰਤ ਪਹਿਲਗਾਮ ਘਟਨਾ ਨੂੰ ਪਾਕਿਸਤਾਨ ਨਾਲ ਜੋੜਨ ਵਿੱਚ ਬੁਰੀ ਤਰ੍ਹਾਂ ਅਸਫਲ ਰਿਹਾ ਹੈ। ਤਰਾਰ ਨੇ ਦੇਸ਼ ਵਿੱਚ ਕਿਸੇ ਵੀ ਅੱਤਵਾਦੀ ਕੈਂਪ ਦੀ ਮੌਜੂਦਗੀ ਤੋਂ ਵੀ ਇਨਕਾਰ ਕੀਤਾ ਹੈ। ਤਰਾਰ ਨੇ ਕਿਹਾ ਕਿ ਪਾਕਿਸਤਾਨ ਖੁਦ ਅੱਤਵਾਦ ਦਾ ਸਭ ਤੋਂ ਵੱਡਾ ਪੀੜਤ ਹੈ।






















