Indo-Pak War: ਪਾਕਿਸਤਾਨ 'ਤੇ ਭਾਰਤੀ ਹਮਲੇ ਮਗਰੋਂ ਚੀਨ ਤੇ ਅਮਰੀਕਾ ਦਾ ਵੱਡਾ ਐਲਾਨ
ਪਾਕਿਸਤਾਨ ਵੱਲੋਂ ਹਮਲੇ ਦੇ ਸਥਾਨਾਂ ਤੇ ਮੌਤਾਂ ਦੀ ਵੱਖ-ਵੱਖ ਗਿਣਤੀ ਦੱਸ਼ੀ ਜਾ ਰਹੀ ਹੈ। ਪਾਕਿਸਤਾਨ ਨੇ ਕਿਹਾ ਕਿ ਸਵੇਰੇ 2 ਵਜੇ 5 ਥਾਵਾਂ 'ਤੇ ਹਮਲੇ ਹੋਏ ਤੇ 3 ਲੋਕਾਂ ਦੀ ਮੌਤ ਹੋ ਗਈ। 3 ਘੰਟੇ ਬਾਅਦ ਯਾਨੀ ਸਵੇਰੇ 5 ਵਜੇ ਇੰਟਰ-ਸਰਵਿਸਿਜ਼

Indo-Pak War: ਭਾਰਤ ਵੱਲੋਂ ਪਾਕਿਸਤਾਨ ਉਪਰ ਕੀਤੇ ਮਜ਼ਾਇਲ ਹਮਲਿਆਂ ਮਗਰੋਂ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਦੋ ਸ਼ਕਤੀਆਂ ਚੀਨ ਤੇ ਅਮਰੀਕਾ ਦਾ ਪ੍ਰਤੀਕਰਮ ਆਇਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ 7 ਮਈ ਨੂੰ ਪਾਕਿਸਤਾਨ 'ਤੇ ਭਾਰਤ ਦੇ ਹਵਾਈ ਹਮਲੇ 'ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੀ ਫੌਜੀ ਕਾਰਵਾਈ ਮੰਦਭਾਗੀ ਹੈ। ਅਸੀਂ ਮੌਜੂਦਾ ਸਥਿਤੀ ਬਾਰੇ ਚਿੰਤਤ ਹਾਂ। ਭਾਰਤ ਤੇ ਪਾਕਿਸਤਾਨ ਦੋਵੇਂ ਇੱਕ ਦੂਜੇ ਦੇ ਗੁਆਂਢੀ ਹਨ ਤੇ ਚੀਨ ਦੇ ਵੀ ਗੁਆਂਢੀ ਹਨ।
ਉਨ੍ਹਾਂ ਨੇ ਕਿਹਾ ਕਿ ਚੀਨ ਹਰ ਤਰ੍ਹਾਂ ਦੇ ਅੱਤਵਾਦ ਦਾ ਵਿਰੋਧ ਕਰਦਾ ਹੈ। ਅਸੀਂ ਦੋਵਾਂ ਧਿਰਾਂ ਨੂੰ ਸ਼ਾਂਤੀ ਤੇ ਸਥਿਰਤਾ ਨੂੰ ਤਰਜੀਹ ਦੇਣ ਦੀ ਅਪੀਲ ਕਰਦੇ ਹਾਂ। ਚੀਨ ਨੇ ਭਾਰਤ ਤੇ ਚੀਨ ਨੂੰ ਕਿਹਾ ਹੈ ਕਿ ਸੰਜਮ ਵਰਤੋ ਤੇ ਅਜਿਹੇ ਕਦਮ ਨਾ ਚੁੱਕੋ ਜੋ ਸਥਿਤੀ ਨੂੰ ਹੋਰ ਗੁੰਝਲਦਾਰ ਬਣਾਉਣ। ਉਧਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ 'ਇਹ ਸ਼ਰਮਨਾਕ ਹੈ। ਮੈਨੂੰ ਲੱਗਦਾ ਹੈ ਕਿ ਲੋਕ ਜਾਣਦੇ ਸਨ ਕਿ ਕੁਝ ਹੋਣ ਵਾਲਾ ਹੈ। ਉਹ ਲੰਬੇ ਸਮੇਂ ਤੋਂ ਲੜ ਰਹੇ ਹਨ। ਜੇ ਤੁਸੀਂ ਇਸ ਬਾਰੇ ਸੋਚੋ ਤਾਂ ਉਹ ਕਈ ਦਹਾਕਿਆਂ ਤੇ ਸਦੀਆਂ ਤੋਂ ਲੜ ਰਹੇ ਹਨ। ਮੈਨੂੰ ਉਮੀਦ ਹੈ ਕਿ ਇਹ ਜਲਦੀ ਹੀ ਖਤਮ ਹੋ ਜਾਵੇਗਾ।'
ਦੱਸ ਦਈਏ ਕਿ 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਇੱਕ ਅੱਤਵਾਦੀ ਹਮਲਾ ਹੋਇਆ ਸੀ। ਇਸ ਵਿੱਚ 26 ਸੈਲਾਨੀ ਮਾਰੇ ਗਏ ਸਨ। ਇਸ ਵਿੱਚ ਨੇਪਾਲ ਦਾ ਵੀ ਇੱਕ ਸੈਲਾਨੀ ਸ਼ਾਮਲ ਸੀ। ਅੱਤਵਾਦੀਆਂ ਨੇ ਸੈਲਾਨੀਆਂ ਨੂੰ ਉਨ੍ਹਾਂ ਦਾ ਧਰਮ ਪੁੱਛਣ ਤੋਂ ਬਾਅਦ ਗੋਲੀ ਮਾਰ ਦਿੱਤੀ। ਰੈਜ਼ਿਸਟੈਂਸ ਫਰੰਟ (TRF) ਨੇ ਪਹਿਲਾਂ ਪਹਿਲਗਾਮ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਹਾਲਾਂਕਿ ਇਸ ਨੇ ਬਾਅਦ ਵਿੱਚ ਇਸ ਤੋਂ ਇਨਕਾਰ ਕਰ ਦਿੱਤਾ ਸੀ।
ਪਾਕਿਸਤਾਨ ਦੇ ਦਾਅਵੇ
ਉਧਰ, ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਜੀਓ ਟੀਵੀ ਨੂੰ ਦੱਸਿਆ ਕਿ ਭਾਰਤ ਨੇ ਆਪਣੀ ਹਵਾਈ ਸਰਹੱਦ ਤੋਂ ਪਾਕਿਸਤਾਨ 'ਤੇ ਮਿਜ਼ਾਈਲ ਹਮਲੇ ਕੀਤੇ ਹਨ ਜੋ ਨਾਗਰਿਕ ਖੇਤਰਾਂ 'ਤੇ ਡਿੱਗੇ। ਇਸ ਦੇ ਨਾਲ ਹੀ ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਫੌਜ ਨੇ 6 ਭਾਰਤੀ ਲੜਾਕੂ ਜਹਾਜ਼ਾਂ ਨੂੰ ਮਾਰ ਸੁੱਟਿਆ। ਇਨ੍ਹਾਂ ਵਿੱਚ 3 ਰਾਫੇਲ, 2 ਮਿਗ-29 ਤੇ ਇੱਕ ਸੁਖੋਈ ਸ਼ਾਮਲ ਹਨ। ਕੰਟਰੋਲ ਰੇਖਾ ਦੇ ਨੇੜੇ ਭਾਰਤੀ ਚੌਕੀਆਂ ਨੂੰ ਵੀ ਤਬਾਹ ਕਰ ਦਿੱਤਾ ਗਿਆ ਹੈ।
ਪਾਕਿਸਤਾਨ ਵੱਲੋਂ ਹਮਲੇ ਦੇ ਸਥਾਨਾਂ ਤੇ ਮੌਤਾਂ ਦੀ ਵੱਖ-ਵੱਖ ਗਿਣਤੀ ਦੱਸ਼ੀ ਜਾ ਰਹੀ ਹੈ। ਪਾਕਿਸਤਾਨ ਨੇ ਕਿਹਾ ਕਿ ਸਵੇਰੇ 2 ਵਜੇ 5 ਥਾਵਾਂ 'ਤੇ ਹਮਲੇ ਹੋਏ ਤੇ 3 ਲੋਕਾਂ ਦੀ ਮੌਤ ਹੋ ਗਈ। 3 ਘੰਟੇ ਬਾਅਦ ਯਾਨੀ ਸਵੇਰੇ 5 ਵਜੇ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਦੇ ਡਾਇਰੈਕਟਰ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ 'ਭਾਰਤ ਨੇ 6 ਇਲਾਕਿਆਂ ਵਿੱਚ 24 ਮਿਜ਼ਾਈਲਾਂ ਦਾਗੀਆਂ। ਇਸ ਵਿੱਚ 8 ਨਾਗਰਿਕ ਮਾਰੇ ਗਏ, 35 ਜ਼ਖਮੀ ਹੋਏ ਤੇ 2 ਲਾਪਤਾ ਹਨ।'
ਭਾਰਤ ਦਾ ਦਾਅਵਾ...ਪਾਕਿਸਤਾਨੀ ਫੌਜੀ ਠਿਕਾਣਿਆਂ 'ਤੇ ਹਮਲਾ ਨਹੀਂ ਕੀਤਾ
ਭਾਰਤੀ ਫੌਜ ਨੇ ਕਿਹਾ ਕਿ ਇਸ ਹਮਲੇ ਵਿੱਚ ਸਿਰਫ਼ ਅੱਤਵਾਦੀ ਠਿਕਾਣਿਆਂ 'ਤੇ ਹਮਲਾ ਕੀਤਾ ਗਿਆ। ਕਿਸੇ ਵੀ ਪਾਕਿਸਤਾਨੀ ਫੌਜੀ ਠਿਕਾਣੇ 'ਤੇ ਹਮਲਾ ਨਹੀਂ ਕੀਤਾ ਗਿਆ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਸਿਰਫ਼ ਜੈਸ਼-ਏ-ਮੁਹੰਮਦ ਤੇ ਲਸ਼ਕਰ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਧਰ, ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨੀ ਫੌਜ ਕੰਟਰੋਲ ਰੇਖਾ ਤੇ ਅੰਤਰਰਾਸ਼ਟਰੀ ਸਰਹੱਦ 'ਤੇ ਲਗਾਤਾਰ ਗੋਲੀਬਾਰੀ ਕਰ ਰਹੀ ਹੈ। ਜੰਮੂ-ਕਸ਼ਮੀਰ ਦੇ ਪੁੰਛ ਖੇਤਰ ਵਿੱਚ ਹੋਈ ਗੋਲੀਬਾਰੀ ਵਿੱਚ 6 ਨਾਗਰਿਕਾਂ ਦੀ ਮੌਤ ਹੋ ਗਈ ਹੈ ਤੇ 34 ਜ਼ਖਮੀ ਹੋ ਗਏ ਹਨ। ਹਾਲਾਂਕਿ, ਇਸ ਦੀ ਅਜੇ ਪੁਸ਼ਟੀ ਨਹੀਂ ਹੋਈ।






















